ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫ਼ਲਾ ਘੇਰਨ ਵਾਲਿਆਂ ਨੂੰ 1 ਸਾਲ ਦੀ ਸਜ਼ਾ, ਜਾਣੋ ਪੂਰਾ ਮਾਮਲਾ
Sunday, Oct 30, 2022 - 06:48 PM (IST)
ਬਰਨਾਲਾ : 2019 'ਚ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਸੰਸਦ ਮੈਂਬਰ ਸਨ ਤਾਂ ਉਸ ਵੇਲੇ ਉਨ੍ਹਾਂ ਦੇ ਕਾਫ਼ਲੇ ਦਾ ਘਿਰਾਓ ਕੀਤਾ ਗਿਆ ਸੀ। ਜਿਸ 'ਤੇ ਸੁਣਵਾਈ ਕਰਦਿਆਂ ਜੱਜ ਕਪਿਲ ਸਿੰਗਲਾ ਦੀ ਅਦਾਲਤ ਨੇ ਸ਼ਨੀਵਾਰ ਨੂੰ 5 ਦੋਸ਼ੀਆਂ ਨੂੰ ਇਕ-ਇਕ ਸਾਲ ਦੀ ਸਜ਼ਾ ਸੁਣਾਈ ਹੈ। ਫ਼ੈਸਲੇ ਮੁਤਾਬਕ ਆਈ. ਪੀ. ਸੀ. 353 ਤਹਿਤ ਦੋਸ਼ੀਆਂ ਨੂੰ ਇਕ-ਇਕ ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ 5 ਹਜ਼ਾਰ ਰੁਪਏ ਦਾ ਜੁਰਮਾਨਾ ਜਮ੍ਹਾਂ ਕਰਵਾਉਣ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ। ਹਾਲਾਂਕਿ ਬਾਅਦ ਵਿਚ ਸਾਰੇ ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ ਗਈ।
ਇਹ ਵੀ ਪੜ੍ਹੋ- ਥਾਣੇ ਪਹੁੰਚਿਆ ਮਹਿਲਾ ਹੈੱਡਕਾਂਸਟੇਬਲ ਦਾ ਘਰੇਲੂ ਕਲੇਸ਼, ਪਤੀ ਬੋਲਿਆ ਨਾਜਾਇਜ਼ ਸੰਬੰਧਾਂ ਤੋਂ ਦੁਖੀ ਹੋ ਕਰ ਰਿਹਾ ਹਾਂ ਖ਼ੁਦਕੁਸ਼ੀ
ਜ਼ਿਕਰਯੋਗ ਹੈ ਕਿ 2019 'ਚ ਲੋਕ ਸਭਾ ਚੋਣਾਂ ਦੌਰਾਨ ਭਗਵੰਤ ਮਾਨ ਪ੍ਰਚਾਰ ਦੇ ਲਈ 'ਆਪ' ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਵਿਧਾਨ ਸਭਾ ਹਲਕੇ ਮਹਿਲਕਲਾਂ ਪਹੁੰਚੇ ਸਨ। ਇਸ ਦੌਰਾਨ ਵਾਸੀ ਗਗਨ ਸਰਾਂ ਕੁਰੜ, ਨਿਰਮਲ ਸਿੰਘ ਛੀਨੀਵਾਲਕਲਾਂ, ਪ੍ਰਗਟ ਸਿੰਘ ਮਹਿਲ ਖੁਰਦ, ਕਰਮੋਂ ਸਿੰਘ ਪੋਲੋ ਹਰਦਾਸਪੁਰ ਅਤੇ ਅਮਨਦੀਪ ਸਿੰਘ ਟਲੇਵਾਲ ਸੰਸਦ ਮੈਂਬਰ ਮਾਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤਾ ਤਾਂ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ ਅਤੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ਜਿਸ 'ਤੇ ਰੋਸ ਵਜੋਂ ਉਕਤ 5 ਵਿਅਕਤੀਆਂ ਨੇ ਮਾਨ ਦੇ ਕਾਫਿਲੇ ਨੂੰ ਘੇਰ ਲਿਆ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਮਾਨ ਦੇ ਸੁਰੱਖਿਆ ਕਰਮੀ ਲਖਵੀਰ ਸਿੰਘ ਦੇ ਬਿਆਨ 'ਤੇ ਮਹਿਲਕਲਾਂ ਥਾਣਾ ਪੁਲਸ ਨੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।