ਗੈਸ ਏਜੰਸੀ ’ਚੋਂ 5 ਲੱਖ ਰੁਪਏ ਦੀ ਨਕਦੀ ਚੋਰੀ

09/18/2018 1:14:11 AM

 ਰੂਪਨਗਰ,   (ਵਿਜੇ)-  ਜ਼ਿਲਾ ਰੂਪਨਗਰ ’ਚ ਪਿਛਲੇ ਕੁਝ ਦਿਨਾਂ ਤੋਂ ਚੋਰੀ ਦੀਆਂ ਵਾਰਦਾਤਾਂ ’ਚ ਕਾਫੀ ਵਾਧਾ ਹੋਇਆ ਹੈ।
 ਰੂਪਨਗਰ ’ਚ ਜੋਤੀ ਗੈਸ ਏਜੰਸੀ ’ਚ ਬੀਤੀ ਰਾਤ ਕਰੀਬ 5 ਲੱਖ ਰੁਪਏ ਨਕਦ ਚੋਰੀ ਹੋ ਗਏ। ਪਤਾ ਚੱਲਿਆ ਹੈ ਕਿ ਹਵੇਲੀ ਰੋਡ ਰੂਪਨਗਰ ਸਥਿਤ ਜੋਤੀ ਗੈਸ ਏਜੰਸੀ ਦੇ ਮਾਲਕ ਬੀਤੀ ਸ਼ਾਮ ਕਰੀਬ 5 ਲੱਖ ਰੁਪਏ ਨਕਦ ਗੈਸ ਏਜੰਸੀ ਦੇ ਦਫਤਰ ’ਚ ਛੱਡ ਕੇ ਗਏ ਸਨ। ਜਦੋਂ ਸਵੇਰੇ ਦਫਤਰ ਖੁੱਲ੍ਹਿਆ ਤਾਂ ਨਕਦੀ ਚੋਰੀ ਹੋ ਚੁੱਕੀ ਸੀ ਜਿਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਨੇ ਮੌਕੇ ’ਤੇ ਆ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ।  ਚੋਰਾਂ ਨੇ ਦਫਤਰ ਦੀ ਇਕ ਗਰਿੱਲ ਤੋਡ਼ ਕੇ ਸੰਨ੍ਹ ਲਾਈ ਅਤੇ ਇਹ ਵਾਰਦਾਤ ਰਾਤ ਕਰੀਬ 1 ਵਜੇ ਦੀ ਦੱਸੀ ਜਾਂਦੀ ਹੈ, ਸੀ.ਸੀ.ਟੀ.ਵੀ. ਫੁਟੇਜ ਦੇ ਅਨੁਸਾਰ 12.56 ਵਜੇ ਚੋਰ ਅੰਦਰ ਦਾਖਲ ਹੋਏ ਅਤੇ 1.05 ਵਜੇ ਚੋਰੀ ਕਰ ਕੇ ਫਰਾਰ ਹੋ ਗਏ। ਜੋਤੀ ਗੈਸ ਏਜੰਸੀ ਦੀ ਮਾਲਕਣ ਸੁਰਿੰਦਰ ਕੌਰ ਨੇ ਦੱਸਿਆ ਕਿ ਸਵੇਰੇ ਜਦੋਂ ਦਫਤਰ ਖੁੱਲ੍ਹਿਆ ਤਾਂ ਉਨ੍ਹਾਂ ਦਾ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ। ਦਫਤਰ ’ਚ ਚੋਰ ਨਕਦੀ, ਉਨ੍ਹਾਂ ਦਾ ਪਾਸਪੋਰਟ ਅਤੇ ਕੰਪਨੀ ਦੇ ਜ਼ਰੂਰੀ ਦਸਤਾਵੇਜ਼ ਵੀ ਲੈ ਗਏ।  
ਐੱਸ.ਐੱਚ.ਓ. ਸਿਟੀ ਸੰਨੀ ਖੰਨਾ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।  ਜਦੋਂ ਕਿ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।  
 


Related News