11ਵੀਂ ਜਮਾਤ ਦੀ ਟਾਪਰ ਬਣੇਗੀ ਇਕ ਦਿਨ ਲਈ ਫਿਰੋਜ਼ਪੁਰ ਦੀ 'ਡੀ.ਸੀ.'
Friday, Sep 13, 2019 - 12:27 AM (IST)
ਫਿਰੋਜ਼ਪੁਰ (ਕੁਮਾਰ)–ਫਿਰੋਜ਼ਪੁਰ ਦੇ ਹਰਮਨ ਪਿਆਰੇ ਸਾਬਿਤ ਹੋ ਰਹੇ ਡਿਪਟੀ ਕਮਿਸ਼ਨਰ ਚੰਦਰ ਗੈਂਦ 13 ਸਤੰਬਰ ਨੂੰ ਫਿਰੋਜ਼ਪੁਰ ਸ਼ਹਿਰ ਦੇ ਇਕ ਸਕੂਲ ਦੀ ਟਾਪਰ ਚਲੀ ਆ ਰਹੀ 11ਵੀਂ ਜਮਾਤ ਦੀ 2 ਫੁਟ 8 ਇੰਚ ਦੀ ਵਿਦਿਆਰਥਣ ਦੀ ਇੱਛਾ ਪੂਰੀ ਕਰਨਗੇ ਅਤੇ ਇਕ ਦਿਨ ਲਈ ਆਪਣੇ ਦਫਤਰ ਵਿਚ ਡਿਪਟੀ ਕਮਿਸ਼ਨਰ ਵਰਗਾ ਮਾਣ-ਸਨਮਾਨ ਦੇ ਕੇ ਉਸ ਨੂੰ ਆਪਣੇ ਦਫਤਰ ਦਾ ਸਰਕਾਰੀ ਕੰਮਕਾਜ ਦਿਖਾਉਣਗੇ। ਡਿਪਟੀ ਕਮਿਸ਼ਨਰ ਚੰਦਰ ਗੈਂਦ ਦੀ ਗੱਡੀ ਸਵੇਰ ਦੇ ਸਮੇਂ ਉਸ ਬੱਚੀ ਨੂੰ ਘਰੋਂ ਲੈਣ ਜਾਵੇਗੀ ਅਤੇ ਸਾਰਾ ਦਿਨ ਉਸ ਨੂੰ ਅਜਿਹਾ ਮਹਿਸੂਸ ਹੋਵੇਗਾ ਜਿਵੇਂ ਉਸ ਨੇ ਆਈ. ਏ. ਐੱਸ. ਦੀ ਪ੍ਰੀਖਿਆ ਪਾਸ ਕਰ ਲਈ ਹੈ ਅਤੇ ਉਸ ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਲਾ ਦਿੱਤਾ ਗਿਆ ਹੈ।
ਚੰਦਰ ਗੈਂਦ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਨਸ਼ੇ ਦੇ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਬੱਿਚਆਂ ਨੂੰ ਜਾਗਰੂਕ ਕਰਨ ਲਈ ਸਵੇਰ ਦੇ ਸਮੇਂ ਫਿਰੋਜ਼ਪੁਰ ਸ਼ਹਿਰ ਦੇ ਇਕ ਸਕੂਲ ਵਿਚ ਗਏ ਤਾਂ ਉਨ੍ਹਾਂ ਦੀ ਨਜ਼ਰ ਇਕ ਛੋਟੇ ਕੱਦ ਦੀ ਬਬਲੀ 'ਤੇ ਪਈ, ਜੋ 11ਵੀਂ ਜਮਾਤ ਦੀ ਵਿਦਿਆਰਥਣ ਸੀ। ਜਦੋਂ ਡਿਪਟੀ ਕਮਿਸ਼ਨਰ ਨੇ ਉਸ ਬੱਚੀ ਬਾਰੇ ਸਕੂਲ ਦੇ ਟੀਚਰਾਂ ਕੋਲੋਂ ਪੁੱੱਛਿਆ ਤਾਂ ਉਸ ਨੇ ਦੱਸਿਆ ਕਿ ਇਹ ਬੱਚੀ 8ਵੀਂ ਤੋਂ 10ਵੀਂ ਜਮਾਤ ਤੱਕ ਟਾਪਰ ਰਹੀ ਹੈ ਅਤੇ ਲੋਕੋਮੀਟਰ ਦੀ ਬੀਮਾਰੀ ਤੋਂ ਪੀੜਤ ਹੈ। ਜਦ ਡਿਪਟੀ ਕਮਿਸ਼ਨਰ ਨੇ ਉਸ ਬੱਚੀ ਕੋਲੋਂ ਪੁੱਛਿਆ ਕਿ ਉਹ ਵੱਡੀ ਹੋ ਕੇ ਕੀ ਬਣਨਾ ਚਾਹੁੰਦੀ ਹੈ ਤਾਂ ਉਸ ਬੱਚੀ ਨੇ ਜਵਾਬ ਦਿੱਤਾ ਕਿ ਉਹ ਆਈ. ਏ. ਐੱਸ. ਅਫਸਰ ਬਣਨਾ ਚਾਹੁੰਦੀ ਹੈ ਅਤੇ ਡਿਪਟੀ ਕਮਿਸ਼ਨਰ ਦੇ ਅਹੁਦੇ 'ਤੇ ਲੱਗਣਾ ਚਾਹੁੰਦੀ ਹੈ।
ਸ਼੍ਰੀ ਚੰਦਰ ਗੈਂਦ ਨੇ ਉਸ ਬੱਚੀ ਨਾਲ ਵਾਅਦਾ ਕੀਤਾ ਕਿ ਉਸ ਦਾ ਹੌਸਲਾ ਵਧਾਉਣ ਅਤੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਉਹ ਇਕ ਦਿਨ ਉਸ ਬੱਚੀ ਨੂੰ ਡਿਪਟੀ ਕਮਿਸ਼ਨਰ ਦਫਤਰ ਲਿਆ ਕੇ ਉਸ ਨੂੰ ਪੂਰਾ ਮਾਣ ਸਨਮਾਨ ਦੇਣਗੇ ਅਤੇ ਉਸ ਨੂੰ ਸਾਰਾ ਦਫਤਰੀ ਕੰਮਕਾਜ ਦਿਖਾਉਣਗੇ। ਸ਼੍ਰੀ ਗੈਂਦ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਬੱਚਿਆਂ ਨੂੰ ਅੱਗੇ ਵਧਣ ਅਤੇ ਪੜ੍ਹਨ ਅਤੇ ਉਨ੍ਹਾਂ ਵਿਚ ਇਹ ਭਰੋਸਾ ਪੈਦਾ ਕਰਨਾ ਹੈ ਕਿ ਭਗਵਾਨ ਨੇ ਉਨ੍ਹਾਂ ਨੂੰ ਸਰੀਰ ਭਾਵੇਂ ਕਿਹੋ ਜਿਹਾ ਵੀ ਿਦੱਤਾ ਜੇਕਰ ਉਨ੍ਹਾਂ ਦੇ ਮਨ ਵਿਚ ਅੱਗੇ ਵਧਣ ਅਤੇ ਜ਼ਿੰਦਗੀ ਵਿਚ ਕੁਝ ਬਣਨ ਦਾ ਟੀਚਾ ਹੈ ਤਾਂ ਉਹ ਕੁਝ ਵੀ ਕਰ ਸਕਦੇ ਅਤੇ ਚੰਦ 'ਤੇ ਵੀ ਜਾ ਸਕਦੇ ਹਨ। ਇਸ ਮੌਕੇ 'ਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।