ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਦੇ 153 ਨਵੇਂ ਮਾਮਲੇ ਆਏ ਸਾਹਮਣੇ, 4 ਦੀ ਮੌਤ

Wednesday, Dec 02, 2020 - 11:14 PM (IST)

ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਦੇ 153 ਨਵੇਂ ਮਾਮਲੇ ਆਏ ਸਾਹਮਣੇ, 4 ਦੀ ਮੌਤ

ਲੁਧਿਆਣਾ, (ਸਹਿਗਲ)- ਲਗਭਗ 58 ਦਿਨਾਂ ਤੋਂ ਬਾਅਦ ਕੋਰੋਨਾ ਵਾਇਰਸ ਦੇ ਮਰੀਜ਼ਾਂ ਵਿਚ ਅਚਾਨਕ ਵਾਧਾ ਦਰਜ ਕੀਤਾ ਗਿਆ ਹੈ। ਜ਼ਿਲ੍ਹੇ ਦੇ ਹਸਪਤਾਲਾਂ ’ਚ ਅੱਜ 153 ਪਾਜ਼ੇਟਿਵ ਮਰੀਜ਼ ਸਾਹਮਣੇ ਆਏ, ਜਦੋਂਕਿ ਇਨ੍ਹਾਂ ਵਿਚ 4 ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਮਰੀਜ਼ਾਂ ’ਚ 137 ਮਰੀਜ਼ ਜ਼ਿਲ੍ਹੇ ਨਾਲ ਸਬੰਧਤ ਹੈ, ਜਦੋਂਕਿ 16 ਮਰੀਜ਼ ਦੂਜੇ ਜ਼ਿਲ੍ਹਿਆਂ ਅਤੇ ਰਾਜਾਂ ਦੇ ਰਹਿਣ ਵਾਲੇ ਹਨ, ਜਿਨ੍ਹਾਂ ਚਾਰ ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚ ਸਥਾਨਕ ਮਾਇਆਪੁਰੀ ਟਿੱਬਾ ਰੋਡ ਦਾ ਰਹਿਣ ਵਾਲਾ 70 ਸਾਲਾਂ ਬਜ਼ੁਰਗ ਸ਼ਾਮਲ ਹੈ, ਜੋ ਸੀ. ਐੱਮ. ਸੀ. ਹਸਪਤਾਲ ਵਿਚ ਭਰਤੀ ਸੀ। ਇਸ ਤੋਂ ਇਲਾਵਾ ਹੋਰ ਤਿੰਨ ਮਰੀਜ਼ਾਂ ਨੂੰ ਬਾਹਰੀ ਜ਼ਿਲ੍ਹਿਆਂ ਨਾਲ ਸਬੰਧਤ ਦੱਸਿਆ ਜਾਂਦਾ ਹੈ। ਮਹਾਨਗਰ ਵਿਚ ਪਜ਼ੇਟਿਵ ਮਰੀਜ਼ਾਂ ਦੀ ਗਿਣਤੀ 23079 ਹੋ ਗਈ ਹੈ। ਇਨ੍ਹਾਂ ’ਚੋਂ 908 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 3279 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲ੍ਹਿਆਂ ਜਾਂ ਰਾਜਾਂ ਦੇ ਰਹਿਣ ਵਾਲੇ ਸਨ। ਇਨ੍ਹਾਂ ’ਚੋਂ 389 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਵਲ ਸਰਜਨ ਮੁਤਾਬਕ ਜ਼ਿਲੇ ਵਿਚ 21232 ਮਰੀਜ਼ ਠੀਕ ਹੋ ਚੁੱਕੇ ਹਨ। ਮੌਜੂਦਾ ਵਿਚ 939 ਐਕਟਿਵ ਮਰੀਜ਼ ਰਹਿ ਗਏ ਹਨ। 688 ਮਰੀਜ਼ ਆਈਸੋਲੇਸ਼ਨ ਵਿਚ ਰਹਿ ਰਹੇ ਹਨ।

260 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ’ਚ ਭੇਜਿਆ

ਸਿਹਤ ਵਿਭਾਗ ਨੇ ਅੱਜ ਸਕ੍ਰੀਨਿੰਗ ਉਪਰੰਤ 260 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ’ਚ ਭੇਜਿਆ ਹੈ। ਸਿਹਤ ਅਧਿਕਾਰੀਆਂ ਮੁਤਾਬਕ 3 ਹਫਤਿਆਂ ਤੋਂ ਬਾਅਦ ਹੋਮ ਕੁਆਰੰਟਾਈਨ ’ਚੋਂ ਮਰੀਜ਼ਾਂ ਦੀ ਗਿਣਤੀ ਵਿਚ ਅਚਾਨਕ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੇ 283 ਵਿਅਕਤੀਆਂ ਦੀ ਸਕ੍ਰੀਨਿੰਗ ਕੀਤੀ, ਜਿਸ ’ਚੋਂ 260 ਪਾਜ਼ੇਟਿਵ ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਵਿਚ ਭੇਜਿਆ ਹੈ।

17 ਦਿਨਾਂ ’ਚ 56 ਹੈਲਥ ਕੇਅਰ ਵਰਕਰ ਆ ਚੁੱਕੇ ਹਨ ਪਾਜ਼ੇਟਿਵ

ਪਿਛਲੇ 17 ਦਿਨਾਂ ਵਿਚ 56 ਹੈਲਥ ਕੇਅਰ ਵਰਕਰ ਪਾਜ਼ੇਟਿਵ ਆ ਚੁੱਕੇ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਨਿੱਜੀ ਹਸਪਤਾਲਾਂ ਨਾਲ ਸਬੰਧਤ ਹਨ। ਅੱਜ ਵੀ 10 ਹੈਲਥ ਕੇਅਰ ਵਰਕਰ ਪਾਜ਼ੇਟਿਵ ਆਏ ਹਨ। ਇੰਨੀ ਜ਼ਿਆਦਾ ਗਿਣਤੀ ਵਿਚ ਹੈਲਥ ਕੇਅਰ ਵਰਕਰਾਂ ਦੇ ਪਾਜ਼ੇਟਿਵ ਆਉਣ ਪਿੱਛੇ ਇਹ ਕਾਰਨ ਵੀ ਦੱਸਿਆ ਜਾਂਦਾ ਹੈ ਕਿ ਕਈ ਹਸਪਤਾਲਾਂ ’ਚ ਡਾਕਟਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਕੋਲ ਘੱਟ ਹੀ ਆਉਂਦੇ ਹਨ।

3280 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਜ਼ਿਲੇ ’ਚ ਅੱਜ 3280 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ। ਇਨ੍ਹਾਂ ਵਿਚ 2368 ਸੈਂਪਲ ਸਿਹਤ ਵਿਭਾਗ ਵੱਲੋਂ ਅਤੇ 612 ਸੈਂਪਲ ਨਿੱਜੀ ਹਸਪਤਾਲਾਂ ਅਤੇ ਲੈਬਸ ਵੱਲੋਂ ਇਕੱਠੇ ਕੀਤੇ ਗਏ। ਸਿਹਤ ਵਿਭਾਗ ਵੱਲੋਂ ਭੇਜੇ ਗਏ ਸੈਂਪਲਾਂ ’ਚੋਂ 2188 ਸੈਂਪਲਾਂ ਦੀ ਰਿਪੋਰਟ ਅਜੇ ਪੈਂਡਿੰਗ ਦੱਸੀ ਜਾਂਦੀ ਹੈ। ਅਜਿਹੇ ਵਿਚ ਜੇਕਰ ਮਰੀਜ਼ਾਂ ਦੀ ਗਿਣਤੀ ਵਧਦੀ ਹੈ ਤਾਂ ਸੈਂਪਲਾਂ ਦੀ ਰਿਪੋਰਟ ਵਿਚ ਹੋਰ ਦੇਰ ਸਾਹਮਣੇ ਆ ਸਕਦੀ ਹੈ।


author

Bharat Thapa

Content Editor

Related News