ਮਨੀ ਐਕਸਚੇਂਜ ਬਾਰੇ ਪੁੱਛਣ ਆਇਆ, 11 ਹਜ਼ਾਰ ਦੀ ਠੱਗੀ ਮਾਰ ਗਿਆ
Wednesday, Oct 07, 2020 - 01:32 PM (IST)
ਲੁਧਿਆਣਾ (ਰਾਮ) : ਚੰਡੀਗੜ੍ਹ ਰੋਡ ’ਤੇ ਸਮਰਾਲਾ ਚੌਂਕ ’ਚ ਸਥਿਤ ਇਕ ਇਲੈਕਟ੍ਰਾਨਿਕਸ ਦੀ ਦੁਕਾਨ ਦੇ ਮਾਲਕ ਨੂੰ ਨੌਸਰਬਾਜ਼ਾਂ ਨੇ ਗੱਲਾਂ ’ਚ ਲਾਉਂਦੇ ਹੋਏ ਹਜ਼ਾਰਾਂ ਰੁਪਏ ਦਾ ਚੂਨਾ ਲਗਾ ਦਿੱਤਾ, ਜਿਸ ਦਾ ਪਤਾ ਦੁਕਾਨ ਮਾਲਕ ਨੂੰ ਅਗਲੇ ਦਿਨ ਨਕਦੀ ਗਿਣਦੇ ਸਮੇਂ ਲਗਾ, ਜਿਸ ਦੇ ਬਾਅਦ ਉਸ ਨੇ ਇਸ ਦੀ ਸ਼ਿਕਾਇਤ ਸਬੰਧਿਤ ਥਾਣਾ ਪੁਲਸ ਨੂੰ ਦਿੱਤੀ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ 'ਰਚਿਤ ਇਲੈਕਟ੍ਰਾਨਿਕਸ' ਦੇ ਮਾਲਕ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਬੀਤੀ 2 ਅਕਤੂਬਰ ਦੀ ਸ਼ਾਮ ਕਰੀਬ 6.30 ਵਜੇ ਇਕ ਵਿਅਕਤੀ ਆਇਆ, ਜਿਸ ਨੇ ਖੁਦ ਨੂੰ ਵਿਦੇਸ਼ੀ ਦੱਸ ਕੇ ਮਨੀ ਐਕਸਚੇਂਜ ਬਾਰੇ ਪੁੱਛਿਆ। ਇਸ ਦੌਰਾਨ ਉਕਤ ਵਿਅਕਤੀ ਨੇ 100-200 ਦੇ ਨੋਟ ਵਿਖਾਉਂਦਿਆ ਪੁੱਛਿਆ ਕਿ ਇਸ ਤੋਂ ਵੱਡੀ ਕਰੰਸੀ ਵੀ ਹੁੰਦੀ ਹੈ ਤਾਂ ਪ੍ਰਵੀਨ ਕੁਮਾਰ ਨੇ ਉਸ ਨੂੰ ਆਪਣੇ ਗੱਲੇ ’ਚ ਪਈ 500 ਦੇ 66 ਨੋਟਾਂ ਦੀ ਗੱਠੀ ’ਚੋਂ ਇੱਕ ਨੋਟ ਕੱਢ ਕੇ ਵਿਖਾਉਣ ਦੀ ਕੋਸ਼ਿਸ਼ ਕੀਤੀ ਪਰ ਉਕਤ ਵਿਅਕਤੀ ਨੇ ਇਕਦਮ ਹੀ ਉਸ ਦੇ ਹੱਥ ’ਚੋਂ ਸਾਰੀ ਗੱਠੀ ਖੋਹ ਲਈ ਅਤੇ ਕੁੱਝ ਹੀ ਸਕਿੰਟਾਂ ’ਚ ਵਾਪਸ ਕਰਦੇ ਹੋਏ ਗਲਤੀ ਮੰਨੀ।
ਅਗਲੇ ਦਿਨ ਗੱਠੀ ’ਚ 22 ਨੋਟ ਘੱਟ ਸਨ। ਪ੍ਰਵੀਨ ਕੁਮਾਰ ਨੇ ਕਿਹਾ ਕਿ ਉਕਤ ਨੌਸਰਬਾਜ਼ ਉਸ ਨਾਲ 11 ਹਜ਼ਾਰ ਰੁਪਏ ਦੀ ਠੱਗੀ ਮਾਰ ਭੱਜਿਆ ਹੈ। ਪੁਲਸ ਨੇ ਪ੍ਰਵੀਨ ਕੁਮਾਰ ਦੀ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।