ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਦੇ 10 ਮਰੀਜ਼ਾਂ ਦੀ ਮੌਤ, 186 ਪਾਜ਼ੇਟਿਵ
Tuesday, Oct 06, 2020 - 01:30 AM (IST)

ਲੁਧਿਆਣਾ,(ਸਹਿਗਲ)- ਪਿਛਲੇ ਕਈ ਦਿਨਾਂ ਤੋਂ ਕੋਰੋਨਾ ਵਾਇਰਸ ਦੇ ਮਰੀਜ਼ਾਂ ’ਚ ਕਾਫੀ ਕਮੀ ਆਈ ਹੈ, ਜਿਸ ਕਾਰਨ ਆਈਸੋਲੇਸ਼ਨ ਸੈਂਟਰਾਂ ਅਤੇ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਕਾਫੀ ਘੱਟ ਹੋ ਗਈ ਹੈ। ਮਰੀਜ਼ਾਂ ਦੀ ਗਿਣਤੀ ਵਿਚ ਕਮੀ ਆਉਣ ਨਾਲ ਜ਼ਿਲਾ ਪ੍ਰਸ਼ਾਸਨ ਨੇ ਵੀ ਰਾਹਤ ਦਾ ਸਾਹ ਲਿਆ ਹੈ।
ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਕਿਹਾ ਕਿ ਲੋਕ ਨਿਯਮਾਂ ਦੀ ਪਾਲਣਾ ਕਰਦੇ ਰਹਿਣ। ਘਰੋਂ ਬਾਹਰ ਨਿਕਲੋ ਤਾਂ ਮਾਸਕ ਜ਼ਰੂਰ ਲਗਾਓ। ਸਮਾਜਿਕ ਦੂਰੀ ਬਣਾ ਕੇ ਰੱਖੋ, ਵਾਰ-ਵਾਰ ਹੱਥ ਧੋਂਦੇ ਰਹੋ। ਮਹਾਨਗਰ ’ਚ ਲਗਭਗ ਪਿਛਲੇ 2 ਹਫਤੇ ਤੋਂ ਮਰੀਜ਼ਾਂ ਦੀ ਗਿਣਤੀ ਵਿਚ ਕਮੀ ਦਰਜ ਕੀਤੀ ਜਾ ਰਹੀ ਹੈ ਪਰ ਮ੍ਰਿਤਕ ਮਰੀਜ਼ਾਂ ਦੀ ਗਿਣਤੀ ਵਿਚ ਕੋਈ ਖਾਸ ਕਮੀ ਨਹੀਂ ਆਈ। ਅੱਜ ਵੀ ਕੋਰੋਨਾ ਨਾਲ 10 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 186 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਸਿਵਲ ਸਰਜਨ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਵਿਚ 160 ਮਰੀਜ਼ ਜ਼ਿਲੇ ਦੇ ਵੱਖ-ਵੱਖ ਇਲਾਕਿਆਂ ਦੇ ਰਹਿਣ ਵਾਲੇ ਹਨ, ਜਦੋਂਕਿ 26 ਮਰੀਜ਼ ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਇਸੇ ਤਰ੍ਹਾਂ ਜਿਨ੍ਹਾਂ 10 ਮਰਜ਼ਾਂ ਦੀ ਅੱਜ ਮੌਤ ਹੋਈ ਹੈ, ਉਨ੍ਹਾਂ ਵਿਚ 8 ਜ਼ਿਲੇ ਦੇ, ਜਦੋਂਕਿ ਦੋ ਹੋਰ ਮਰੀਜ਼ਾਂ ਵਿਚ ਇਕ ਕਪੂਰਥਲਾ ਅਤੇ ਇਕ ਜੰਮੂ ਅਤੇ ਕਸ਼ਮੀਰ ਦਾ ਰਹਿਣ ਵਾਲਾ ਸੀ। ਮਹਾਨਗਰ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 18654 ਹੋ ਚੁੱਕੀ ਹੈ। ਇਨ੍ਹਾਂ ’ਚੋਂ 778 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੂਜੇ ਜ਼ਿਲਿਆਂ ਤੋਂ ਇਲਾਜ ਕਰਵਾਉਣ ਲਈ ਆਏ ਮਰੀਜ਼ਾਂ ਵਿਚੋਂ 2371 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ ਅਤੇ ਇਨ੍ਹਾਂ ’ਚੋਂ 267 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ਵਿਚੋਂ 17070 ਮਰੀਜ਼ ਠੀਕ ਹੋ ਚੁੱਕੇ ਹਨ। ਜ਼ਿਲੇ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ 811 ਦੱਸੀ ਜਾ ਰਹੀ ਹੈ। ਵੱਖ-ਵੱਖ ਹਸਪਤਾਲਾਂ ਵਿਚ 28 ਮਰੀਜ਼ਾਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਉਨ੍ਹਾਂ ਨੂੰ ਵੈਂਟੀਲੇਟਰ ਲਾਇਆ ਗਿਆ ਹੈ। ਇਨ੍ਹਾਂ ਵਿਚੋਂ 16 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਹਨ, ਜਦੋਂਕਿ 12 ਮਰੀਜ਼ ਦੂਜੇ ਜ਼ਿਲਿਆਂ ਜਾਂ ਰਾਜਾਂ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।
3630 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ
ਜ਼ਿਲਾ ਸਿਹਤ ਵਿਭਾਗ ਨੇ ਅੱਜ 3630 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਦੋਂਕਿ 1187 ਮਰੀਜ਼ਾਂ ਦੇ ਸੈਂਪਲਾਂ ਦੀ ਰਿਪੋਰਟ ਵੀ ਅਜੇ ਪੈਂਡਿੰਗ ਹੈ।
180 ਮਰੀਜ਼ਾਂ ਨੂੰ ਭੇਜਿਆ ਹੋਮ ਆਈਸੋਲੇਸ਼ਨ ’ਚ
ਸਿਹਤ ਵਿਭਾਗ ਵੱਲੋਂ ਅੱਜ ਸਕ੍ਰੀਨਿੰਗ ਉਪਰੰਤ 180 ਮਰੀਜ਼ਾਂ ਨੂੰ ਫਾਰਮ ਆਈਸੋਲੇਸ਼ਨ ’ਚ ਭੇਜਿਆ ਗਿਆ ਹੈ। ਮੌਜੂਦਾ ਵਿਚ 2800 ਮਰੀਜ਼ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ।
ਮ੍ਰਿਤਕ ਮਰੀਜ਼ਾਂ ਦਾ ਵੇਰਵਾ
ਇਲਾਕਾ ਉਮਰ/ਲਿੰਗ ਹਸਪਤਾਲ
ਲੁਧਿਆਣਾ 20 ਸਾਲਾ ਲੜਕੀ ਡੀ. ਐੱਮ. ਸੀ.
ਸਿਵਲ ਲਾਈਨ 53 ਸਾਲਾ ਪੁਰਸ਼ ਫੋਰਟਿਸ ਹਸਪਤਾਲ
ਅਬਦੁੱਲਾਪੁਰ ਬਸਤੀ 58 ਸਾਲਾ ਔਰਤ ਡੀ. ਐੱਮ. ਸੀ.
ਅਜੀਤ ਸਿੰਘ ਨਗਰ 64 ਸਾਲਾ ਔਰਤ ਰਾਜਿੰਦਰਾ ਪਟਿਆਲਾ
ਪਿੰਡ ਗੋਵਿੰਦਵਾਲ 55 ਸਾਲਾ ਔਰਤ ਐੱਸ. ਪੀ. ਐੱਸ.
ਕਿਚਲੂ ਨਗਰ 84 ਸਾਲਾ ਪੁਰਸ਼ ਡੀ. ਐੱਮ. ਸੀ.
ਰਾਜਗੁਰੂ ਨਗਰ 61 ਸਾਲਾ ਔਰਤ ਡੀ. ਐੱਮ. ਸੀ.
ਧਾਂਦਰਾ ਰੋਡ 29 ਸਾਲਾ ਪੁਰਸ਼ ਮਾਹਲ ਹਸਪਤਾਲ