ਬਾਬਰ ਨੂੰ ਫਿਰ ਕਪਤਾਨ ਬਣਾਉਣ ’ਤੇ ਵਿਚਾਰ ਕਰ ਰਿਹੈ ਪਾਕਿਸਤਾਨ
Wednesday, Mar 27, 2024 - 09:13 PM (IST)
ਲਾਹੌਰ– ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੂੰ ਰਾਸ਼ਟਰੀ ਟੀਮ ਦੀ ਅਗਵਾਈ ਕਰਨ ਲਈ ਸ਼ਾਨ ਮਸੂਦ ਤੇ ਸ਼ਾਹੀਨ ਸ਼ਾਹ ਅਫਰੀਦੀ ਦੀ ਸਮਰੱਥਾ ’ਤੇ ਭਰੋਸਾ ਨਹੀਂ ਰਹਿ ਗਿਆ ਹੈ ਤੇ ਉਸ ਨੂੰ ਲੱਗਦਾ ਹੈ ਕਿ ਸਾਬਕਾ ਕਪਤਾਨ ਬਾਬਰ ਆਜ਼ਮ ਇਕ ਵਾਰ ਫਿਰ ਟੀਮ ਦੀ ਕਪਤਾਨੀ ਲਈ ਸਰਵਸ੍ਰੇਸ਼ਠ ਬਦਲ ਹੈ। ਪਿਛਲੇ ਸਾਲ ਭਾਰਤ ਵਿਚ ਵਨ ਡੇ ਵਿਸ਼ਵ ਕੱਪ ਦੌਰਾਨ ਪਾਕਿਸਤਾਨ ਦੇ ਗਰੁੱਪ ਗੇੜ ਵਿਚੋਂ ਅੱਗੇ ਨਾ ਵੱਧ ਸਕਣ ਤੋਂ ਬਾਅਦ ਬਾਬਰ ਨੇ ਸਾਰੇ ਸਵਰੂਪਾਂ ’ਚ ਟੀਮ ਦੀ ਕਪਤਾਨੀ ਛੱਡ ਦਿੱਤੀ ਸੀ।
ਮਸੂਦ ਨੂੰ ਜਿੱਥੇ ਟੈਸਟ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ ਤਾਂ ਉੱਥੇ ਹੀ, ਸ਼ਾਹੀਨ ਨੂੰ ਟੀ-20 ਟੀਮ ਦਾ ਕਪਤਾਨ ਬਣਾਇਆ ਗਿਆ ਸੀ।
ਪੀ. ਸੀ. ਬੀ. ਥਿੰਕ ਟੈਂਕ ਦੇ ਸੂਤਰਾਂ ਨੇ ਕਿਹਾ ਕਿ ਬੋਰਡ ਇਸ ਨਤੀਜੇ ’ਤੇ ਪਹੁੰਚਿਆ ਹੈ ਕਿ ਕੋਈ ਚੰਗਾ ਬਦਲ ਨਾ ਹੋਣ ਕਾਰਨ ਬਾਬਰ ਫਿਰ ਤੋਂ ਟੀਮ ਦੀ ਅਗਵਾਈ ਕਰਨ ਲਈ ਸਭ ਤੋਂ ਚੰਗਾ ਬਦਲ ਹੈ। ਇਕ ਸੂਤਰ ਨੇ ਦੱਸਿਆ, ‘‘ਮਜ਼ੇਦਾਰ ਗੱਲ ਇਹ ਹੈ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਬੋਰਡ ਦੇ ਪ੍ਰਧਾਨਗੀ ਅਹੁਦੇ ’ਚ ਬਦਲਾਅ ਦੇ ਨਾਲ ਅਹੁਦੇਦਾਰਾਂ ਨੇ ਟੈਸਟ ਤੇ ਟੀ-20 ਸਵਰੂਪਾਂ ’ਚ ਰਾਸ਼ਟਰੀ ਟੀਮ ਦੀ ਅਗਵਾਈ ਕਰਨ ਦੀ ਸ਼ਾਨ ਮਸੂਦ ਤੇ ਸ਼ਾਹੀਨ ਸ਼ਾਹ ਅਫਰੀਦੀ ਦੀ ਸਮਰੱਥਾ ’ਤੇ ਭਰੋਸਾ ਗੁਆ ਦਿੱਤਾ ਹੈ।’’