''ਜਗਬਾਣੀ'' ਦੇ ਸਹਿਯੋਗ ਨਾਲ 11ਵੀਂ ਵਾਈ. ਐੱਫ. ਸੀ. ਐੈਜ਼ੂ ਫੁੱਟਬਾਲ ਤੇ ਖੇਡ ਲੀਗ ਮਹਾਕੁੰਭ ਦਾ ਸ਼ਾਨਦਾਰ ਆਗਾਜ਼
Tuesday, Dec 12, 2023 - 02:05 PM (IST)
ਜਲੰਧਰ (ਮਹੇਸ਼) : 'ਜਗ ਬਾਣੀ' ਦੇ ਸਹਿਯੋਗ ਨਾਲ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵੱਲੋਂ ਪਿਛਲੇ ਸਮੇਂ ਤੋਂ ਬੱਚਿਆਂ ਅਤੇ ਖਿਡਾਰੀਆਂ ਦੇ ਸਰਵਪੱਖੀ ਵਿਕਾਸ ਲਈ ਚਲਾਈ ਜਾ ਰਹੀ ਐਜ਼ੂਕੇਸ਼ਨਲ ਫੁੱਟਬਾਲ ਅਤੇ ਖੇਡ ਲੀਗ ਆਪਣੇ 11ਵੇਂ ਸਾਲ ਵਿੱਚ ਦਾਖ਼ਲ ਹੋ ਗਈ ਹੈ। ਇਸ ਲੀਗ ਦਾ ਸ਼ਾਨਦਾਰ ਆਗਾਜ਼ ਕਰਦੇ ਹੋਏ ਪਹਿਲੇ ਪੜਾਅ ਵਿਚ 32 ਟੀਮਾਂ ਦੇ ਮੈਚ ਹੋਏ। ਜ਼ਿਕਰਯੋਗ ਹੈ ਕਿ ਇਹ ਲੀਗ ਪੰਜਾਬ ਵਿਚ ਕਿਸੇ ਕਲੱਬ ਵੱਲੋਂ ਆਪਣੇ ਤੌਰ ’ਤੇ ਚਲਾਈ ਜਾ ਰਹੀ ਨਿਵੇਕਲੀ ਲੀਗ ਹੈ, ਜਿਸ ਵਿਚ ਪੰਜਾਬ ਤੋਂ ਵੱਖ-ਵੱਖ ਜ਼ਿਲ੍ਹਿਆਂ ਦੇ ਕਲੱਬ ਨਾਲ ਰਜਿਸਟਰਡ ਸੈਂਟਰਾਂ ਦੇ ਖਿਡਾਰੀ ਲੀਗ ਆਧਾਰਿਤ ਮੈਚ ਖੇਡਦੇ ਹਨ।
ਇਸ ਲੀਗ ਵਿੱਚ ਵੱਖ-ਵੱਖ ਉਮਰ ਵਰਗ ਦੇ ਕਲੱਬ ਨਾਲ ਰਜਿਸਟਰਡ ਮੁੰਡੇ ਅਤੇ ਕੁੜੀਆਂ ਜਿਵੇਂ 10, 12, 14, 16, 18 ਅਤੇ ਸੀਨੀਅਰ ਹਿੱਸਾ ਲੈਂਦੇ ਹਨ। ਇਸ ਲੀਗ ਦਾ ਦਾਇਰਾ ਸਮੇਂ ਦੇ ਨਾਲ-ਨਾਲ ਵੱਡਾ ਹੁੰਦਾ ਜਾ ਰਿਹਾ ਹੈ। ਇਸ ਵਿਚ ਫੁੱਟਬਾਲ, ਕਬੱਡੀ, ਰੈਸਲਿੰਗ, ਕ੍ਰਿਕਟ, ਐਥਲੈਟਿਕਸ, ਬੈਡਮੈਂਟਨ ਅਦਿ ਖੇਡਾਂ ਦੇ ਮੁਕਾਬਲੇ ਲੀਗ ਆਧਾਰ ’ਤੇ ਕਰੀਬ ਤਿੰਨ ਮਹੀਨੇ ਕਰਵਾਏ ਜਾਂਦੇ ਹਨ। ਇਨ੍ਹਾਂ ਮੁਕਾਬਲਿਆਂ ਤੋਂ ਇਲਾਵਾ ਖਿਡਾਰੀਆਂ ਦੇ ਸਰਵਪੱਖੀ ਵਿਕਾਸ ਲਈ ਸਪੈਸ਼ਲ ਤੌਰ ’ਤੇ ਡਿਜ਼ਾਇਨ ਸਪੋਰਟਸ ਫਾਰ ਡਿਵੈਲਪਮੈਂਟ ਦੇ ਵੱਖ-ਵੱਖ ਵਿਸ਼ਿਆਂ ’ਤੇ ਆਧਾਰਿਤ ਸੈਸ਼ਨ ਵੀ ਲਾਏ ਜਾਂਦੇ ਹਨ। ਇਸ ਲੀਗ ਦਾ ਸਾਰਾ ਪ੍ਰਬੰਧ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵੱਲੋਂ ਕੀਤਾ ਜਾਂਦਾ ਹੈ।
ਪਹਿਲੇ ਪੜਾਅ ਦੇ ਮੁਕਾਬਲਿਆਂ ਵਿਚ 10 ਸਾਲ ਲੜਕਿਆਂ ਵਿਚ ਬਾਠ ਕਲਾਂ ਨੇ ਬੁੰਡਾਲਾ ਨੂੰ 1-0, ਚੱਕ ਮੁਗਲਾਣੀ ਨੇ ਹੁਸੈਨਾਬਾਦ ਨੂੰ 1-0, ਜਮਸ਼ੇਰ ਨੇ ਰੁੜਕਾ ਕਲਾਂ ਨੂੰ 4-0 ਨਾਲ, ਉਮਰ 12 ਸਾਲ ਵਿੱਚ ਹੁਸੈਨਾਬਾਦ ਨੇ ਬਾਠ ਕਲਾਂ ਨੂੰ 1-0, ਚੱਕ ਮੁਗਲਾਣੀ ਨੇ ਬੁੰਡਾਲਾ ਨੂੰ 2-0, ਰੁੜਕਾ ਕਲਾਂ ਨੇ ਢੀਂਡਸਾ ਨੂੰ 3-1, ਕਡਿਆਣਾ ਨੇ ਜਗਤਪੁਰ ਨੂੰ 3-1, ਲੜਕੀਆਂ ਵਿਚ ਬੁੰਡਾਲਾ ਨੇ ਜਮਸ਼ੇਰ ਨੂੰ 2-1 ਨਾਲ, ਰੁੜਕਾ ਕਲਾਂ ਨੇ ਹੁਸੈਨਾਬਾਦ ਨੂੰ 1-0 ਨਾਲ ਹਰਾਇਆ। ਉਮਰ ਵਰਗ 14 ਸਾਲ ਲੜਕਿਆਂ ਵਿਚ ਚੱਕ ਮੁਗਲਾਣੀ ਨੇ ਬਾਠ ਕਲਾਂ ਨੂੰ 1-0 ਨਾਲ, ਜਮਸ਼ੇਰ ਨੇ ਹੁਸੈਨਾਬਾਦ ਨੂੰ 3-0 ਨਾਲ, ਰੁੜਕਾ ਕਲਾਂ ਨੇ ਢੀਂਡਸਾ ਨੂੰ 2-0 ਨਾਲ,ਬੁੰਡਾਲਾ ਤੇ ਜਗਤਪੁਰ 0-0, ਗੁਰਾਇਆ ਤੇ ਕਡਿਆਣਾ 1-1 ਬਰਾਬਰ ਮੈਚ ਖੇਡੇ। ਇਨ੍ਹਾਂ ਮੈਚਾਂ ਵਿੱਚੋਂ ਸ਼ਾਨਦਾਰ ਖੇਡ ਦਾ ਵਿਖਾਵਾ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਲੀਗ ਮਹਾਕੁੰਭ ਦਾ ਸਮਾਪਤੀ ਤੇ ਇਨਾਮ ਵੰਡ ਸਮਾਰੋਹ 18 ਫਰਵਰੀ ਨੂੰ ਹੋਵੇਗਾ। ਜਿਸ ਦੌਰਾਨ ਮੇਜਰ ਕਬੱਡੀ ਲੀਗ ਦਾ ਕਬੱਡੀ ਕੱਪ ਅਤੇ ਪੰਜਾਬ ਦੇ ਲੋਕ ਗਾਇਕ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਸਮੇਂ ਵਾਈ. ਐੱਫ. ਸੀ. ਰੁੜਕਾ ਕਲਾਂ ਦਾ ਸਮੂਹ ਸਟਾਫ, ਵੱਖ-ਵੱਖ ਸੈਂਟਰਾਂ ਦੇ ਕੋਚ, ਅਹੁਦੇਦਾਰ ਤੇ ਵੱਡੀ ਗਿਣਤੀ ’ਚ ਖੇਡ ਪ੍ਰੇਮੀ ਅਤੇ ਖਿਡਾਰੀ ਮੌਜੂਦ ਸਨ।