ਜਬਰ-ਜ਼ਨਾਹ ਦੇ ਦੋਸ਼ੀ ਨੂੰ 20 ਸਾਲ ਬਾਅਦ ਮਿਲੀ 10 ਸਾਲ ਕੈਦ ਦੀ ਸਜ਼ਾ

08/25/2018 5:32:44 AM

ਹੁਸ਼ਿਆਰਪੁਰ, (ਅਮਰਿੰਦਰ)- ਕਰੀਬ 20 ਸਾਲ ਪਹਿਲਾਂ ਅਗਸਤ 1998 ’ਚ ਲਡ਼ਕੀ ਦੇ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ੀ ਸੁਖਦੇਵ ਸਿੰਘ ਪੁੱਤਰ ਚੰਨਣ ਸਿੰਘ ਨੂੰ ਜ਼ਿਲਾ ਤੇ ਐਡੀਸ਼ਨਲ ਸੈਸ਼ਨ ਜੱਜ ਪ੍ਰਿਆ ਸੂਦ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੰਦੇ ਹੋਏ 10 ਸਾਲ ਦੀ ਕੈਦ ਤੇ 60 ਹਜ਼ਾਰ ਰੁਪਏ ਨਕਦ ਜ਼ੁਰਮਾਨੇ ਦੀ ਸਜ਼ਾ ਸੁਣਾਈ। ਜ਼ੁਰਮਾਨਾ ਰਾਸ਼ੀ ਅਦਾ ਨਾ ਕਰਨ ’ਤੇ ਦੋਸ਼ੀ ਨੂੰ 1 ਸਾਲ ਦੀ ਕੈਦ ਕੱਟਣੀ ਹੋਵੇਗੀ ਤੇ 50 ਹਜ਼ਾਰ ਪੀਡ਼ਤਾ ਨੂੰ ਦੇਣ ਦੇ ਆਦੇਸ਼ ਅਦਾਲਤ ਵੱਲੋਂ ਦਿੱਤੇ ਗਏ।
ਕੀ ਹੈ ਮਾਮਲਾ : ਜਿਕਰਯੋਗ ਹੈ ਕਿ ਟਾਂਡਾ ਪੁਲਸ ਨੇ ਪੀਡ਼ਤਾ ਦੇ ਬਿਆਨਾਂ ’ਤੇ ਦੋਸ਼ੀ ਦੇ ਖਿਲਾਫ਼ 8 ਅਗਸਤ 1988 ’ਚ ਮਾਮਲਾ ਦਰਜ ਕੀਤਾ ਸੀ। ਆਪਣੀ ਸ਼ਿਕਾਇਤ ’ਚ ਪੀਡ਼ਤਾ ਨੇ ਕਿਹਾ ਸੀ ਕਿ ਉਹ ਬੀ. ਐੱਸ. ਸੀ. ਭਾਗ ਪਹਿਲਾ ’ਚ ਪਡ਼੍ਹਦੀ ਹੈ ਤੇ ਉਸ ਨੇ ਇੰਜੀਨੀਅਰਿੰਗ ਟੈਸਟ ਕਲੀਅਰ ਕੀਤਾ ਹੈ। ਇਸੇ ਦੌਰਾਨ ਉਸ ਦੇ ਭਰਾ ਦੀ ਦੁਕਾਨ ’ਤੇ ਦੋਸ਼ੀ ਸੁਖਦੇਵ ਸਿੰਘ ਪੁੱਤਰ ਚੰਨਣ ਸਿੰਘ ਦਾ ਆਉਣਾ-ਜਾਣਾ ਸੀ। ਦੋਸ਼ੀ ਨੇ ਮੇਰੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਤੁਹਾਡੀ ਬੇਟੀ ਦੀ ਇੰਟਰਵਿਊ ਕਰਵਾ ਦੇਵੇਗਾ ਪਰ ਜਦ ਉਹ ਯੂਨੀਵਰਸਿਟੀ ਗਏ ਤਾਂ ਉੱਥੇ ਜਾ ਕੇ ਪਤਾ ਚੱਲਿਆ ਕਿ ਪਹਿਲਾਂ ਹੀ ਕਿਸੇ ਨੇ ਉਕਤ ਟੈਸਟ ਦੇ ਇੰਟਰਵਿਊ ਲਈ ਸਟੇਅ ਲੈ ਲਿਆ ਹੈ। ਇਸ ਦੇ ਬਾਅਦ ਦੋਸ਼ੀ ਉਸ ਨੂੰ  ਤੇ ਉਸ ਦੇ ਭਰਾ ਨੂੰ ਇਕ ਹੋਟਲ ’ਚ ਲੈ ਗਿਆ। ਇਸ ’ਚ ਦੋਸ਼ੀ ਨੇ ਉਸ ਦੇ ਨਾਲ ਜਬਰ-ਜ਼ਨਾਹ ਕੀਤਾ ਸੀ। ਟਾਂਡਾ ਪੁਲਸ ’ਚ ਤਾਇਨਾਤ ਤਤਕਾਲੀਨ ਐੱਸ. ਆਈ ਤੇਜਪਾਲ ਸਿੰਘ ਨੇ ਉਕਤ ਦੋਸ਼ੀ ਦੇ ਖਿਲਾਫ਼  ਮਾਮਲਾ ਤੇ ਹੋਰ ਧਰਾਵਾਂ ਦੇ ਅਧੀਨ  ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।


Related News