ਸਹੇਲੀ ਦੀ ਮੌਤ ਤੋਂ ਪ੍ਰੇਸ਼ਾਨ 13 ਸਾਲਾ ਵਿਦਿਆਰਥਣ ਨੇ ਲਿਆ ਫਾਹ
Sunday, Feb 07, 2021 - 12:48 AM (IST)

ਲੁਧਿਆਣਾ, (ਰਾਜ)- ਤਿੰਨ ਦਿਨ ਬਾਅਦ ਆਉਣ ਵਾਲੇ ਜਨਮਦਿਨ ਦੀਆਂ ਤਿਆਰੀਆਂ ’ਚ ਲੱਗੀ 8ਵੀਂ ਦੀ ਵਿਦਿਆਰਥਣ ਨੇ ਅਚਾਨਕ ਸ਼ੱਕੀ ਹਾਲਤ ’ਚ ਫਾਹ ਲਾ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਉਦੋਂ ਲੱਗਾ, ਜਦੋਂ ਪਿਤਾ ਉਸ ਦੇ ਕਮਰੇ ’ਚ ਦੇਖਣ ਲਈ ਗਿਆ। ਮ੍ਰਿਤਕ ਗੁਰਕੀਰਤ ਕੌਰ (13) ਹੈ, ਜੋ ਕਿ ਮੁਹੱਲਾ ਗੁਰੂ ਨਾਨਕ ਨਗਰ ਦੀ ਰਹਿਣ ਵਾਲੀ ਹੈ। ਮੌਕੇ ’ਤੇ ਪੁੱਜੀ ਥਾਣਾ ਡਾਬਾ ਦੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਈ।
ਜਾਣਕਾਰੀ ਦਿੰਦੇ ਹੋਏ ਥਾਣਾ ਡਾਬਾ ਦੇ ਐੱਸ. ਐੱਚ. ਓ. ਮਹਿਮਾ ਸਿੰਘ ਨੇ ਦੱਸਿਆ ਕਿ ਗੁਰਕੀਰਤ ਕੌਰ ਇਕ ਪ੍ਰਾਈਵੇਟ ਸਕੂਲ ’ਚ 8ਵੀਂ ਕਲਾਸ ਦੀ ਵਿਦਿਆਰਥਣ ਸੀ। ਉਸ ਦੇ ਪਿਤਾ ਗੁਰਦੀਪ ਸਿੰਘ ਸਕਿਓਰਿਟੀ ਕੰਪਨੀ ਚਲਾਉਂਦੇ ਹਨ। ਪਰਿਵਾਰ ਮੁਤਾਬਕ 9 ਫਰਵਰੀ ਨੂੰ ਗੁਰਕੀਰਤ ਦਾ ਜਨਮ ਦਿਨ ਸੀ। ਉਹ ਆਪਣੇ ਜਨਮ ਦਿਨ ਦੀਆਂ ਤਿਆਰੀਆਂ ਕਰ ਰਹੀ ਸੀ ਪਰ ਉਸ ਦੀ ਇਕ ਸਹੇਲੀ ਸੀ, ਜਿਸ ਦੀ ਬੀਮਾਰੀ ਕਾਰਣ ਇਕ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ, ਜਿਸ ਨਾਲ ਕਾਫੀ ਲਗਾਅ ਹੋਣ ਕਾਰਣ ਮੌਤ ਤੋਂ ਬਾਅਦ ਗੁਰਕੀਰਤ ਕਾਫੀ ਪ੍ਰੇਸ਼ਾਨ ਰਹਿ ਰਹੀ ਸੀ। ਸ਼ੁੱਕਰਵਾਰ ਦੀ ਰਾਤ ਉਸ ਦੇ ਘਰ ਰਿਸ਼ਤੇਦਾਰ ਆਏ ਹੋਏ ਸਨ। ਇਸ ਦੌਰਾਨ ਵੀ ਉਹ ਆਪਣੀ ਸਹੇਲੀ ਦੀ ਫੋਟੋ ਦੇਖ ਕੇ ਪੁਰਾਣੇ ਦਿਨ ਯਾਦ ਕਰ ਰਹੀ ਸੀ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜਦੋਂ ਸਾਰੇ ਸੋਣ ਦੀ ਤਿਆਰੀ ਕਰ ਰਹੇ ਸਨ ਤਾਂ ਗੁਰਕੀਰਤ ਪਹਿਲੀ ਮੰਜ਼ਿਲ ’ਤੇ ਬਣੇ ਰੂਮ ਤੋਂ ਰਜਾਈ ਲੈਣ ਗਈ ਸੀ ਪਰ ਉਹ ਕਾਫੀ ਸਮੇਂ ਤੱਕ ਥੱਲੇ ਨਹੀਂ ਆਈ। ਜਦੋਂ ਉਸ ਦੇ ਪਿਤਾ ਉਸ ਨੂੰ ਬੁਲਾਉਣ ਲਈ ਉੱਪਰ ਕਮਰੇ ’ਚ ਗਏ ਤਾਂ ਅੰਦਰ ਬੇਟੀ ਨੂੰ ਫਾਹੇ ਨਾਲ ਲਟਕਦਾ ਦੇਖਿਆ। ਇਸ ਤੋਂ ਬਾਅਦ ਉਸ ਨੂੰ ਪਰਿਵਾਰ ਦੀ ਮਦਦ ਨਾਲ ਤੁਰੰਤ ਥੱਲੇ ਉਤਾਰਿਆ ਅਤੇ ਨੇੜੇ ਹੀ ਪ੍ਰਾਈਵੇਟ ਹਸਪਤਾਲ ’ਚ ਲੈ ਗਏ। ਜਿੱਥੇ ਡਾਕਟਰਾਂ ਨੇ ਨਾਬਾਲਗਾ ਨੂੰ ਮ੍ਰਿਤਕ ਐਲਾਨ ਦਿੱਤਾ।
ਇੰਸਪੈਕਟਰ ਮਹਿਮਾ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਮ੍ਰਿਤਕਾ ਦੀ ਲਾਸ਼ ਦਾ ਤਿੰਨ ਡਾਕਟਰਾਂ ਦੇ ਬੋਰਡ ਵੱਲੋਂ ਪੋਸਟਮਾਰਟਮ ਕਰਵਾਇਆ ਗਿਆ। ਪੁਲਸ ਦਾ ਕਹਿਣਾ ਹੈ ਕਿ ਗੁਰਕੀਰਤ ਸਹੇਲੀ ਦੀ ਮੌਤ ਤੋਂ ਪ੍ਰੇਸ਼ਾਨ ਸੀ, ਜਿਸ ਕਾਰਣ ਉਸ ਨੇ ਇੰਨਾ ਵੱਡਾ ਕਦਮ ਚੁੱਕਿਆ।