ਦਿਨ-ਦਿਹਾੜੇ ਮਨੀ ਐਕਸਚੇਂਜਰ ਤੋਂ ਲੁੱਟੀ 1 ਲੱਖ ਰੁਪਏ ਦੀ ਨਕਦੀ
Saturday, Jul 13, 2024 - 10:33 AM (IST)
ਬਠਿੰਡਾ (ਸੁਖਵਿੰਦਰ) : ਦਿਨ-ਦਿਹਾੜੇ ਮਹਿਣਾ ਚੌਂਕ ਨੇੜੇ ਮਨੀ ਐਕਸਚੇਂਜਰ ਦੀ ਦੁਕਾਨ ’ਤੇ ਗਾਹਕ ਬਣ ਕੇ ਐਕਟਿਵਾ ’ਤੇ ਆਏ 2 ਲੁਟੇਰਿਆਂ ਨੇ ਪਿਸਤੌਲ ਅਤੇ ਤਲਵਾਰ ਦੇ ਜ਼ੋਰ ’ਤੇ ਕਰੀਬ 1 ਲੱਖ ਰੁਪਏ ਦੀ ਨਕਦੀ ਲੁੱਟ ਲਈ ਅਤੇ ਫ਼ਰਾਰ ਹੋ ਗਏ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਇਹ ਸਾਰੀ ਘਟਨਾ ਨੇੜੇ ਲੱਗੇ ਸੀ. ਸੀ. ਟੀ. ਵੀ. ’ਚ ਰਿਕਾਰਡ ਹੋ ਗਈ। ਭੱਜਦੇ ਸਮੇਂ ਲੁਟੇਰਿਆਂ ਦੀ ਤਲਵਾਰ ਗਲੀ 'ਚ ਡਿੱਗ ਪਈ ਅਤੇ ਪੁਲਸ ਨੇ ਉਸ ਨੂੰ ਕਬਜ਼ੇ ਵਿਚ ਲੈ ਲਿਆ।
ਪੀੜਤ ਦੁਕਾਨਦਾਰ ਰਸ਼ਿਤ ਅੱਗਰਵਾਲ ਨੇ ਦੱਸਿਆ ਕਿ ਜਦੋਂ ਉਹ ਆਪਣੀ ਮਨੀ ਐਕਸਚੇਂਜਰ ਦੀ ਦੁਕਾਨ ’ਤੇ ਬੈਠਾ ਸੀ ਤਾਂ ਇਕ ਨੌਜਵਾਨ ਉਸ ਦੀ ਦੁਕਾਨ ’ਤੇ ਆਇਆ ਅਤੇ ਉਸ ਨੇ ਨੋਟ ਬਦਲਣ ਲਈ ਕਿਹਾ। ਇਸ ਦੌਰਾਨ ਉਸ ਨੇ ਦੁਕਾਨ ਦੇ ਬਾਹਰ ਐਕਟਿਵਾ ’ਤੇ ਖੜ੍ਹੇ ਆਪਣੇ ਦੂਜੇ ਦੋਸਤ ਨੂੰ ਅੰਦਰ ਬੁਲਾ ਲਿਆ। ਦੁਕਾਨ ਅੰਦਰ ਦਾਖ਼ਲ ਹੁੰਦੇ ਹੀ ਨੌਜਵਾਨ ਨੇ ਉਸ ’ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਪਰ ਦੁਕਾਨਦਾਰ ਪਿੱਛੇ ਹਟਣ ਕਾਰਨ ਵਾਲ-ਵਾਲ ਬਚ ਗਿਆ। ਦੁਕਾਨਦਾਰ ਨੇ ਦੱਸਿਆ ਕਿ ਇਸ ਤੋਂ ਬਾਅਦ ਇਕ ਨੌਜਵਾਨ ਨੇ ਪਿਸਤੌਲ ਕੱਢ ਕੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ।
ਇਸ ਦੌਰਾਨ ਦੂਜੇ ਨੌਜਵਾਨ ਨੇ ਬੈਗ ’ਚ ਰੱਖੀ ਨਕਦੀ ਚੁੱਕ ਲਈ ਅਤੇ ਭੱਜ ਗਏ। ਪੀੜਤ ਨੇ ਦੱਸਿਆ ਕਿ ਜਦੋਂ ਉਸ ਨੇ ਦੁਕਾਨ ਤੋਂ ਬਾਹਰ ਆ ਕੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ। ਜਦੋਂ ਲੋਕ ਪਿੱਛਾ ਕਰ ਰਹੇ ਸਨ ਤਾਂ ਥੋੜ੍ਹੀ ਦੂਰੀ ’ਤੇ ਲੁਟੇਰਿਆਂ ਦੀ ਤਲਵਾਰ ਡਿੱਗ ਪਈ, ਜਿਸ ਨੂੰ ਉਹ ਉੱਥੇ ਹੀ ਛੱਡ ਕਿ ਭੱਜ ਗਏ। ਘਟਨਾ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਤਲਵਾਰ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਪੁਲਸ ਸੀ. ਸੀ. ਟੀ. ਵੀ. ਦੇ ਆਧਾਰ ’ਤੇ ਲੁਟੇਰਿਆਂ ਦੀ ਭਾਲ ਕਰ ਰਹੀ ਹੈ। ਥਾਣਾ ਸਦਰ ਦੇ ਮੁਖੀ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਲੁਟੇਰਿਆਂ ਨੂੰ ਗਲੀਆਂ ਦਾ ਪਤਾ ਨਾ ਲੱਗਣ ਕਾਰਨ ਉਹ ਪਹਿਲਾਂ ਇਕ ਬੰਦ ਗਲੀ ’ਚ ਦਾਖ਼ਲ ਹੋਏ ਪਰ ਤੁਰੰਤ ਵਾਪਸ ਆ ਕੇ ਦੂਜੀ ਗਲੀ ਰਾਹੀਂ ਫ਼ਰਾਰ ਹੋ ਗਏ।