ਪਿੰਡ ਠੱਠਾ ਬਣਿਆ ਨਸ਼ੇ ਦਾ ਗੜ੍ਹ, 14 ਸਾਲਾ ਦੇ ਬੱਚੇ ਵੀ ਆਉਣ ਲਗੇ ਹੈਰੋਇਨ ਦੀ ਗ੍ਰਿਫਤ ’ਚ
Tuesday, Mar 30, 2021 - 10:00 PM (IST)
ਵਲਟੋਹਾ, (ਗੁਰਮੀਤ ਸਿੰਘ)— ਇਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਨਸ਼ੇ 'ਤੇ ਕੰਟਰੋਲ ਕਰਨ ਲਈ ਵੱਖ-ਵੱਖ ਟੀਮਾਂ ਦੇ ਗਠਨ ਕੀਤੇ ਹੋਏ ਹਨ ਪਰ ਜ਼ਮੀਨੀ ਪੱਧਰ ‘ਤੇ ਇਸ ਦੀ ਹਕੀਕਤ ਕੁੱਝ ਹੋਰ ਹੀ ਦਿਖਾਈ ਦਿੰਦੀ ਹੈ ਕਿਉਂਕਿ ਪੰਜਾਬ ਦੇ ਕਈ ਐਸੇ ਪਿੰਡ ਹਨ ਜਿਨ੍ਹਾਂ ਵਿਚ ਸ਼ਰ੍ਹੇਆਮ ਹੈਰੋਇਨ ਅਤੇ ਸਮੈਕ ਲੋਕ ਮੋਟਰਸਾਈਕਲਾਂ 'ਤੇ ਖੜ੍ਹ ਕੇ ਵੇਚ ਰਹੇ ਹਨ ਪਰ ਪੁਲਸ ਪ੍ਰਸ਼ਾਸਨ ਉਨ੍ਹਾਂ 'ਤੇ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਵੱਲ ਧਿਆਨ ਹੀ ਨਹੀਂ ਦੇ ਰਿਹਾ। ਐਸੀ ਹੀ ਇਕ ਮਿਸਾਲ ਮਿਲਦੀ ਹੈ ਵਿਧਾਨ ਸਭਾ ਹਲਕਾ ਖੇਮਕਰਨ ਦੇ ਥਾਣਾ ਸਦਰ ਪੱਟੀ ਅਤੇ ਪੁਲਸ ਚੌਕੀ ਘਰਿਆਲਾ ਦੇ ਅਧੀਨ ਪੈਂਦੇ ਪਿੰਡ ਠੱਠਾ ਤੋਂ ਜਿਥੇ ਕਿ ਸ਼ਰ੍ਹੇਆਮ ਹੈਰੋਇਨ ਅਤੇ ਸਮੈਕ ਲੋਕ ਮੋਟਰਸਾਈਕਲਾਂ 'ਤੇ ਖੜ੍ਹ ਕੇ ਵੇਚ ਰਹੇ ਹਨ ਪਰ ਇਥੋਂ ਦਾ ਪੁਲਸ ਪ੍ਰਸ਼ਾਸਨ ਉਨ੍ਹਾਂ ਨੂੰ ਫੜਨ ਦੀ ਬਜਾਏ ਉਨ੍ਹਾਂ ਦੀ ਪਿੱਠ ਥਾਪੜਦਾ ਨਜਰ ਆ ਰਿਹਾ ਹੈ। ਇਸ ਸੰਬੰਧੀ ਜਦ ਪਿੰਡ ਠੱਠੇ ਦੀਆਂ ਕੁਝ ਔਰਤਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਵਿਚ ਦੱਸਿਆ ਕਿ ਪਿੰਡ ਵਿਚ ਸ਼ਰ੍ਹੇਆਮ ਹੈਰੋਇਨ ਸਮੈਕ ਦਾ ਕਾਰੋਬਾਰ ਜੰਗੀ ਪੱਧਰ 'ਤੇ ਹੋ ਰਿਹਾ ਹੈ ਉਨ੍ਹਾਂ ਕਿਹਾ ਕਿ ਇਸ ਸਬੰਧੀ ਕਈ ਵਾਰ ਇੱਥੋਂ ਦੀ ਪੁਲਸ ਨੂੰ ਜਾਣੂ ਕਰਵਾਇਆ ਗਿਆ ਪਰ ਪੁਲਸ ਪ੍ਰਸ਼ਾਸਨ ਕੋਈ ਵੀ ਕਾਰਵਾਈ ਕਰਨ ਦੀ ਬਜਾਏ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਹੈ। ਔਰਤਾਂ ਨੇ ਦੱਸਿਆ ਕਿ ਇਸ ਨਸ਼ੇ ਦੀ ਲਪੇਟ ਵਿਚ ਬਾਰਾਂ ਤੋਂ ਚੌਦਾਂ ਸਾਲ ਦੇ ਬਚੇ ਵੀ ਆ ਚੁੱਕੇ ਹਨ ਅਤੇ ਸ਼ਰ੍ਹੇਆਮ ਕੁਝ ਵਿਅਕਤੀ ਇੱਥੇ ਹੈਰੋਇਨ ਦਾ ਕਾਰੋਬਾਰ ਕਰ ਰਹੇ ਹਨ ਪਰ ਪੁਲਸ ਪ੍ਰਸ਼ਾਸਨ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਇਸ ਪਿੰਡ ਵਿਚ ਇਨ੍ਹੇ ਜੰਗੀ ਪੱਧਰ ‘ਤੇ ਇਹ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ ਪਰ ਪੁਲਸ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਹੈ। ਉਨ੍ਹਾਂ ਜ਼ਿਲ੍ਹਾ ਤਰਨਤਾਰਨ ਦੇ ਐੱਸ.ਐੱਸ.ਪੀ. ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪਿੰਡ ਵੱਲ ਖਾਸ ਧਿਆਨ ਦਿੱਤਾ ਜਾਵੇ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ‘ਤੇ ਸ਼ਿਕੰਜਾ ਕੱਸਿਆ ਜਾਵੇ।
ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਬਾਜ਼ਾਰ ਮਾਈ ਹੀਰਾਂ ਗੇਟ ’ਚ ਫੈਲੀ ਸਨਸਨੀ, ਦਹਿਸ਼ਤ ’ਚ ਆਏ ਲੋਕ
ਉਧਰ ਜਦ ਇਸ ਸਬੰਧੀ ਪਿੰਡ ਦੇ ਸਰਪੰਚ ਡਾ. ਸੁਖਬੀਰ ਸਿੰਘ ਬਾਜਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋ ਵਿਅਕਤੀ ਪਿੰਡ ਵਿਚ ਨਸ਼ੇ ਦਾ ਕਾਰੋਬਾਰ ਕਰਦੇ ਹਨ, ਉਨ੍ਹਾਂ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ 'ਤੇ ਪੁਲਸ ਜਲਦ ਤੋਂ ਜਲਦ ਕਾਰਵਾਈ ਕਰਕੇ ਉਨ੍ਹਾਂ ਦੇ ਪਿੰਡ ਨੂੰ ਨਸ਼ਾਮੁਕਤ ਬਣਾਵੇ। ਜਦ ਇਸ ਸਬੰਧੀ ਪੁਲਸ ਚੌਕੀ ਘਰਿਆਲਾ ਦੇ ਇੰਚਾਰਜ ਐੱਸ.ਆਈ ਅੰਮ੍ਰਿਤਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇ ਸਾਨੂੰ ਪਤਾ ਲੱਗਾ ਤਾਂ ਅਸੀਂ ਪੂਰੀ ਕਾਰਵਾਈ ਕਰਾਗੇਂ। ਇਸ ਸਬੰਧੀ ਜਦ ਥਾਣਾ ਸਦਰ ਪੱਟੀ ਦੇ ਐੱਸ.ਐੱਚ.ਓ. ਹਰਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਪਹਿਲੇ ਦਿਨ ਮੇਰੇ ਧਿਆਨ ਵਿੱਚ ਆਇਆ ਹੈ ਮੈਂ ਇਸ 'ਤੇ ਜਲਦੀ ਹੀ ਕਾਰਵਾਈ ਕਰਾਂਗਾ।
ਇਹ ਵੀ ਪੜ੍ਹੋ : ਪੰਜਾਬ 'ਚ ਮੰਗਲਵਾਰ ਨੂੰ ਕੋਰੋਨਾ ਦੇ 2210 ਨਵੇਂ ਮਾਮਲੇ ਆਏ ਸਾਹਮਣੇ, 65 ਦੀ ਮੌਤ
ਜ਼ਿਲ੍ਹਾ ਤਰਨਤਾਰਨ ਦੇ ਐੱਸ.ਪੀ. ਜਗਜੀਤ ਸਿੰਘ ਵਾਲੀਆ ਨਾਲ ਰਾਬਤਾ ਕਰਨ 'ਤੇ ਉਨ੍ਹਾਂ ਕਿਹਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ 'ਤੇ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਨੇ ਬਿਲਕੁਲ ਢਿੱਲ ਨਹੀਂ ਵਰਤੀ। ਉਨ੍ਹਾਂ ਕਿਹਾ ਕਿ ਜੇ ਇਸ ਮਾਮਲੇ ’ਚ ਵੀ ਜੋ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਤੇ ਵੀ ਕਾਰਵਾਈ ਹੋਵੇਗੀ ਅਤੇ ਉਨ੍ਹਾਂ ਵੱਲੋਂ ਤੁਰੰਤ ਟੀਮਾਂ ਬਣਾ ਕੇ ਪਿੰਡ ਦੀ ਸਰਚ ਕਰਵਾਈ ਜਾ ਰਹੀ ਹੈ।