ਸ਼ੱਕੀ ਹਾਲਾਤ ''ਚ 10 ਸਾਲਾ ਬੱਚੀ ਦੀ ਮੌਤ, ਘਰ ਵਾਲੇ ਦੱਸ ਰਹੇ ਹਨ ਕਤਲ
Wednesday, Jan 08, 2020 - 10:27 AM (IST)
ਮਲਸੀਆਂ (ਤ੍ਰੇਹਨ)— ਨਕੋਦਰ ਰੋਡ 'ਤੇ ਸਥਿਤ ਲੱਕੜ ਦੇ ਆਰੇ ਦੀ ਵਰਕਸ਼ਾਪ 'ਤੇ ਬੀਤੇ ਦਿਨ ਇਕ 10 ਸਾਲਾ ਬੱਚੀ ਦੀ ਸ਼ੱਕੀ ਹਾਲਾਤ 'ਚ ਦਰਦਨਾਕ ਮੌਤ ਹੋ ਗਈ। ਲੜਕੀ ਦੇ ਘਰ ਵਾਲੇ ਇਸ ਨੂੰ ਵਰਕਸ਼ਾਪ ਦੇ ਮਾਲਕ ਨੂੰ ਉਸ ਦੀ ਮੌਤ ਦਾ ਕਾਰਨ ਦੱਸ ਰਹੇ ਹਨ, ਜਦਕਿ ਵਰਕਸ਼ਾਪ ਵਾਲੇ ਇਸ ਨੂੰ ਇਕ ਦੁਖਦਾਈ ਹਾਦਸਾ ਦੱਸ ਰਹੇ ਹਨ।
ਮ੍ਰਿਤਕ ਲੜਕੀ ਕਵਿਤਾ (10) ਦੇ ਪਿਤਾ ਸਰਬਜੀਤ ਉਰਫ ਸਾਬ੍ਹੀ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਕਵਿਤਾ ਹਰ ਰੋਜ਼ ਆਰੇ ਤੋਂ ਲੱਕੜ ਦਾ ਬੂਰਾ ਲੈ ਕੇ ਜਾਂਦੀ ਸੀ। ਬੀਤੇ ਦਿਨ ਵੀ ਉਹ ਬੂਰਾ ਲੈਣ ਲਈ ਆਈ ਅਤੇ ਕਰੀਬ ਅੱਧੇ ਘੰਟੇ ਬਾਅਦ ਉਨ੍ਹਾਂ ਨੂੰ ਆਰੇ ਦੀ ਵਰਕਸ਼ਾਪ ਤੋਂ ਉਨ੍ਹਾਂ ਦੀ ਬੇਟੀ ਦੀ ਮੌਤ ਦੀ ਖਬਰ ਮਿਲੀ। ਉਹ ਘਟਨਾ ਵਾਲੀ ਥਾਂ 'ਤੇ ਪੁੱਜੇ ਤਾਂ ਉਨ੍ਹਾਂ ਦੀ ਬੇਟੀ ਦੀ ਬਾਂਹ ਕੱਟੀ ਹੋਈ ਸੀ ਅਤੇ ਲੱਤਾਂ ਆਦਿ 'ਤੇ ਕੱਪੜੇ ਦੀਆਂ ਪੱਟੀਆਂ ਲਪੇਟੀਆਂ ਹੋਈਆਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਆਰੇ 'ਤੇ ਮੌਜੂਦ ਲੋਕਾਂ ਨੇ ਕਿਸੇ ਗੱਲ ਤੋਂ ਉਨ੍ਹਾਂ ਦੀ ਬੇਟੀ ਕਵਿਤਾ ਨੂੰ ਆਰੇ ਵੱਲ ਧੱਕ ਦਿੱਤਾ, ਜਿਸ ਕਾਰਨ ਉਸ ਦੀ ਬਾਂਹ ਕੱਟੀ ਗਈ ਅਤੇ ਸਾਰੇ ਸਰੀਰ 'ਤੇ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਦੋਸ਼ ਲਾਇਆ ਕਿ ਆਰੇ ਵਾਲਿਆਂ ਨੇ ਲਾਸ਼ ਨੂੰ ਆਰੇ ਤੋਂ ਕੁਝ ਕੁ ਫੁੱਟ ਦੀ ਦੂਰੀ 'ਤੇ ਰੱਖ ਦਿੱਤਾ ਅਤੇ ਖੂਨ ਵੀ ਸਾਫ ਕਰ ਦਿੱਤਾ।
ਦੂਜੇ ਪਾਸੇ ਆਰੇ 'ਤੇ ਮੌਜੂਦ ਸਤਨਾਮ ਕੌਰ ਪਤਨੀ ਸਵ. ਅਜੀਤ ਸਿੰਘ ਨੇ ਦੱਸਿਆ ਕਿ ਕਵਿਤਾ ਉਨ੍ਹਾਂ ਦੇ ਆਰੇ ਤੋਂ ਬੂਰਾ ਲੈਣ ਆਈ ਸੀ, ਆਰਾ ਬੰਦ ਸੀ ਜਦਕਿ ਦੂਜੇ ਪਾਸੇ ਮੋਟਰ ਚੱਲ ਰਹੀ ਸੀ। ਕਵਿਤਾ ਦੇ ਨਾਲ ਆਏ ਇਕ ਹੋਰ ਬੱਚੇ ਨਾਲ ਉਸ ਦਾ ਝਗੜਾ ਹੋ ਗਿਆ ਅਤੇ ਕਵਿਤਾ ਮੋਟਰ ਦੀ ਸ਼ਾਫਟ ਦੀ ਲਪੇਟ 'ਚ ਆ ਗਈ। ਉਨ੍ਹਾਂ ਇਸ ਨੂੰ ਇਕ ਹਾਦਸਾ ਕਰਾਰ ਦਿੱਤਾ। ਘਟਨਾ ਵਾਲੀ ਥਾਂ 'ਤੇ ਪੁੱਜੇ ਏ. ਐੱਸ. ਆਈ. ਪੂਰਨ ਸਿੰਘ ਨੇ ਦੱਸਿਆ ਕਿ ਲੜਕੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।