ਕਤਲ ਕਾਂਡ : ਮਾਂ-ਧੀ ਤੇ ਤਾਂਤ੍ਰਿਕ ਨੇ 11ਹਜ਼ਾਰ ਰੁਪਏ ਲਈ ਕੀਤਾ ਸੀ ਕਤਲ

09/18/2018 4:45:52 AM

ਬਠਿੰਡਾ, (ਬਲਵਿੰਦਰ)- ਬੀਤੇ ਦਿਨੀਂ ਪਿੰਡ ਚੱਕ ਫਤਹਿ ਸਿੰਘ ਵਾਲਾ ਵਿਖੇ ਹੋਏ ਕਤਲ ਦੀ ਗੁੱਥੀ ਸੁਲਝ ਗਈ ਹੈ, ਜੋ ਸਿਰਫ 11  ਹਜ਼ਾਰ ਰੁਪਏ ਲਈ ਕੀਤਾ ਗਿਆ ਸੀ। ਇਸ ਮਾਮਲੇ ’ਚ ਪੁਲਸ ਨੇ ਮਾਂ-ਧੀ ਅਤੇ ਇਕ ਤਾਂਤ੍ਰਿਕ ਬਾਬੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਚੱਕ ਫਤਹਿ ਸਿੰਘ ਵਾਲਾ ਦੀ ਫਿਰਨੀ ਤੋਂ ਖੂਨ ਨਾਲ ਲਥਪਥ ਹਾਕਮ ਸਿੰਘ ਦਿਹਾਡ਼ੀਦਾਰ ਮਜ਼ਦੂਰ ਦੀ ਲਾਸ਼ ਮਿਲੀ ਸੀ। ਉਕਤ ਦੀ ਮੌਤ ਇਕ ਸਡ਼ਕ ਹਾਦਸਾ ਜਾਪ ਰਹੀ ਸੀ ਪਰ  ਹਾਕਮ ਸਿੰਘ ਦੇ ਪੁੱਤਰ ਸੰਦੀਪ ਸਿੰਘ ਨੇ ਆਪਣੀ ਸ਼ਿਕਾਇਤ ਵਿਚ ਕਤਲ ਹੋਣ ਦਾ ਸ਼ੱਕ ਜ਼ਾਹਰ ਕੀਤਾ। 
ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਐੱਸ. ਪੀ. ਸਵਰਨ ਸਿੰਘ ਖੰਨਾ ਦੀ ਅਗਵਾਈ ਹੇਠ ਇਕ ਜਾਂਚ ਕਮੇਟੀ ਦਾ ਗਠਨ ਕੀਤਾ, ਜਿਸ ਵਿਚ ਡੀ. ਐੱਸ. ਪੀ. ਜਸਵੀਰ ਸਿੰਘ ਤੇ ਐੱਸ. ਆਈ. ਤਰਜਿੰਦਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ-2 ਨੂੰ ਵੀ ਸ਼ਾਮਲ ਕੀਤਾ ਗਿਆ। ਪੁਲਸ ਪਾਰਟੀ ਨੇ ਪਡ਼ਤਾਲ ਦੌਰਾਨ ਪਾਇਆ ਕਿ ਘਰ ਦੇ ਅੰਦਰ ਖੂਨ ਦੇ  ਨਿਸ਼ਾਨ ਪਾਏ ਗਏ, ਜੋ ਸਾਫ ਕੀਤੇ ਜਾਣ ਤੋਂ ਬਾਅਦ ਵੀ ਰਹਿ ਗਏ ਸਨ। ਹਾਕਮ ਸਿੰਘ ਭਾਵੇਂ ਦਿਹਾਡ਼ੀਦਾਰ ਕਾਮਾ ਸੀ ਪਰ ਉਸਨੇ ਪੈਸੇ ਇਕੱਠੇ ਕੀਤੇ ਹੋਏ ਸਨ, ਜੋ ਉਹ ਹੋਰ ਲੋਕਾਂ ਨੂੰ ਵਿਆਜ ’ਤੇ ਦਿੰਦਾ ਸੀ। ਜਾਂਚ ਹੋਰ ਗੰਭੀਰ ਹੁੰਦੀ ਗਈ।
 ਡਾ. ਨਾਨਕ ਸਿੰਘ ਅਨੁਸਾਰ ਇਸੇ ਪਿੰਡ ਦੀ ਕਿਰਨਜੀਤ ਕੌਰ ਤੇ ਉਸਦੇ ਜਾਣਕਾਰ ਬਾਬਾ ਰਾਮ ਸਿੰਘ ਤਾਂਤ੍ਰਿਕ ਨੇ ਮਿਲ ਕੇ ਹਾਕਮ ਸਿੰਘ ਨਾਲ ਠੱਗੀ ਮਾਰਨ ਦੀ ਯੋਜਨਾ ਬਣਾਈ। 
ਉਨ੍ਹਾਂ ਨੇ ਸੋਨੇ ਦੀ ਇਕ ਨਕਲੀ ਚੇਨ ਬਣਾਈ ਤੇ ਹਾਕਮ ਸਿੰਘ ਕੋਲ ਗਹਿਣੇ ਰੱਖ ਕੇ 11000 ਰੁਪਏ ਵਿਆਜ ’ਤੇ ਲੈ ਲਏ, ਜਦੋਂ ਸਮਾਂ ਰਹਿੰਦੇ ਪੈਸੇ ਵਾਪਸ ਨਾ ਮਿਲੇ ਤਾਂ ਹਾਕਮ ਸਿੰਘ ਨੇ ਚੇਨ ਚੈੱਕ ਕਰਵਾਈ ਤਾਂ ਪਤਾ ਲੱਗਾ ਕਿ ਚੇਨ  ਨਕਲੀ ਹੈ। ਫਿਰ ਉਸਨੇ ਕਿਰਨਜੀਤ ਕੌਰ ਨੂੰ ਤਾਡ਼ਨਾ ਕੀਤੀ ਕਿ ਜੇਕਰ ਉਸਦੇ ਪੈਸੇ ਵਿਆਜ ਸਮੇਤ  ਵਾਪਸ ਨਾ ਕੀਤੇ ਤਾਂ ਉਹ ਨਕਲੀ ਸੋਨੇ ਦੀ ਚੇਨ ਦੇ ਮਾਮਲੇ ’ਚ ਉਸ ਵਿਰੁੱਧ 420 ਦਾ ਕੇਸ ਦਰਜ ਕਰਵਾਏਗਾ। ਖੁਦ ਨੂੰ ਫਸੇ ਵੇਖ ਕੇ ਕਿਰਨਜੀਤ ਕੌਰ  ਨੇ ਬਾਬਾ ਰਾਮ  ਸਿੰਘ ਨਾਲ  ਮਿਲ  ਕੇ ਉਸ ਨੂੰ ਖਤਮ ਕਰਨ ਦੀ ਯੋਜਨਾ ਬਣਾ ਲਈ। 
ਅੰਤ ਉਨ੍ਹਾਂ ਨੇ 14 ਸਤੰਬਰ  ਦੀ ਰਾਤ ਨੂੰ ਹਾਕਮ ਸਿੰਘ ਦੇ ਘਰ ਆ ਕੇ ਲੋਹੇ ਦੀ ਪਾਈਪ ਨਾਲ ਉਸਦਾ ਕਤਲ ਕਰ ਦਿੱਤਾ। ਫਿਰ ਕਿਰਨਜੀਤ ਕੌਰ ਤੇ ਉਸਦੀ ਮਾਂ ਸੁਖਪਾਲ ਕੌਰ ਲਾਸ਼ ਨੂੰ ਪੱਲੀ ’ਚ ਪਾ ਕੇ ਆਪਣੇ ਘਰ ਲੈ ਗਈਆਂ, ਜਿਥੋਂ ਲਾਸ਼ ਨੂੰ ਪਿੰਡ ਦੀ ਫਿਰਨੀ ’ਤੇ ਸੁੱਟ ਦਿੱਤਾ ਗਿਆ ਤਾਂ ਕਿ ਸਡ਼ਕ ਹਾਦਸਾ ਨਜ਼ਰ ਆਵੇ। 
 ਪੁਲਸ ਨੇ ਤਿੰਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਅਣਪਛਾਤੇ ਕਾਤਲਾਂ ਵਿਰੁੱਧ ਦਰਜ ਮੁਕੱਦਮੇ ’ਚ ਮੁਲਜ਼ਮਾਂ ਵਜੋਂ ਕਿਰਨਜੀਤ ਕੌਰ, ਬਾਬਾ ਰਾਮ ਤੇ ਸੁਖਪਾਲ ਕੌਰ ਦਾ ਨਾਂ ਲਿਖ ਲਿਆ ਗਿਆ ਹੈ। 
 


Related News