56 ਵਿਦਿਆਰਥੀਆਂ ’ਚੋਂ 16 ਸੁਰੱਖਿਅਤ ਵਤਨ ਪਰਤੇ, 21 ਪੋਲੈਂਡ ਤੇ ਹੰਗਰੀ ਦੀਆਂ ਸਰਹੱਦਾਂ ’ਤੇ ਪਹੁੰਚੇ : ਘਨਸ਼ਿਆਮ ਥੋਰੀ

Friday, Mar 04, 2022 - 07:59 PM (IST)

56 ਵਿਦਿਆਰਥੀਆਂ ’ਚੋਂ 16 ਸੁਰੱਖਿਅਤ ਵਤਨ ਪਰਤੇ, 21 ਪੋਲੈਂਡ ਤੇ ਹੰਗਰੀ ਦੀਆਂ ਸਰਹੱਦਾਂ ’ਤੇ ਪਹੁੰਚੇ : ਘਨਸ਼ਿਆਮ ਥੋਰੀ

ਜਲੰਧਰ (ਚੋਪੜਾ)-ਕਰਨ ਦੇ ਘਰ ਖੁਸ਼ੀ ਦਾ ਉਦੋਂ ਕੋਈ ਟਿਕਾਣਾ ਨਹੀਂ ਰਿਹਾ, ਜਦੋਂ ਉਹ ਸ਼ੁੱਕਰਵਾਰ ਦੀ ਸਵੇਰ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਨਵੀਂ ਦਿੱਲੀ ਵਿਖੇ ਦੂਜੇ ਭਾਰਤੀ ਵਿਦਿਆਰਥੀਆਂ, ਜਿਨ੍ਹਾਂ ’ਚੋਂ ਅੱਠ ਜਲੰਧਰ ਜ਼ਿਲ੍ਹੇ ਦੇ ਹਨ, ਦੇ ਨਾਲ ਸੁਰੱਖਿਅਤ ਵਾਪਸ ਪਹੁੰਚਿਆ। ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰਸ਼ਾਸਨ ਵੱਲੋਂ ਸਥਾਪਿਤ ਜ਼ਿਲ੍ਹਾ ਕੰਟਰੋਲ ਰੂਮ ’ਚ ਯੂਕਰੇਨ ’ਚ 56 ਵਿਦਿਆਰਥੀਆਂ ਦੇ ਫਸੇ ਹੋਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਸੀ, ਜਿਨ੍ਹਾਂ ’ਚੋਂ 16 ਸ਼ੁੱਕਰਵਾਰ ਦੁਪਹਿਰ ਤੱਕ ਸੁਰੱਖਿਅਤ ਵਾਪਸ ਪਰਤ ਆਏ ਹਨ। ਕਰਨ ਦੇ ਪਿਤਾ ਗੁਰਦੀਪ ਲਾਲ, ਜੋ ਸਥਾਨਕ ਕਮਿਸ਼ਨਰੇਟ ਵਿਖੇ ਪੰਜਾਬ ਪੁਲਸ ’ਚ ਇੰਸਪੈਕਟਰ ਹਨ, ਨੇ ਆਪਣੇ ਪੁੱਤਰ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਨਾ ਸਿਰਫ਼ ਉਨ੍ਹਾਂ ਲਈ ਸਗੋਂ ਯੁੱਧ ਪ੍ਰਭਾਵਿਤ ਯੂਕ੍ਰੇਨ ਤੋਂ ਪਰਤੇ ਆਪਣੇ ਬੱਚਿਆਂ ਨੂੰ ਮਿਲਣ ਵਾਲੇ ਸਾਰੇ ਮਾਪਿਆਂ ਲਈ ਖੁਸ਼ੀ ਦੇ ਪਲ ਹਨ। ਐੱਮ. ਬੀ. ਬੀ. ਐੱਸ. ਦੇ ਤੀਜੇ ਸਮੈਸਟਰ ਦੇ ਵਿਦਿਆਰਥੀ ਕਰਨ (22) ਨੇ ਖਾਰਕੀਵ ਵਿਖੇ ਰੂਸੀ ਫੌਜਾਂ ਵੱਲੋਂ ਲਗਾਤਾਰ ਹਮਲਿਆਂ ਦੌਰਾਨ ਮੁਸ਼ਕਿਲ ਹਾਲਾਤ ਬਾਰੇ ਵੀ ਦੱਸਿਆ।

ਇਹ ਵੀ ਪੜ੍ਹੋ : Russia Ukraine War : 9 ਦਿਨ, 9 ਤਸਵੀਰਾਂ : ਹਰ ਪਾਸੇ ਗੋਲੀਬਾਰੀ, ਹੰਝੂ ਤੇ ਆਪਣਿਆਂ ਦੇ ਵਿਛੜਨ ਦਾ ਡਰ

ਉਸ ਨੇ ਦੱਸਿਆ ਕਿ ਜਿਸ ਇਲਾਕੇ ’ਚ ਉਹ ਰਹਿ ਰਹੇ ਸਨ, ਉੱਥੇ ਸਥਿਤੀ ਬਹੁਤ ਖ਼ਰਾਬ ਸੀ ਅਤੇ ਉਨ੍ਹਾਂ ਯੂਕ੍ਰੇਨ ਦੇ ਗੁਆਂਢੀ ਮੁਲਕਾਂ ਦੀਆਂ ਸਰਹੱਦਾਂ ’ਤੇ ਪਹੁੰਚ ਕੇ ਸੁੱਖ ਦਾ ਸਾਹ ਲਿਆ। ਉਸ ਨੇ ਦੱਸਿਆ ਕਿ ਅਸੀਂ ਹੰਗਰੀ ਦੀ ਸਰਹੱਦ 'ਤੇ ਪਹੁੰਚੇ, ਜਿਥੋਂ ਭਾਰਤੀ ਅਥਾਰਟੀ ਨੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਕਰਵਾਈ। ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਲਈ ਤਾਇਨਾਤ ਭਾਰਤੀ ਅਧਿਕਾਰੀਆਂ ਵੱਲੋਂ ਖਾਣ-ਪੀਣ, ਰਹਿਣ-ਸਹਿਣ ਆਦਿ ਸਮੇਤ ਸਾਰੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਅਤੇ ਉਨ੍ਹਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਨਵੀਂ ਦਿੱਲੀ ਲਿਆਂਦਾ ਗਿਆ। ਯੂਕ੍ਰੇਨ ’ਚ ਫਸੇ ਹੋਰ ਵਿਦਿਆਰਥੀਆਂ ਦੀ ਜਲਦੀ ਅਤੇ ਸੁਰੱਖਿਅਤ ਵਾਪਸੀ ਦੀ ਕਾਮਨਾ ਕਰਦਿਆਂ ਗੁਰਦੀਪ ਲਾਲ ਨੇ ਕਿਹਾ ਕਿ ਜਲੰਧਰ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਣਕਾਰੀ ਇਕੱਤਰ ਕਰਨ ਤੇ ਭਾਰਤ ਸਰਕਾਰ ਨਾਲ ਸਾਂਝੀ ਕਰਨ ਲਈ ਕੰਟਰੋਲ ਰੂਮ ਸਥਾਪਿਤ ਕਰਨ ਖਾਤਰ ਤੁਰੰਤ ਕਾਰਵਾਈ ਅਮਲ ’ਚ ਲਿਆਂਦੀ ਗਈ, ਜਿਸ ਨੇ ਯੂਕ੍ਰੇਨ ’ਚ ਫਸੇ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਇਆ।

ਇਹ ਵੀ ਪੜ੍ਹੋ : ਬੰਦੂਕਧਾਰੀ ਬਦਮਾਸ਼ਾਂ ਤੋਂ ਭਾਰਤੀ ਲੜਕੀਆਂ ਦੀ ‘ਇੱਜ਼ਤ’ ਬਚਾਉਣ ਲਈ ਯੂਕ੍ਰੇਨੀ ਔਰਤਾਂ ਨੇ ਚੁੱਕੀਆਂ ‘ਬੰਦੂਕਾਂ’

ਜਲੰਧਰ ਜ਼ਿਲ੍ਹੇ ਦੇ 16 ਵਿਦਿਆਰਥੀਆਂ ਦੀ ਦੋ ਪੜਾਵਾਂ ’ਚ ਵਾਪਸੀ ’ਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੁਲ 56 ਵਿਦਿਆਰਥੀਆਂ ’ਚੋਂ 15 ਪਹਿਲਾਂ ਹੀ ਪੋਲੈਂਡ ਦੀ ਸਰਹੱਦ ’ਤੇ ਅਤੇ 6 ਹੰਗਰੀ ਦੇ ਬਾਰਡਰ 'ਤੇ ਪਹੁੰਚ ਚੁੱਕੇ ਹਨ, ਜਿਨ੍ਹਾਂ ਨੂੰ ਵੀ ਕੁਝ ਦਿਨਾਂ ’ਚ ਨਵੀਂ ਦਿੱਲੀ ਲਿਆਂਦਾ ਜਾ ਰਿਹਾ ਹੈ। ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਚਾਰ ਵਿਦਿਆਰਥੀ ਰੋਮਾਨੀਆ ’ਚ, ਇਕ ਜਰਮਨੀ ਵਿਚ ਅਤੇ ਤਿੰਨ ਸਲੋਵਾਕੀਆ ’ਚ ਹਨ। ਉਨ੍ਹਾਂ ਦੱਸਿਆ ਕਿ ਸੱਤ ਵਿਦਿਆਰਥੀ ਜ਼ਿਲ੍ਹੇ ’ਚ ਆਪਣੇ ਘਰਾਂ ’ਚ ਪਹੁੰਚ ਚੁੱਕੇ ਹਨ, ਜਦਕਿ ਅੱਠ ਨਵੀਂ ਦਿੱਲੀ ਵਿਖੇ ਉਤਰੇ ਹਨ ਅਤੇ ਆਪਣੇ ਘਰਾਂ ਨੂੰ ਪਰਤਣ ਜਾ ਰਹੇ ਹਨ। ਇਨ੍ਹਾਂ ਤੋਂ ਇਲਾਵਾ ਇਕ ਵਿਦਿਆਰਥੀ ਅੰਮ੍ਰਿਤਸਰ ਪਹੁੰਚ ਗਿਆ ਹੈ, ਜਦਕਿ ਸੱਤ ਅਜੇ ਵੀ ਖਾਰਕੀਵ ਤੇ ਪਿਸੋਚਿਨ ਅਤੇ ਇਕ ਲਵੀਵ ਸ਼ਹਿਰ ’ਚ ਫਸਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਫਲਾਈਟ ਰਾਹੀਂ ਦਿੱਲੀ ਪਹੁੰਚਣ ਵਾਲਿਆਂ ’ਚ ਵਿਦਿਆਰਥੀ ਜੈਸਮੀਨ ਕੌਰ, ਸੁਮਿਤ ਨਾਗਰਥ, ਕਰਨ ਕਿਸ਼ੋਰ, ਅਨੀਸ਼ ਕੁਮਾਰ ਬੱਧਨ, ਗੌਰਵ ਲੂਥਰਾ, ਵੰਦਨਾ, ਹਰਪ੍ਰੀਤ ਜੱਸੀ ਅਤੇ ਵਿਕਰਮ ਸ਼ਰਮਾ ਸ਼ਾਮਲ ਹਨ। ਇਸੇ ਤਰ੍ਹਾਂ ਵਿਦਿਆਰਥੀ ਗੌਰਵ ਪਰਾਸ਼ਰ, ਖੁਸ਼ਵਿੰਦਰ ਸਿੰਘ, ਹਰਜੋਤ ਕੌਰ ਮੱਲ੍ਹੀ, ਮਨਿੰਦਰ ਸਿੰਘ, ਵਰੁਣ ਕੁਮਾਰ ਹਰਜਾਈ, ਸ਼ਿਵਾਨੀ ਅਤੇ ਮਿਲਾਪ ਸਿੰਘ ਜਲੰਧਰ ਪਹੁੰਚ ਗਏ ਹਨ, ਜਦਕਿ ਸਮੀਰ ਹੰਸ ਅੰਮ੍ਰਿਤਸਰ ਪਹੁੰਚ ਗਿਆ ਹੈ। ਜਾਣਕਾਰੀ ਦੇਣ ਲਈ ਹੈਲਪਲਾਈਨ ਨੰਬਰ : ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਪਰਿਵਾਰਾਂ, ਜਿਨ੍ਹਾਂ ਦੇ ਮੈਂਬਰ ਅਜੇ ਵੀ ਯੁੱਧ ਪ੍ਰਭਾਵਿਤ ਮੁਲਕ ਯੂਕ੍ਰੇਨ ਵਿੱਚ ਫਸੇ ਹੋਏ ਹਨ, ਨੂੰ ਜ਼ਿਲ੍ਹਾ ਪੱਧਰ ’ਤੇ ਸਥਾਪਿਤ 24 ਘੰਟੇ ਕੰਟਰੋਲ ਰੂਮ 0181-2224417 ਅਤੇ 1100 ’ਤੇ ਸੂਚਨਾ ਦੇਣ ਦੀ ਅਪੀਲ ਵੀ ਕੀਤੀ ।


author

Manoj

Content Editor

Related News