105 ਸਾਲਾ ਤੋਤੀ ਬਾਬਾ ਪਾਉਂਦੈ ਜਵਾਨਾਂ ਨੂੰ ਮਾਤ

04/13/2018 2:45:25 PM

ਮਾਲੇਰਕੋਟਲਾ (ਜ਼ਹੂਰ)—ਪਿੰਡ ਬੀੜ ਅਹਿਮਦਾਬਾਦ ਵਿਖੇ 105 ਸਾਲਾ ਤੋਤੀ ਬਾਬਾ ਅੱਜ ਨੌਜਵਾਨਾਂ ਨੂੰ ਮਾਤ ਦੇ ਕੇ ਖੇਤੀਬਾੜੀ ਦਾ ਧੰਦਾ ਅਤੇ ਆਮ ਘਰੇਲੂ ਕੰਮ ਫੁਰਤੀ ਨਾਲ ਕਰਦੇ ਵਿਖਾਈ ਦਿੰਦੇ ਹਨ। ਤੋਤੀ ਬਾਬਾ ਦੇ ਦੱਸਣ ਅਨੁਸਾਰ ਜਦੋਂ ਉਹ ਜਵਾਨ ਸੀ ਤਾਂ 40-50 ਕਿਲੋਮੀਟਰ ਪੈਦਲ ਤੁਰ ਕੇ ਆਪਣਾ ਸਫਰ ਪੂਰਾ ਕਰਦੇ ਸਨ । ਜਦ ਕਿ ਅੱਜ ਦੇ ਸਮੇਂ 'ਚ ਨੌਜਵਾਨਾਂ ਵੱਲੋਂ 4-5 ਕਿਲੋਮੀਟਰ ਜਾਣ ਸਮੇਂ ਵੀ ਮੋਟਰਸਾਈਕਲ ਜਾਂ ਕਾਰ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਨੇ ਦੱਸਿਆ ਕਿ ਉਹ ਬਾਜ਼ਾਰੀ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਸ਼ੁਰੂ ਤੋਂ ਪ੍ਰਹੇਜ਼ ਕਰਦੇ ਹਨ ਅਤੇ ਸ਼ੁੱਧ ਖਾਣ-ਪੀਣ, ਛੋਲਿਆਂ ਦੇ ਭੁੱਜੇ ਹੋਏ ਦਾਣੇ ਖਾਣ, ਨਮਾਜ਼ ਅਦਾ ਕਰਨ ਲਈ ਮਸਜਿਦ ਪੈਦਲ ਜਾਣ ਨੂੰ ਤਰਜੀਹ ਦਿੰਦੇ ਹਨ। ਡੰਡ ਬੈਠਕਾਂ ਅਤੇ ਠੋਸ ਕਸਰਤ ਕਰਨਾ ਉਨ੍ਹਾਂ ਦਾ ਸ਼ੌਕ ਹੈ। ਬਾਬੇ ਨੇ ਦੱਸਿਆ, ''ਮੈਂ ਅੱਜ ਵੀ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਪਣੇ ਮਿੱਤਰ ਮੁਹੰਮਦ ਸਦੀਕ ਨਿਆਰੀਏ ਨੂੰ ਨਾਲ ਲੈ ਕੇ ਉਨ੍ਹਾਂ ਦੇ ਪਿੰਡ ਤੱਖਰ ਖੁਰਦ, ਭੈਣੀ ਕੰਬੋਆਂ, ਬਿੰਜੋਕੀ ਖੁਰਦ ਜਾਂ ਦਲੇਲਗੜ੍ਹ ਪੈਦਲ ਹੀ ਚਲਾ ਜਾਂਦਾ ਹਾਂ। ਮੈਨੂੰ ਕੋਈ ਲਾਰੀ ਸਵਾਰੀ ਦੀ ਉਡੀਕ ਕਰਨ ਦੀ ਲੋੜ ਨਹੀਂ ਪੈਂਦੀ ਅਤੇ ਨਾ ਕੋਈ ਉਸ ਨੂੰ ਕੋਈ ਸਾਈਕਲ ਚਲਾਉਣਾ ਆਉਂਦਾ ਹੈ ਅਤੇ ਬੰਬੂਕਾਟ 'ਤੇ ਬੈਠਣ ਤੋਂ ਤਾਂ ਮੈਂ ਊਂਈਂ ਡਰਦਾ ਹਾਂ ਪੁੱਤਰਾ''
ਆਪਣੇ ਖਿਆਲਾਂ 'ਚ ਡੁਬਕੀ ਮਾਰਦਿਆਂ ਤੋਤੀ ਬਾਬੇ ਨੇ ਕਿਹਾ, ''ਪੁੱਤਰੋ ਅੱਗੇ ਤਾਂ ਸਮਾਂ ਬੜਾ ਚੰਗਾ ਹੁੰਦਾ ਸੀ। ਦੇਸੀ ਖੁਰਾਕਾਂ ਸਨ, ਸ਼ੁੱਧ ਖਾਣਾ ਸੀ। ਦੁੱਧ, ਦਹੀਂ, ਲੱਸੀ, ਮੱਕੀ, ਜੁਆਰ ਆਮ ਸੀ। ਗੰਨੇ ਆਮ ਹੀ ਚੂਪਦੇ ਫਿਰੀ ਜਾਣਾ। ਆਹ ਹੁਣ ਆਲੀ ਮੰਡੀਰ ਨੂੰ ਗੰਨੇ ਚੁਪਾਅ ਕੇ ਦਿਖਾਓ, ਜੇ ਮੂੰਹ ਈ ਨਾ ਛਿੱਲੇ ਜਾਣ। ਹੱਥੀਂ ਕੰਮ ਕਰਨ ਕਰਕੇ ਜ਼ੋਰ-ਵਰਜਿਸ਼ ਆਪਣੇ ਆਪ ਹੋਈ ਜਾਂਦਾ ਸੀ। ਬਾਬੇ ਨੇ ਅਪਣੀਆਂ ਚਾਰ ਪੀੜ੍ਹੀਆਂ ਨਾਲ ਭਰੇ ਪਰਿਵਾਰਕ ਮੈਂਬਰਾਂ ਦੀਆਂ ਸਿਫਤਾਂ ਕਰਦਿਆਂ ਕਿਹਾ ਕਿ ਰੱਬ ਸਭ ਨੂੰ ਅਜਿਹੀ ਨੇਕ ਔਲਾਦ ਬਖ਼ਸ਼ੇ । ਬਾਬੇ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਸਾਡਾ ਪਿਛੋਕੜ ਕੱਲਰਕੋਟ ਦੇ ਨੇੜੇ ਮਲਕੋਂ ਪਿੰਡ ਦਾ ਹੈ ਅਤੇ ਅਸੀਂ 1947 'ਚ ਦੇਸ਼ ਦੇ ਬਟਵਾਰੇ ਸਮੇਂ ਮਾਲੇਰਕੋਟਲਾ ਆ ਗਏ ਸੀ। ਇਥੇ ਆ ਕੇ ਹੱਥੀਂ ਦਿਹਾੜੀਆਂ ਕੀਤੀਆਂ, ਬੀੜ ਦੀ ਕਟਾਈ ਕੀਤੀ। ਨਵਾਬਾਂ ਦਾ ਹੁਕਮ ਮੰਨਦਿਆਂ ਸੜਕਾਂ 'ਤੇ ਲੇਬਰ ਵੀ ਕੀਤੀ । ਬਾਬੇ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਨਾਂ ਫੱਤੂ ਤੇ ਮਾਤਾ ਦਾ ਨਾਂ ਰੱਜੀ ਸੀ, ਅਸੀਂ ਚਾਰ ਭਰਾ ਤੇ ਤਿੰਨ ਭੈਣਾਂ ਸਨ। ਬਾਬੇ ਦੇ ਤਿੰਨ ਵਿਆਹ ਹੋਏ ਅਤੇ ਤਿੰਨੋ ਸ਼ਰੀਕ-ਏ-ਹਯਾਤ ਪਤਨੀਆਂ ਅੱਲਾਹ ਨੂੰ ਪਿਆਰੀਆਂ ਹੋ ਚੁੱਕੀਆਂ ਹਨ। ਆਪਣੇ ਪਰਿਵਾਰ ਬਾਰੇ ਦੱਸਦਿਆਂ ਤੋਤੀ ਬਾਬੇ ਨੇ ਆਖਿਆ ਕਿ ਮੇਰੇ ਪੰਜ ਪੁੱਤ ਅਤੇ ਦੋ ਧੀਆਂ ਹਨ। ਅੱਗੋਂ ਪੰਜੋ ਪੁੱਤਰ ਤੇ ਧੀਆਂ ਦੋਹਤਿਆਂ-ਪੋਤਿਆਂ ਵਾਲੇ ਹੋ ਗਏ ਹਨ। 
ਇਸ ਮੌਕੇ ਤੋਤੀ ਬਾਬੇ ਦੇ ਵੱਡੇ ਪੁੱਤਰ ਸਲਾਮਦੀਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਸਾਡਾ ਬਜ਼ੁਰਗ ਇੰਨੀ ਲੰਮੀ ਉਮਰ ਦੇ ਬਾਵਜੂਦ ਸਿਹਤ ਪੱਖੋਂ ਤੰਦਰੁਸਤ ਹੈ ਤੇ ਆਪ ਖਾਂਦਾ, ਪੀਂਦਾ, ਪਹਿਣਦਾ–ਪਚਰਦਾ ਹੈ । ਉਸ ਨੇ ਦੱਸਿਆ ਕਿ ਸਾਡੇ ਪਿੰਡ ਬੀੜ ਅਹਿਮਦਾਬਾਦ ਦੇ ਨੇੜੇ-ਤੇੜੇ ਇੰਨੀ ਉਮਰ ਦਾ ਕੋਈ ਬਜ਼ੁਰਗ ਨਹੀਂ। ਉਸ ਨੇ ਕਿਹਾ ਕਿ ਅਸੀਂ ਪਿਤਾ ਜੀ ਨੂੰ ਕੰਮ ਕਰਨ ਲਈ ਨਹੀਂ ਕਹਿੰਦੇ ਸਗੋਂ ਆਪਣੀ ਮਰਜ਼ੀ ਨਾਲ ਕੰਮ ਕਰਦੇ ਨੂੰ ਅਸੀਂ ਰੋਕ ਵੀ ਨਹੀਂ ਸਕਦੇ ਕਿਉਂਕਿ ਫਿਰ ਬਾਬਾ ਜੀ ਸਾਡੇ ਨਾਲ ਨਾਰਾਜ਼ ਹੋ ਜਾਂਦੇ ਹਨ। ਬਾਬੇ ਦੀ ਪੋਤੀ ਨਰਗ਼ਿਸ ਫ਼ੁਰਕਾਨ ਨੇ ਦੱਸਿਆ ਕਿ ਸਾਨੂੰ ਬਾਬਾ ਜੀ 'ਤੇ ਬੜਾ ਮਾਣ ਹੈ ਬਾਬਾ ਜੀ ਨੇ ਸਾਨੂੰ ਤੰਗ ਮਾਹੌਲ ਨਹੀਂ ਦਿੱਤਾ ਸਗੋਂ ਖੁੱਲ੍ਹਾ ਮਾਹੌਲ ਦੇ ਕੇ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਜ਼ਿੰਦਗੀ ਜਿਊਣ ਦੇ ਕਾਬਲ ਬਣਾਇਆ ਹੈ।


Related News