ਲੁਟੇਰਿਆਂ ਨੇ ਕੱਢੀ ਹਾਈ ਅਲਰਟ ਦੀ ਹਵਾ : ਗੋਲੀਆਂ ਚਲਾ ਕੇ ਫੈਕਟਰੀ ਅਕਾਊਟੈਂਟ ਤੋਂ ਲੁੱਟੇ 15 ਲੱਖ ਰੁਪਏ

Thursday, May 12, 2022 - 12:07 PM (IST)

ਲੁਟੇਰਿਆਂ ਨੇ ਕੱਢੀ ਹਾਈ ਅਲਰਟ ਦੀ ਹਵਾ : ਗੋਲੀਆਂ ਚਲਾ ਕੇ ਫੈਕਟਰੀ ਅਕਾਊਟੈਂਟ ਤੋਂ ਲੁੱਟੇ 15 ਲੱਖ ਰੁਪਏ

ਲੁਧਿਆਣਾ (ਰਾਜ) : ਲੁਟੇਰਿਆਂ ਨੇ ਪੁਲਸ ਦੇ ਹਾਈ ਅਲਰਟ ਦੀ ਹਵਾ ਕੱਢਦੇ ਹੋਏ ਦਿਨ-ਦਿਹਾੜੇ ਗੋਲੀਆਂ ਚਲਾ ਕੇ ਫੋਕਲ ਪੁਆਇੰਟ ਸਥਿਤ ਇਕ ਫੈਕਟਰੀ ’ਚ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ। 2 ਮੋਟਰਸਾਈਕਲ ’ਤੇ ਆਏ 6 ਲੁਟੇਰਿਆਂ ਨੇ ਫੈਕਟਰੀ ਅੰਦਰ ਅਕਾਊਟੈਂਟ ਨੂੰ ਗੰਨ ਪੁਆਇੰਟ ’ਤੇ ਲੈ ਕੇ 15 ਲੱਖ ਰੁਪਏ ਲੁੱਟ ਲਏ । ਜਦੋਂ ਵਰਕਰਾਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਲੁਟੇਰਿਆਂ ਨੇ ਹਵਾਈ ਫਾਇਰ ਕਰ ਦਿੱਤੇ। ਵਾਰਦਾਤ ਸਮੇਂ ਅਕਾਊਟੈਂਟ ਵਰਕਰਾਂ ਨੂੰ ਤਨਖ਼ਾਹ ਵੰਡ ਰਿਹਾ ਸੀ। ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ, ਜੁਆਇੰਟ ਸੀ. ਪੀ. ਰਵਰਚਨ ਸਿੰਘ ਬਰਾੜ, ਡੀ. ਸੀ. ਪੀ. ਸੁਰਿੰਦਰ ਸਿੰਘ ਬਰਾੜ ਸਮੇਤ ਕਈ ਥਾਣਿਆਂ ਦੀ ਪੁਲਸ ਮੌਕੇ ’ਤੇ ਪੁੱਜ ਗਈ। ਇਹ ਵਾਰਦਾਤ ਦੁਪਹਿਰ ਲਗਭਗ ਡੇਢ ਵਜੇ ਦੀ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ :- ਵਧਦੀ ਮਹਿੰਗਾਈ : ਨਾਸ਼ਤਾ-ਡਿਨਰ, ਘਰ ਤੋਂ ਲੈ ਕੇ ਆਫਿਸ ਤੱਕ ਦੀਆਂ ਚੀਜ਼ਾਂ ਦੀਆਂ ਕੀਮਤਾਂ 100 ਫੀਸਦੀ ਤੱਕ ਵਧੀਆਂ

ਫੋਕਲ ਪੁਆਇੰਟ ਦੇ ਫੇਸ-7 ਵਿਚ ਫਾਰੇਨਹੀਟ ਕਲਾਥਿੰਗ ਇੰਡੀਆ ਪ੍ਰਾਈਵੇਟ ਲਿਮ. ਦੇ ਨਾਂ ਨਾਲ ਫੈਕਟਰੀ ਹੈ, ਜਿੱਥੇ ਕੱਪੜੇ ਦਾ ਕਾਰੋਬਾਰ ਹੁੰਦਾ ਹੈ।ਮਿਲੀ ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਫੈਕਟਰੀ ਦੇ ਅਕਾਊਟੈਂਟ ਅਰੁਣ ਕੁਮਾਰ ਅਤੇ ਪ੍ਰਦੀਪ ਕੁਮਾਰ ਨੇ ਬੈਂਕ ਤੋਂ 18 ਲੱਖ ਰੁਪਏ ਦੀ ਨਕਦੀ ਕੱਢਵਾਈ ਸੀ ਤਾਂ ਜੋ ਮਜ਼ਦੂਰਾਂ ਨੂੰ ਤਨਖ਼ਾਹ ਦਿੱਤੀ ਜਾ ਸਕੇ। ਦੁਪਹਿਰ ਦੇ ਲਗਭਗ ਡੇਢ ਵਜੇ ਪਹਿਲੀ ਮੰਜ਼ਿਲ ’ਤੇ ਬਣੇ ਆਪਣੇ ਆਫਿਸ ’ਚ ਦੋਵੇਂ ਅਕਾਊਟੈਂਟ ਮਜ਼ਦੂਰਾਂ ਨੂੰ ਤਨਖ਼ਾਹ ਵੰਡ ਰਹੇ ਸਨ। ਇਸ ਦੌਰਾਨ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ 6 ਲੁਟੇਰੇ ਫੈਕਟਰੀ ਦੇ ਬਾਹਰ ਪੁੱਜੇ। ਲੁਟੇਰਿਆਂ ਨੇ ਮੂੰਹ ਨੂੰ ਕੱਪੜੇ ਨਾਲ ਢੱਕਿਆ ਹੋਇਆ ਸੀ ਤਾਂ ਕਿ ਉਨ੍ਹਾਂ ਦੀ ਪਛਾਣ ਨਾ ਹੋ ਸਕੇ। ਉਨ੍ਹਾਂ ਵਿਚੋਂ 5 ਲੁਟੇਰੇ  ਫੈਕਟਰੀ ਅੰਦਰ ਆ ਗਏ, ਜਦਕਿ 1 ਬਾਹਰ ਹੀ ਖੜ੍ਹਾ ਰਿਹਾ। ਉਸ ’ਚੋਂ 3 ਲੁਟੇਰੇ ਪਹਿਲੀ ਮੰਜ਼ਿਲ ’ਤੇ ਬਣੇ ਅਕਾਊਂਟ ਰੂਮ ’ਚ ਚਲੇ ਗਏ। ਜਦਕਿ 2 ਨੇ ਹੇਠਾਂ ਖੜ੍ਹੇ ਰਹਿ ਕੇ ਬਾਕੀ ਲੋਕਾਂ ਨੂੰ ਗੰਨ ਪੁਆਇੰਟ ’ਤੇ ਲਿਆ ਸੀ। ਉੱਪਰ ਗਏ ਲੁਟੇਰਿਆਂ ਨੇ ਅਕਾਊਟੈਂਟ ਨੂੰ ਗੰਨ ਪੁਆਇੰਟ ’ਤੇ ਰੱਖ ਕੇ ਅਤੇ ਡਰਾ-ਧਮਕਾ ਕੇ ਪੈਸਿਆਂ ਵਾਲਾ ਬੈਗ ਖੋਹ ਲਿਆ। ਜਦੋਂ ਬੈਗ ਲੈ ਕੇ ਭੱਜਣ ਲੱਗੇ ਤਾਂ ਅਕਾਊਟੈਂਟ ਅਤੇ ਹੋਰ ਵਰਕਰਾਂ ਨੇ ਉਨ੍ਹਾਂ ਨੂੰ ਫੜਨ ਦਾ ਕੋਸ਼ਿਸ਼ ਕੀਤਾ ਪਰ  ਇਸ ਮੌਕੇ ਲੁਟੇਰਿਆਂ ਨੇ ਦੋ ਹਵਾਈ ਫਾਇਰ ਕਰ ਦਿੱਤੇ। ਇਸ ਤੋਂ ਬਾਅਦ ਲੁਟੇਰੇ ਮੋਟਰਸਾਈਕਲ ’ਤੇ ਬੈਠ ਕੇ ਫਰਾਰ ਹੋ ਗਏ। ਫੈਕਟਰੀ ’ਚ ਕੋਈ ਸੀ. ਸੀ. ਟੀ. ਵੀ. ਕੈਮਰੇ ਨਹੀਂ ਲੱਗੇ ਸਨ।

ਇਹ ਵੀ ਪੜ੍ਹੋ :- ਮੋਹਾਲੀ ’ਚ ਧਮਾਕੇ ਤੋਂ ਬਾਅਦ ਕਾਂਗਰਸ ਦੀ ਮਾਨ ਨੂੰ ਸਲਾਹ, ਆਪਣੀਆਂ ਪ੍ਰਾਥਮਿਕਤਾਵਾਂ ਨੂੰ ਸਹੀ ਦਿਸ਼ਾ ’ਚ ਬਦਲੋ

ਜਾਣਕਾਰੀ ਮੁਤਾਬਕ ਲੁਟੇਰਿਆਂ ਦੀ ਉਮਰ 22 ਤੋਂ 25 ਸਾਲ ਦੀ ਦੱਸੀ ਜਾ ਰਹੀ ਹੈ। ਲੁਟੇਰਿਆਂ ਕੋਲ ਦੇਸੀ ਕੱਟਾ ਸੀ। ਉਨ੍ਹਾਂ ਮੌਕੇ ’ਤੇ ਹਵਾਈ ਫਾਇਰ ਵੀ ਕੀਤੇ ਸਨ।  ਇਸ ਦੇ ਨਾਲ ਹੀ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ। ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਯਕੀਨ ਦਿੱਤਾ ਹੈ ਪ੍ਰਸ਼ਾਸ਼ਨ ਵਲੋਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News