1984 ਦੇ ਦੰਗਿਆਂ ''ਚ ਕਾਂਗਰਸ ਦਾ ਕੋਈ ਹੱਥ ਨਹੀਂ ਸੀ

Thursday, Aug 30, 2018 - 06:40 AM (IST)

ਜਲੰਧਰ,  (ਧਵਨ)—  ਐੱਨ. ਸੀ. ਪੀ. ਦੇ ਕੌਮੀ ਜਨਰਲ ਸਕੱਤਰ ਤਾਰਿਕ ਅਨਵਰ ਨੇ ਕਿਹਾ ਹੈ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ 'ਚ ਕਾਂਗਰਸ ਦਾ ਕੋਈ ਹੱਥ ਨਹੀਂ ਸੀ। ਤਾਰਿਕ ਅਨਵਰ ਜੋ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਵੀ ਰਹਿ ਚੁੱਕੇ ਹਨ, ਨੇ ਕਿਹਾ ਕਿ ਕਾਂਗਰਸ ਉਨ੍ਹਾਂ ਦੰਗਿਆਂ 'ਚ ਬਿਲਕੁਲ ਸ਼ਾਮਲ ਨਹੀਂ ਸੀ ਪਰ ਕੁਝ ਪਾਰਟੀ ਆਗੂ ਨਿੱਜੀ ਤੌਰ 'ਤੇ ਸ਼ਾਮਲ ਹੋ ਸਕਦੇ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਤਾਰਿਕ ਅਨਵਰ ਨਾਲ ਮਿਲਦਾ-ਜੁਲਦਾ ਬਿਆਨ ਦਿੱਤਾ ਸੀ ਤੇ ਕਿਹਾ ਸੀ ਕਿ ਕਾਂਗਰਸ ਇਕ ਪਾਰਟੀ ਵਜੋਂ ਸਿੱਖ ਵਿਰੋਧੀ ਦੰਗਿਆਂ 'ਚ ਸ਼ਾਮਲ ਨਹੀਂ ਸੀ।
ਅਨਵਰ ਜੋ ਉਕਤ ਦੰਗਿਆਂ ਸਮੇਂ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸਨ, ਨੇ ਕਿਹਾ ਕਿ ਉਨ੍ਹਾਂ ਖੁਦ ਮੌਕੇ 'ਤੇ ਪਹੁੰਚ ਕੇ ਦੰਗਾਕਾਰੀਆਂ ਨੂੰ ਸ਼ਾਂਤ ਕਰਵਾਇਆ। ਰਾਹੁਲ ਭਾਵੇਂ ਉਸ ਸਮੇਂ ਛੋਟੇ ਸਨ ਪਰ ਉਹ ਵੀ ਕਾਫੀ ਚਿੰਤਿਤ ਸਨ। ਰਾਹੁਲ ਦੇ ਪਿਤਾ ਰਾਜੀਵ ਗਾਂਧੀ ਵੀ ਦੰਗਿਆਂ ਵਾਲੀ ਥਾਂ 'ਤੇ ਗਏ ਸਨ ਅਤੇ ਪੀੜਤ ਲੋਕਾਂ ਨਾਲ ਮੁਲਾਕਾਤ ਕੀਤੀ ਸੀ। 
ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਜਦੋਂ ਦੰਗੇ ਹੋਏ ਸਨ ਤਾਂ ਰਾਹੁਲ ਇਕ ਸਕੂਲੀ ਵਿਦਿਆਰਥੀ ਸਨ, ਫਿਰ ਉਨ੍ਹਾਂ ਨੂੰ ਦੰਗਿਆਂ ਲਈ ਵਿਰੋਧੀ ਪਾਰਟੀਆਂ ਕਿਉਂ ਲਪੇਟਣ ਦੀ ਕੋਸ਼ਿਸ਼ ਕਰ ਰਹੀਆਂ ਹਨ ਤਾਂ ਅਨਵਰ ਨੇ ਕਿਹਾ ਕਿ ਇਨ੍ਹਾਂ ਦੰਗਿਆਂ ਸਬੰਧੀ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਵੱਲੋਂ ਅਫਸੋਸ ਪ੍ਰਗਟਾਇਆ ਜਾ ਚੁੱਕਾ ਹੈ। ਇਸ ਦੇ ਉਲਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਭਾਜਪਾ ਆਗੂਆਂ ਨੇ ਗੁਜਰਾਤ ਦੰਗਿਆਂ ਸਬੰਧੀ ਕੋਈ ਅਫਸੋਸ ਪ੍ਰਗਟ ਨਹੀਂ ਕੀਤਾ। 
ਤਾਰਿਕ ਨੇ ਕਿਹਾ ਕਿ ਮੈਂ 1984 'ਚ ਖੁਦ ਸਭ ਘਟਨਾਵਾਂ ਨੂੰ ਬਾਰੀਕੀ ਨਾਲ ਦੇਖਿਆ ਸੀ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਕਾਂਗਰਸ ਦਾ ਉਕਤ ਘਟਨਾਵਾਂ ਪਿੱਛੇ ਕੋਈ ਹੱਥ ਨਹੀਂ ਸੀ, ਜੇ ਕੋਈ ਵਿਅਕਤੀ ਨਿੱਜੀ ਤੌਰ'ਤੇ ਇਸ 'ਚ ਸ਼ਾਮਲ ਸੀ ਤਾਂ ਉਸ ਲਈ ਪੂਰੀ ਪਾਰਟੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।


Related News