ਫੌਜੀ ਜਵਾਨ ਨੇ ਦੋ ਸਾਥੀਆਂ ਨੂੰ ਗੋਲੀਆਂ ਮਾਰਨ ਉਪਰੰਤ ਖੁਦ ਨੂੰ ਵੀ ਮਾਰੀ ਗੋਲੀ

09/18/2018 3:11:46 AM

ਤਰਨਤਾਰਨ,   (ਬਲਵਿੰਦਰ ਕੌਰ)-  ਹਿਮਾਚਲ ਦੇ ਮਕਲੌਡਗੰਜ ਵਿਖੇ ਬੀਤੀ ਰਾਤ 18 ਸਿੱਖ ਰੈਜੀਮੈਂਟ ਦੇ ਇਕ ਜਵਾਨ ਨੇ ਆਪਣੇ ਦੋ ਸਾਥੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਇਨ੍ਹਾਂ ਮਾਰੇ ਗਏ ਦੋ ਨੌਜਵਾਨਾਂ ’ਚੋਂ ਇਕ ਨੌਜਵਾਨ ਜ਼ਿਲਾ ਤਰਨਤਾਰਨ ਦੇ ਪਿੰਡ ਮਰਹਾਣਾ (ਹਰੀਕੇ ਪੱਤਣ) ਦਾ ਸੀ। ਮ੍ਰਿਤਕ ਹਰਦੀਪ ਸਿੰਘ (43) ਪੁੱਤਰ ਚੈਂਚਲ ਸਿੰਘ ਵਾਸੀ ਮਰਹਾਣਾ ਹਾਲ ਵਾਸੀ ਪਲਾਟ ਬਸਤੀ ਹਰੀਕੇ ਦੀ ਮੌਤ ਦਾ ਸਮਾਚਾਰ ਮਿਲਣ ’ਤੇ ਹਰੀਕੇ ਪੱਤਣ ਅਤੇ ਪਿੰਡ ਮਰਹਾਣਾ ਵਿਚ ਸੋਗ ਦੀ ਲਹਿਰ ਦੌਡ਼ ਗਈ। ਫ਼ੌਜੀ ਹਰਦੀਪ ਸਿੰਘ 1996 ਵਿਚ ਫ਼ੌਜ ਵਿਚ ਭਰਤੀ ਹੋਇਆ ਸੀ ਅਤੇ ਇਸ ਸਮੇਂ ਹੌਲਦਾਰ ਵਜੋਂ ਮਕਲੌਡਗੰਜ ਵਿਚ ਤਾਇਨਾਤ ਸੀ। ਮ੍ਰਿਤਕ ਫ਼ੌਜੀ ਹਰਦੀਪ ਸਿੰਘ ਅੰਮ੍ਰਿਤਧਾਰੀ ਸੀ ਅਤੇ ਚਾਰ ਭੈਣ-ਭਰਾਵਾਂ ’ਚੋਂ ਸਭ ਤੋਂ ਵੱਡਾ ਸੀ। ਉਹ ਆਪਣੇ ਪਿੱਛੇ ਵਿਧਵਾ ਮਾਤਾ, ਪਤਨੀ ਸਮੇਤ ਇਕ ਬੇਟਾ ਅਤੇ ਇਕ ਬੇਟੀ ਛੱਡ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਰਾਤ 2 ਵਜੇ ਵਾਪਰੀ ਸੀ ਪਰ ਉਸ ਦੀ ਪਤਨੀ ਪਰਮਜੀਤ ਕੌਰ ਨੂੰ ਸ਼ਾਮ 5 ਵਜੇ ਤੱਕ ਹਰਦੀਪ ਸਿੰਘ ਦੀ ਮੌਤ ਬਾਰੇ ਦੱਸਿਆ ਨਹੀਂ ਗਿਆ ਪਰ ਰਿਸ਼ਤੇਦਾਰ ਤੇ ਪਿੰਡ ਵਾਸੀ ਉਨ੍ਹਾਂ ਦੇ ਘਰ ਪਹੁੰਚਣ ’ਤੇ ਪਰਿਵਾਰ ਨੂੰ ਕਿਸੇ ਅਣਸੁਖਾਵੀਂ ਘਟਨਾ ਦਾ ਅੰਦੇਸ਼ਾ ਹੋਣ ’ਤੇ ਫੌਜੀ ਦੀ ਪਤਨੀ ਪਰਮਜੀਤ ਕੌਰ ਵੱਲੋਂ ਵਾਰ-ਵਾਰ ਆਪਣੇ ਪਤੀ ਹਰਦੀਪ ਸਿੰਘ ਨਾਲ ਫ਼ੋਨ ’ਤੇ ਰਾਬਤਾ ਕਰਨ ਲਈ ਰਿਸ਼ਤੇਦਾਰਾਂ ਨੂੰ ਆਖ ਰਹੀ ਸੀ। ਫੌਜੀ ਦੀ ਮਾਤਾ ਕਸ਼ਮੀਰ ਕੌਰ ਸਦਮਾ ਲੱਗਣ ਦੇ ਬਾਵਜੂਦ ਵੀ ਪੋਤੇ-ਪੋਤੀ ਨੂੰ ਸਭ ਠੀਕ ਹੋਣ ਦਾ ਦਿਲਾਸਾ ਦੇ ਰਹੀ ਸੀ। 
 


Related News