ਸਿਪਾਹੀ ਹਰਪਾਲ ਸਿੰਘ ’ਚ ਬਚਪਨ ਤੋਂ ਹੀ ਸੀ ਦੇਸ਼ ਸੇਵਾ ਦਾ ਜਜ਼ਬਾ

09/18/2018 2:34:27 AM

ਗੁਰਦਾਸਪੁਰ/ਦੋਰਾਂਗਲਾ,    (ਵਿਨੋਦ, ਨੰਦਾ)-  ਬੀਤੀ ਰਾਤ ਹਿਮਾਚਲ ਪ੍ਰਦੇਸ਼ ਦੇ  ਸ਼ਹਿਰ ਮੈਕਲੋਡਗੰਜ ਵਿਚ ਇਕ ਸੈਨਿਕ ਦੇ ਹੱਥੋਂ ਮਾਰੇ ਗਏ ਦੋ ਸੈਨਿਕਾਂ ’ਚੋਂ ਇਕ ਹਰਪਾਲ ਸਿੰਘ ਜ਼ਿਲਾ ਗੁਰਦਾਸਪੁਰ ਦੇ ਸਰਹੱਦੀ ਪਿੰਡ ਠੁੰਡੀ ਦਾ ਰਹਿਣ ਵਾਲਾ ਸੀ । ਉਹ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, ਪਤਨੀ ਤੇ ਦੋ ਲਡ਼ਕੇ ਛੱਡ ਗਿਆ ਹੈ। ਇਸ ਸਬੰਧੀ ਪਿੰਡ ਵਾਸੀਅਾਂ ਨੇ ਦੱਸਿਆ ਕਿ ਮ੍ਰਿਤਕ ਸਿਪਾਹੀ ਹਰਪਾਲ ਸਿੰਘ ਬਹੁਤ ਹੀ ਵਧੀਆ ਸੁਭਾਅ ਦਾ  ਸੀ।  ਉਸ  ’ਚ  ਦੇਸ਼-ਭਗਤੀ  ਦਾ   ਜਜ਼ਬਾ   ਕੁੱਟ-ਕੁੱਟ ਕੇ ਭਰਿਆ  ਹੋਇਆ ਸੀ।   ਬਚਪਨ ਤੋਂ  ਹੀ  ਦੇਸ਼  ਦੀ  ਸੇਵਾ  ਲਈ  ਫੌਜ  ’ਚ  ਭਰਤੀ   ਹੋਣਾ  ਚਾਹੁੰਦਾ  ਸੀ।  ਬੀਤੀ ਰਾਤ ਮੈਕਲੋਡਗੰਜ ਵਿਚ ਇਕ ਸਿਪਾਹੀ ਵੱਲੋਂ ਰਾਤ ਲਗਭਗ 2 ਵਜੇ ਆਪਣੇ ਦੋ ਸਾਥੀਅਾਂ ਦੀ ਯੂਨਿਟ ਦੇ ਅੰਦਰ ਹੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਲਈ ਗਈ ਸੀ। ਇਨ੍ਹਾਂ ਮਾਰੇ ਗਏ ਤਿੰਨ ਜਵਾਨਾਂ ’ਚ ਹਰਪਾਲ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਠੁੰਡੀ ਦਾ ਰਹਿਣ ਵਾਲਾ ਸੀ। ਘਟਨਾ ਤੋਂ ਬਾਅਦ  ਪਰਿਵਾਰ  ਦਾ  ਰੋ-ਰੋ   ਕੇ ਬੁਰਾ  ਹਾਲ ਸੀ। 
 ਹਰਪਾਲ ਸਿੰਘ ਦੇ ਵੱਡੇ ਭਰਾ ਵਿਕਰਮਜੀਤ ਸਿੰਘ ਤੇ ਮਾਤਾ ਦੀ ਮੌਤ ਹੋ ਚੁੱਕੀ ਹੈ। ਉਸ ਦਾ ਬਜ਼ੁਰਗ ਪਿਤਾ ਆਪਣੀ  ਪੁਸ਼ਤੈਨੀ ਜ਼ਮੀਨ ’ਤੇ ਖੇਤੀ ਕਰਦਾ ਹੈ ਜਦਕਿ ਉਸ ਦੀ ਪਤਨੀ ਰੁਪਿੰਦਰ ਕੌਰ ਵੀ ਘਰ ਵਿਚ ਰਹਿੰਦੀ ਹੈ ਅਤੇ ਉਸ ਦੇ ਦੋ ਲਡ਼ਕੇ ਲਿਟਲ ਫਲਾਵਰ ਸਕੂਲ ਦੀਨਾਨਗਰ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਹਨ। ਪਿੰਡ ਵਾਸੀਅਾਂ  ਅਨੁਸਾਰ ਹਰਪਾਲ ਸਿੰਘ ਜਦੋਂ ਵੀ ਪਿੰਡ ਛੁੱਟੀ  ’ਤੇ ਆਉਂਦਾ ਤਾਂ ਪੂਰੇ ਪਿੰਡ ਨਾਲ ਬਹੁਤ ਚਾਅ ਨਾਲ ਮਿਲਦਾ ਸੀ ਅਤੇ ਬਹੁਤ ਹੀ ਮਿਲਣਸਾਰ ਤੇ  ਨੇਕ ਆਦਮੀ ਸੀ।
ਸਾਲ 2000 ’ਚ ਫੌਜ ’ਚ ਹੋਇਆ ਸੀ ਭਰਤੀ
ਪਿੰਡ ਵਾਸੀਅਾਂ  ਨੇ  ਦੱਸਿਆ ਕਿ 10ਵੀਂ ਦੀ ਪੜ੍ਹਾਈ ਤੋਂ ਬਾਅਦ ਸਾਲ 2000 ’ਚ   ਹਰਪਾਲ  ਸਿੰਘ ਫੌਜ ’ਚ ਭਰਤੀ ਹੋ ਗਿਆ ਸੀ। ਇਸ ਦੌਰਾਨ ਲਦਾਖ ਸਮੇਤ ਕਈ ਸਥਾਨਾਂ ’ਤੇ ਬੜੇ ਚੰਗੇ ਢੰਗ ਨਾਲ ਦੇਸ਼ ਸੇਵਾ ਕੀਤੀ ਪਰ ਧਰਮਸ਼ਾਲਾ ’ਚ ਬੀਤੀ ਰਾਤ ਕੀ ਹੋਇਆ ਜਿਸ ਤੋਂ ਬਾਅਦ ਦੂਸਰੇ ਜਵਾਨ ਨੇ ਗੋਲੀਅਾਂ ਮਾਰ ਕੇ ਉਸਦੀ ਜਾਨ ਲੈ ਲਈ, ਬਾਰੇ ਅਜੇ ਕੁਝ ਪਤਾ ਨਹੀਂ। ਸੂਤਰਾਂ ਮੁਤਾਬਕ ਮ੍ਰਿਤਕ ਜਵਾਨ ਦੇ ਪਿਤਾ ਤਰਸੇਮ ਸਿੰਘ ਵੀ ਖੁਦ ਫੌਜ ਤੋਂ ਸੇਵਾ ਮੁਕਤ ਫੌਜੀ ਹਨ।

ਪਿੰਡ ਵਾਸੀਅਾਂ ਨੂੰ ਨਹੀਂ ਹੋਇਆ ਮੌਤ ’ਤੇ ਵਿਸ਼ਵਾਸ
ਮ੍ਰਿਤਕ ਸਿਪਾਹੀ ਹਰਪਾਲ ਸਿੰਘ ਦੇ ਫੁੱਫਡ਼ ਦੇ ਲਡ਼ਕੇ ਸੁਖਵਿੰਦਰ ਸਿੰਘ ਵਾਸੀ ਸੁਲਤਾਨੀ ਨੇ ਦੱਸਿਆ ਕਿ ਉਸਦੀ ਮੌਤ  ’ਤੇ  ਉਨ੍ਹਾਂ  ਅਤੇ  ਪਿੰਡ  ਵਾਸੀਅਾਂ  ਨੂੰ  ਯਕੀਨ  ਨਹੀਂ  ਆ ਰਿਹਾ। ਪਿੰਡ  ’ਚ ਸੋਗ ਦਾ ਮਾਹੌਲ ਹੈ । ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਸ ਦੀ ਲਾਸ਼ 18  ਸਤੰਬਰ ਨੂੰ ਪਿੰਡ ਪਹੁੰਚੇਗੀ ਅਤੇ ਅੰਤਿਮ ਸੰਸਕਾਰ ਕੀਤਾ ਜਾਵੇਗਾ।
 


Related News