ਰੇਲ ਆਵਾਜਾਈ ’ਤੇ ‘ਕੋਰੋਨਾ’ ਦਾ ਅਸਰ ਸ਼ੁਰੂ, 12 ਜੋੜੀ ਰੇਲ ਗੱਡੀਆਂ ਕੀਤੀਆਂ ਰੱਦ

Saturday, May 08, 2021 - 11:58 AM (IST)

ਰੇਲ ਆਵਾਜਾਈ ’ਤੇ ‘ਕੋਰੋਨਾ’ ਦਾ ਅਸਰ ਸ਼ੁਰੂ, 12 ਜੋੜੀ ਰੇਲ ਗੱਡੀਆਂ ਕੀਤੀਆਂ ਰੱਦ

ਫਿਰੋਜ਼ਪੁਰ (ਮਲਹੋਤਰਾ) : ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਪ੍ਰਭਾਵ ਇਕ ਵਾਰ ਫਿਰ ਰੇਲ ਆਵਾਜਾਈ ’ਤੇ ਪੈਣਾ ਸ਼ੁਰੂ ਹੋ ਗਿਆ ਹੈ। ਰੇਲਵੇ ਮਹਿਕਮੇ ਨੇ ਮੁਸਾਫਰਾਂ ਦੀ ਬਹੁਤ ਘੱਟ ਗਿਣਤੀ ਨੂੰ ਦੇਖਦੇ ਹੋਏ ਫਿਰੋਜ਼ਪੁਰ ਮੰਡਲ ਨਾਲ ਸਬੰਧਤ 12 ਜੋਡ਼ੀ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ। ਡੀ. ਆਰ. ਐੱਮ. ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਦਾ ਅਸਰ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਇਸ ਦੀ ਸਮਾਪਤੀ ਕਦ ਹੋਵੇਗੀ, ਕਿਸੇ ਨੂੰ ਕੁਝ ਵੀ ਪਤਾ ਨਹੀਂ। ਬਾਵਜੂਦ ਇਸ ਦੇ ਰੇਲਵੇ ਮਹਿਕਮਾ ਇਸ ਕੋਸ਼ਿਸ਼ ’ਚ ਲੱਗਾ ਹੋਇਆ ਹੈ ਕਿ ਮੁਸਾਫਰਾਂ ਨੂੰ ਜ਼ਰੂਰੀ ਆਵਾਜਾਈ ’ਚ ਕੋਈ ਮੁਸ਼ਕਿਲ ਨਾ ਪੇਸ਼ ਆਵੇ। ਰਾਜ ਸਰਕਾਰਾਂ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਬਾਹਰੀ ਰਾਜਾਂ ਤੋਂ ਪੰਜਾਬ ’ਚ ਆਉਣ ਵਾਲੇ ਰੇਲ ਮੁਸਾਫਰਾਂ ਦਾ ਪਹਿਲਾਂ ਕੋਵਿਡ-19 ਟੈਸਟ ਜ਼ਰੂਰੀ ਕਰ ਦਿੱਤਾ ਗਿਆ ਹੈ। ਫਿਰੋਜ਼ਪੁਰ ਮੰਡਲ ’ਚ ਜ਼ਿਆਦਾਤਰ ਰੇਲ ਗੱਡੀਆਂ ਜੰਮੂ-ਕਸ਼ਮੀਰ ਰਾਜ ਤੋਂ ਆਉਂਦੀਆਂ ਹਨ ਤੇ ਉਥੇ ਤਿੰਨਾਂ ਪ੍ਰਮੁੱਖ ਰੇਲਵੇ ਸਟੇਸ਼ਨਾਂ ਕੱਟਡ਼ਾ, ਊਧਮਪੁਰ ਅਤੇ ਜੰਮੂਤਵੀ ’ਚ ਕੋਵਿਡ-19 ਟੈਸਟ ਸੈਂਟਰ ਸਥਾਪਤ ਕਰ ਦਿੱਤੇ ਗਏ ਹਨ ਤੇ ਹਰ ਮੁਸਾਫਰ ਦਾ ਟੈਸਟ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ’ਚ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤੀ ਅਪੀਲ 

ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਕਾਰਨ ਪਿਛਲੇ ਸਾਲ ਲਗਭਗ ਬੰਦ ਰਹੀ ਰੇਲ ਆਵਾਜਾਈ ਨੂੰ ਹੌਲੀ-ਹੌਲੀ ਸ਼ੁਰੂ ਕੀਤਾ ਗਿਆ ਸੀ ਪਰ ਇਕ ਵਾਰ ਫਿਰ ਇਸ ਮਹਾਮਾਰੀ ਦਾ ਗੰਭੀਰ ਰੂਪ ਸਾਹਮਣੇ ਆ ਰਿਹਾ ਹੈ, ਜਿਸ ਕਾਰਨ ਰੇਲ ਗੱਡੀਆਂ ’ਚ ਮੁਸਾਫਰਾਂ ਦੀ ਗਿਣਤੀ ਕਾਫੀ ਘੱਟ ਰਹਿ ਗਈ ਹੈ। ਮਹਿਕਮੇ ਵੱਲੋਂ ਉਨ੍ਹਾਂ ਗੱਡੀਆਂ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਜਿਨਾਂ ’ਚ ਮੁਸਾਫਰਾਂ ਦੀ ਗਿਣਤੀ ਬਿਲਕੁਲ ਨਾਮਾਤਰ ਹੈ। ਇਸੇ ਲਡ਼ੀ ’ਚ ਰੇਲ ਮੰਡਲ ਫਿਰੋਜ਼ਪੁਰ ਨਾਲ ਸਬੰਧਤ 12 ਜੋਡ਼ੀ ਰੇਲਗੱਡੀਆਂ, ਜਿਨਾਂ ’ਚ ਅੰਮ੍ਰਿਤਸਰ-ਨਵੀ ਦਿੱਲੀ ਸ਼ਤਾਬਦੀ, ਜੰਮੂਤਵੀ-ਦਿੱਲੀ ਸਰਾਏ ਰੋਹਿਲਾ, ਯੋਗ ਨਗਰੀ ਰਿਸ਼ੀਕੇਸ਼-ਹਜੂਰ ਸਾਹਿਬ ਨਾਂਦੇਡ਼, ਮਾਤਾ ਵੈਸ਼ਨੋ ਦੇਵੀ ਕੱਟਡ਼ਾ-ਨਵੀਂ ਦਿੱਲੀ, ਕੱਟਡ਼ਾ-ਰਿਸ਼ੀਕੇਸ਼, ਕਟਡ਼ਾ-ਅਹਿਮਦਾਬਾਦ, ਕੱਟਡ਼ਾ-ਡਾ. ਅੰਬੇਡਕਰ ਨਗਰ, ਫਿਰੋਜ਼ਪੁਰ-ਮੋਹਾਲੀ ਆਦਿ ਰੇਲ ਗੱਡੀਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਡੀ. ਆਰ. ਐੱਮ. ਨੇ ਕਿਹਾ ਕਿ ਜਿਵੇਂ ਹੀ ਸਥਿਤੀ ’ਚ ਸੁਧਾਰ ਹੋਵੇਗਾ, ਇਨ੍ਹਾਂ ਰੇਲ ਗੱਡੀਆਂ ਨੂੰ ਦੁਬਾਰਾ ਬਹਾਲ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਆਕਸੀਜਨ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ’ਤੇ ਹਾਈ ਕੋਰਟ ਸਖਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
 


author

Anuradha

Content Editor

Related News