ਬੀਮਾਰੀਆਂ ਨੂੰ ਸੱਦਾ ਦੇ ਰਿਹੈ ਖਾਲੀ ਥਾਵਾਂ ’ਤੇ ਖਡ਼੍ਹਾ ਪਾਣੀ ਤੇ ਸੁੱਟਿਆ ਕੂਡ਼ਾ

09/17/2018 2:11:33 AM

ਬਾਘਾਪੁਰਾਣਾ, (ਮੁਨੀਸ਼)- ਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ ਮੌਕੇ ਉੱਚੀਆਂ ਬਾਂਹਵਾਂ ਕਰ ਕੇ ਲੋਕਾਂ ਨੂੰ ਆਪਣੇ ਚੌਗਿਰਦੇ ਨੂੰ ਸਾਫ-ਸੁਥਰਾ ਬਣਾਉਣ ਦੇ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਹੋਕੇ ਦਾ ਨਾ ਤਾਂ ਲੋਕਾਂ ’ਤੇ ਅਸਰ ਹੋਇਆ ਅਤੇ ਨਾ ਹੀ ਪ੍ਰਸ਼ਾਸਨ ਨੇ ਹੀ ਆਪਣੇ ਸੰਕਲਪ ’ਤੇ ਪਹਿਰਾ ਦੇਣ ਲਈ ਕੋਈ ਦ੍ਰਿਡ਼੍ਹਤਾ ਦਿਖਾਈ। ਸਿੱਟੇ ਵਜੋਂ ਗੰਦਗੀ ਦੇ ਢੇਰਾਂ ਦੀ ਜਕਡ਼ ਪਹਿਲਾਂ ਨਾਲੋਂ ਵੀ ਸ਼ਹਿਰ ਦੇ ਚੱਪੇ-ਚੱਪੇ ਅੰਦਰ ਮਜ਼ਬੂਤ ਹੁੰਦੀ ਜਾ ਰਹੀ ਹੈ। ਸ਼ਹਿਰ  ਦੀਆਂ  ਖਾਲੀ ਥਾਵਾਂ ’ਤੇ  ਖੜ੍ਹਾ  ਪਾਣੀ  ਤੇ ਲੋਕਾਂ ਵੱਲੋਂ ਸੁੱਟੀ ਜਾ ਰਹੀ ਗੰਦਗੀ  ਤੋਂ ਉੱਠਦੀ ਬਦਬੂ ਅਤੇ ਭਿਣਕਦਾ ਮੱਖੀ-ਮੱਛਰ, ਜਿੱਥੇ ਵਾਤਾਵਰਣ ਨੂੰ ਦੂਸ਼ਿਤ ਕਰ ਰਿਹਾ ਹੈ, ਉਥੇ  ਹੀ ਇਹ ਭਿਆਨਕ ਬੀਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਹੈ। ਨਗਰ ਕੌਂਸਲ ਦੀ ਮਾਲਕੀ ਵਾਲੀਆਂ ਥਾਵਾਂ ’ਚ ਪਿਛਲੇ ਲੰਮੇ ਸਮੇਂ ਤੋਂ ਜਮ੍ਹਾ ਹੋਇਆ ਗੰਦਾ ਪਾਣੀ ਵੀ ਵਾਤਾਵਰਣ ਦੀ ਸ਼ੁੱਧਤਾ ਲਈ ਚੁਣੌਤੀ ਬਣਿਆ ਆ ਰਿਹਾ ਹੈ। ਭਾਵੇਂ ਨਗਰ ਕੌਂਸਲ ਨੇ ਨਿਕਾਸੀ ਨਾਲਿਆਂ ਦੇ ਨਿਰਮਾਣ ਵੱਲ ਉਚੇਚਾ ਧਿਆਨ ਦਿੰਦਿਆਂ ਸ਼ਹਿਰ ਦੇ ਪਾਣੀ ਦੀ ਨਿਕਾਸੀ ਲਈ ਵੱਡਾ ਹੰਭਲਾ ਮਾਰਿਆ ਹੈ ਪਰ ਜਿਸ ਡਰੇਨ ’ਚ ਸ਼ਹਿਰ ਦਾ ਪਾਣੀ ਪੈ ਰਿਹਾ ਹੈ ਉਸ ਦਾ ਗੰਦਗੀ ਨਾਲ ਨੱਕੋ-ਨੱਕ ਭਰੇ ਹੋਣ ਕਰ ਕੇ ਪਾਣੀ ਦਾ ਵਹਾਅ ਮੁਡ਼ ਉਲਟ ਦਿਸ਼ਾ ਵੱਲ ਹੋ ਰਿਹਾ ਹੈ। ਨਾਲਿਆਂ ਦੀ ਉਚਿਤ ਸਫਾਈ ਤੋਂ ਪਿਛਲੇ ਇਕ ਸਮੇਂ ਤੋਂ ਕੌਂਸਲ ਦੇ ਹਟ ਚੁੱਕੇ ਧਿਆਨ ਨੇ ਇਸ ਸਮੱਸਿਆ ਨੂੰ ਹੋਰ ਗੁੰਝਲਦਾਰ ਕਰ ਕੇ ਰੱਖ ਦਿੱਤਾ ਹੈ। ਲੋਕਾਂ ਦੀ ਇਹ ਵੀ ਪ੍ਰਮੁੱਖ ਸ਼ਿਕਾਇਤ ਹੈ ਕਿ ਨਾਲਿਆਂ ਦੀ ਸਫਾਈ ਮੌਕੇ ਕੱਢੇ ਜਾਂਦੇ ਕੁੂਡ਼ੇ ਦੇ ਵੱਡੇ ਢੇਰਾਂ ਨੂੰ ਸੁੱਕਣ ਤੋਂ ਬਾਅਦ ਵੀ ਨਾ ਚੁੱਕਿਆ ਜਾਂਦਾ ਹੋਣ ਕਰਕੇ ਇਸ ਤੋਂ ਉੱਡਣ ਵਾਲੀ ਧੂਡ਼ ਸਾਹ ਰਾਹੀਂ ਲੋਕਾਂ ਦੇ ਅੰਦਰ ਜਾ ਰਹੀ ਹੈ ਅਤੇ ਖਾਣ-ਪੀਣ ਵਾਲਾ ਸਾਮਾਨ ਵੀ ਪ੍ਰਭਾਵਿਤ ਹੋ ਰਿਹਾ ਹੈ।  ਗੰਦਗੀ ਦੇ ਸਤਾਏ ਲੋਕਾਂ ਨੇ ਕੌਂਸਲ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਹ ਖੁਦ ‘ਸਵੱਛ ਭਾਰਤ ਮੁਹਿੰਮ’ ’ਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਗੰਭੀਰਤਾ ਨਾਲ ਯਤਨ ਕਰੇ।
 ਦੂਜੇ ਪਾਸੇ ਨਗਰ ਕੌਂਸਲ ਦੇ ਪ੍ਰਧਾਨ ਅਨੂੰ ਮਿੱਤਲ ਅਤੇ ਕੌਂਸਲ ਦੇ ਕਾਰਜ ਸਾਧਕ ਅਫਸਰ ਨੇ ਕਿਹਾ ਕਿ ਪਾਣੀ ਦੀ ਨਿਕਾਸੀ ਲਈ ਕੌਂਸਲ ਨੇ ਪੁਖਤਾ ਪ੍ਰਬੰਧ ਕੀਤੇ ਹਨ ਅਤੇ ਸੈਨੇਟਰੀ ਇੰਸਪੈਕਟਰ ਸਫਾਈ ਪ੍ਰਤੀ ਆਪਣੀ ਟੀਮ ਸਮੇਤ ਦਿਨ-ਰਾਤ ਪਹਿਰਾ ਦੇ ਰਿਹਾ ਹੈ। ਸਵੱਛਤਾ ਦੇ ਨਾਅਰੇ ’ਤੇ ਪਹਿਰਾ ਦੇਣ ਦਾ ਸੰਕਲਪ ਉਨ੍ਹਾਂ ਮੁਡ਼ ਦੁਹਰਾਉਂਦਿਆਂ ਇਹ ਵੀ ਕਿਹਾ ਕਿ ਸਮੁੱਚੀ ਜ਼ਿੰਮੇਵਾਰੀ ਸਿਰਫ ਕੌਂਸਲ ’ਤੇ ਹੀ ਕੇਂਦ੍ਰਿਤ ਨਹੀਂ ਹੋ ਸਕਦੀ ਸਗੋਂ ਇਕ-ਇਕ ਸ਼ਹਿਰੀ ਨੂੰ ਵੀ ਇਸ ਮੁਹਿੰਮ ਵਿਚ ਪੂਰੀ ਤਨਦੇਹੀ ਨਾਲ ਸਾਥ ਦਿੰਦਿਆਂ ਆਪਣੇ ਚੌਗਿਰਦੇ ਨੂੰ ਸਾਫ਼ ਰੱਖਣਾ ਚਾਹੀਦਾ ਹੈ।
 


Related News