ਕਾਂਗਰਸ 'ਚ ਵਾਪਸੀ ਤੋਂ ਬਾਅਦ ਬੋਲੇ ਸੁੰਦਰ ਸ਼ਾਮ ਅਰੋੜਾ- 'ਭਾਜਪਾ 'ਚ ਜਾਣਾ ਮੇਰੀ ਗਲਤੀ ਸੀ'

Wednesday, Aug 28, 2024 - 10:01 PM (IST)

ਹੁਸ਼ਿਆਰਪੁਰ, (ਘੁੰਮਣ)- ਸਾਬਕਾ ਮੁੱਖ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕਾਂਗਰਸ ਪਾਰਟੀ ਵਿੱਚ ਘਰ ਵਾਪਸੀ ਹੋ ਗਈ ਹੈ। ਕਾਂਗਰਸ ਪਾਰਟੀ ਵਿੱਚ ਘਰ ਵਾਪਸੀ ਕਰਨ ਤੋਂ ਬਾਅਦ ਉਨ੍ਹਾਂ ਇੱਕ ਬਿਆਨ ਰਾਹੀਂ ਕਿਹਾ ਕਿ ਉਹ ਡੇਢ ਸਾਲ ਪਹਿਲਾਂ ਭਾਜਪਾ ਵਿੱਚ ਸ਼ਾਮਿਲ ਹੋਏ ਸਨ ਇਸ ਦੇ ਲਈ ਉਹ ਪੰਜਾਬੀਆਂ ਤੋਂ ਮਾਫੀ ਮੰਗਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਕੇਂਦਰ ਵਿੱਚ ਭਾਜਪਾ ਸਰਕਾਰ ਪੰਜਾਬੀਆਂ ਦੇ ਲਈ ਬਿਹਤਰ ਢੰਗ ਨਾਲ ਕੰਮ ਕਰੇਗੀ ਪਰ ਉਨ੍ਹਾਂ ਦੀ ਸੋਚ ਗਲਤ ਨਿਕਲੀ। ਇਸ ਲਈ ਉਨ੍ਹਾਂ ਕਾਂਗਰਸ ਪਾਰਟੀ ਵਿੱਚ ਮੁੜ ਸ਼ਾਮਿਲ ਹੋਣ ਦਾ ਫੈਸਲਾ ਲਿਆ।

ਅਰੋੜਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਪੰਜਾਬੀਆਂ ਨੇ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਇਆ। ਲੋਕਾਂ ਦੱਸ ਦਿੱਤਾ ਹੈ ਕਿ ਕਾਂਗਰਸ ਪਾਰਟੀ ਪੰਜਾਬ ਦੀ ਤਰੱਕੀ ਸ਼ਾਂਤੀ ਆਪਸੀ ਭਾਈਚਾਰਾ ਮਜਬੂਤ ਕਰਨ ਦਾ ਕੰਮ ਕਰਦੀ ਹੈ ਤੇ ਕਰ ਰਹੀ ਹੈ। ਉਨ੍ਹਾਂ ਕਿਹਾ ਕਾਂਗਰਸ ਵਿੱਚ ਰਹਿ ਕੇ ਉਹ ਪੰਜਾਬ ਅਤੇ ਪੰਜਾਬੀਅਤ ਦੀ ਮਜਬੂਤੀ ਦਾ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਧਰਮ ਨਿਰਪੱਖ ਪਾਰਟੀ ਹੈ‌ ਜਿਹੜੀ ਸਭ ਧਰਮਾਂ ਦਾ ਸਤਿਕਾਰ ਕਰਦੀ ਹੈ ਤੇ ਦੇਸ਼ ਨੂੰ ਮਜਬੂਤ ਕਰਨ ਦਾ ਵੀ ਕੰਮ ਕਰਦੀ ਹੈ। ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਭਾਜਪਾ ਨੇਤਾ ਦੇ ਨਾਲ ਕੋਈ ਵੀ ਗਿਲਾ ਸ਼ਿਕਵਾ ਨਹੀਂ ਹੈ। 

ਉਨ੍ਹਾਂ ਕਿਹਾ ਹੈ ਕਿ ਭਾਰਤ ਦੇ ਸੰਵਿਧਾਨ ਮੁਤਾਬਿਕ ਪੰਜਾਬ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇਸ਼ ਨੂੰ ਮਜਬੂਤ ਤੇ ਜੋੜਨ ਦਾ ਕੰਮ ਕਰ ਰਹੇ ਹਨ ਤੇ ਉਹ ਉਨ੍ਹਾਂ ਦੀ ਅਗਵਾਈ ਵਿੱਚ ਪੂਰੀ ਮਿਹਨਤ ਇਮਾਨਦਾਰੀ ਨਾਲ ਕੰਮ ਕਰਨਗੇ। ਅਰੋੜਾ ਨੇ ਸ਼ਹਿਰ ਵਾਸੀਆਂ ਨੂੰ ਵੀ ਸ਼ਹਿਰ ਦੀ ਖੁਸ਼ਹਾਲੀ ਲਈ ਸਾਥ ਦੇਣ ਲਈ ਕਿਹਾ। 

ਅਰੋੜਾ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਹੁਸ਼ਿਆਰਪੁਰ ਵਿੱਚ ਕਾਂਗਰਸ ਪਾਰਟੀ‌ ਮਜਬੂਤ ਨਹੀਂ ਰਹੀ ਜਿੰਨੀ ਕਿ ਉਨ੍ਹਾਂ ਦੀ ਗਵਾਹੀ ਵਿੱਚ ਸੀ ਤੇ ਅੱਜ ਜਿਲ੍ਹੇ ਅੰਦਰ ਕਾਂਗਰਸ ਨੂੰ ਹੋਰ ਬਲ ਮਿਲਿਆ ਤੇ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਦੀਆਂ ਉਮੀਦਾਂ ਪੂਰੀਆਂ ਹੋਈਆਂ। ਉਹ ਹਮੇਸ਼ਾ ਹੀ ਅਰੋੜਾ ਦੀ ਗੈਰ ਹਾਜ਼ਰੀ ਮਹਿਸੂਸ ਕਰ ਰਹੇ ਸਨ। ਅੱਜ ਕਾਂਗਰਸ ਪਾਰਟੀ ਹੁਸ਼ਿਆਰਪੁਰ ਵਿੱਚ ਪੂਰੀ ਮਜਬੂਤੀ ਨਾਲ ਅੱਗੇ ਵੱਧ ਸਕਦੀ ਹੈ।


Rakesh

Content Editor

Related News