ਟੋਰੋਵਾਲ ਵਿਖੇ ਮਾਈਨਿੰਗ ਦਾ ਨਾਜਾਇਜ਼ ਧੰਦਾ ਜ਼ੋਰਾਂ ’ਤੇ, ਪ੍ਰਸ਼ਾਸਨ ਬੇਖਬਰ

09/17/2018 1:55:30 AM

ਬਲਾਚੌਰ/ਪੋਜੇਵਾਲ,    (ਕਟਾਰੀਆ/ਕਿਰਨ)–  ਪੰਜਾਬ ਸਰਕਾਰ ਵਲੋਂ ਭਾਵੇਂ ਮਾਈਨਿੰਗ ਦੇ ਗੈਰ-ਕਾਨੂੰਨੀ ਧੰਦੇ ’ਤੇ ਸ਼ਿਕੰਜਾ ਕੱਸਣ ਕਾਰਨ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਸੀ ਪਰ ਫਿਰ ਵੀ ਕੁਝ ਹੱਦ ਤਕ ਵਿਭਾਗ ਤੇ ਪ੍ਰਸ਼ਾਸਨ ਮਾਈਨਿੰਗ  ਵਿਰੁੱਧ ਨਰਮੀ ਵਰਤ ਰਿਹਾ ਹੈ। ਇਸ ਸਬੰਧੀ  ਲੋਕਾਂ ਨੇ ਦੱਸਿਆ ਕਿ ਪਿੰਡ ਟੋਰੋਵਾਲ ਨਜ਼ਦੀਕ ਸਕੂਲ ਦੀ ਗਰਾਊਂਡ ਦੇ ਪਿਛਲੇ ਪਾਸੇ ਕਰੀਬ ਮਹੀਨੇ ਭਰ ਤੋਂ ਸਾਰੀ-ਸਾਰੀ ਰਾਤ ਮਾਈਨਿੰਗ ਕੀਤੀ ਜਾ ਰਹੀ ਹੈ ਤੇ ਪਿੰਡ ਵਾਲੇ ਸੌਣ ਤੋਂ ਔਖੇ ਹਨ। ਪੋਜੇਵਾਲ ਥਾਣੇ ਤੋਂ ਕਰੀਬ 3-4 ਕਿਲੋਮੀਟਰ ਦੀ ਦੂਰੀ ’ਤੇ ਇਹ ਮਾਈਨਿੰਗ ਦਾ ਧੰਦਾ ਕੁਝ ਉੱਚ ਲੋਕਾਂ ਦੇ ਸਿਰ ’ਤੇ ਚੱਲ ਰਿਹਾ ਹੈ। ‘ਜਗ ਬਾਣੀ’ ਦੀ ਟੀਮ ਵਲੋਂ ਇਸ ਪਿੰਡ ਦੇ ਨਾਲ ਲੱਗਦੇ  ਜੰਗਲੀ ਇਲਾਕੇ ’ਚ ਜਾ ਕੇ ਸਟਿੰਗ ਆਪ੍ਰੇਸ਼ਨ ਕੀਤਾ ਗਿਆ, ਜਿਥੇ ਜੇ. ਸੀ. ਬੀ. ਮਸ਼ੀਨ ਚੱਲ ਰਹੀ ਸੀ ਤੇ ਦੋ ਟਰਾਲੀਆਂ ਭਰ ਕੇ ਨਿਕਲ ਰਹੀਆਂ ਸਨ ਤੇ ਕਰੀਬ 5  ਟਰੈਕਟਰ ਟਰਾਲੀਆਂ ਭਰਨ ਲਈ ਤਿਆਰ ਸਨ। ਉਥੇ ਮੌਜੂਦ ਵਿਅਕਤੀ ਤੋਂ ਜਦੋਂ ਪਰਮਿਸ਼ਨ ਬਾਰੇ ਪੁੱਛਿਆ ਗਿਆ ਤਾਂ ਉਹ ਜੇ. ਬੀ. ਸੀ. ਮਸ਼ੀਨ ਭਜਾ ਕੇ ਲੈ ਗਿਆ ਤੇ ਟਰਾਲੀਆਂ ਵੀ ਲੈ ਗਏ। ੳੁਸ ਨੇ ਕਿਹਾ ਕਿ ਕਿਸੇ ਵੱਡੇ ਆਗੂ ਦੀ ਮਸ਼ੀਨ ਹੈ ਪਰ ਇਸ ਪ੍ਰਤੀਨਿਧੀ ਵਲੋਂ ਉਨ੍ਹਾਂ ਨੂੰ ਆਪਣੇ ਕੈਮਰੇ ’ਚ ਕੈਦ ਕਰ ਲਿਆ ਗਿਆ।
ਦੌਰਾ ਕਰਨ ’ਤੇ  ਦੇਖਿਆ ਗਿਆ ਕਿ ਟੋਰੋਵਾਲ ਵਿਖੇ ਕਰੀਬ ਦੋ ਕਿੱਲੇ ਵਿਚ 10-15 ਫੁੱਟ ਡੂੰਘੇ ਖੱਡੇ ਪੁੱਟੇ ਹੋਏ ਸਨ। ਲੋਕਾਂ ਨੇ ਦੱਸਿਆ ਕਿ ਦਿਨ ਵੇਲੇ ਇਕ ਜੇ. ਬੀ. ਸੀ. ਮਸ਼ੀਨ ਚੱਲਦੀ ਹੈ ਪਰ ਰਾਤ ਵੇਲੇ ਤਾਂ ਦੋ ਜੇ. ਬੀ. ਸੀ. ਮਸ਼ੀਨਾਂ ਨਾਲ  ਭੜਥੂ  ਪਾਇਆ  ਜਾਂਦਾ  ਹੈ।  ਰਾਤ  ਵੇਲੇ   ਅੱਧੀ  ਦਰਜਨ  ਤੋਂ  ਵੱਧ ਟਿੱਪਰ  ਲੰਘਦੇ  ਹਨ। 
ਇਸ ਤਰ੍ਹਾਂ  ਚਾਂਦਪੁਰ ਰੁੜਕੀ ਤੇ ਕੁਨੈਲ ਦੀ ਹੱਦ ’ਤੇ ਪੱਥਰ ਖੱਡ ਦਾ ਸੀਨਾ ਚੀਰ ਕੇ 15-15 ਫੁੱਟ ਡੂੰਘੇ ਟੋਏ ਪਾਏ ਹੋੲੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਪ੍ਰਸ਼ਾਸਨ ਦੀ ਮਿਲੀਭੁਗਤ ਕਾਰਨ ਚੱਲ ਰਿਹਾ ਹੈ।
ਬਾਅਦ ’ਚ ਡੀ. ਐੈੱਸ. ਪੀ. ਬਲਾਚੌਰ ਰਾਜਪਾਲ ਸਿੰਘ ਦਾ ਫੋਨ ਆਉਣ ’ਤੇ ਉਨ੍ਹਾਂ  ਜਗ੍ਹਾ ਅਤੇ ਸਥਾਨ ਲਈ ਪੁੱਛਿਆ ਤੇ  ਕਿਹਾ  ਕਿ  ਐੱਸ.  ਐੱਚ.  ਓ.  ਤੁਹਾਡੇ  ਨਾਲ  ਸੰਪਰਕ  ਕਰੇਗਾ। ਜਦੋਂ ਐੈੱਸ. ਐੈੱਚ. ਓ. ਸੁਰਿੰਦਰ ਪਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਜਲਦੀ ਜਾ ਕੇ ਮੌਕਾ ਦੇਖ ਕੇ ਕਾਰਵਾਈ ਕਰ ਰਹੇ ਹਾਂ। ਐੈੱਸ. ਐੈੱਸ. ਪੀ. ਸਾਹਿਬ ਤੇ ਡੀ. ਸੀ. ਸਾਹਿਬ ਨੂੰ  ਮਾਈਨਿੰਗ ਦੀ ਫੋਟੇ ਤੇ ਸਟਿੰਗ ਆਪ੍ਰੇਸ਼ਨ ਦੀਆਂ ਫੋਟੋਆਂ ਤੇ ਜਗ੍ਹਾ ਦੀਆਂ ਤਸਵੀਰਾਂ ਕਰੀਬ 9-10 ਵਜੇ ਸਵੇਰੇ ਭੇਜੀਆਂ ਗਈਆਂ, ਜਿਸ ਵਿਚ ਸਭ ਕੁਝ ਸਾਫ ਦਿਖਾਈ ਦੇ ਰਿਹਾ ਹੈ।  ਪੋਜੇਵਾਲ ਦੇ ਐੈੱਸ. ਐੈੱਚ. ਓ. ਸੁਰਿੰਦਰ ਪਾਲ ਨੂੰ 2.45 ’ਤੇ ਤਿੰਨ ਵਾਰ ਕਾਰਵਾਈ ਲਈ ਫੋਨ ਕਰ ਕੇ ਪੁੱਛਣਾ ਚਾਹਿਆ  ਤਾਂ ਉਨ੍ਹਾਂ ਫੋਨ ਨਹੀਂ ਚੁੁੱਕਿਆ। ਥਾਣੇ ਦੇ ਮੁਨਸ਼ੀ ਰਵਿੰਦਰ ਤੋਂ ਪੁੱਛਿਆ ਗਿਆ ਕਿ ਮਾਈਨਿੰਗ ਸਬੰਧੀ ਕੋਈ ਪਰਚਾ ਦਰਜ ਹੋਇਆ ਤਾਂ ਉਨ੍ਹਾਂ ਕਿਹਾ ਕਿ ਨਾ ਹੀ ਕੋਈ ਮਸ਼ੀਨ ਫੜ ਕੇ ਲਿਆਂਦੀ ਹੈ, ਨਾ ਹੀ ਕੋਈ ਟਰਾਲੀ ਤੇ ਨਾ ਹੀ ਕੋਈ  ਪਰਚਾ ਹੋਇਆ ਹੈ। ਸਭ ਕੁਝ ਐੈੱਸ. ਐੈੱਚ. ਓ. ਸਾਹਿਬ ਨੂੰ ਹੀ ਪਤਾ ਹੈ।
ਜ਼ਿਕਰਯੋਗ ਹੈ ਕਿ ਡੀ. ਸੀ., ਐੈੱਸ. ਐੈੱਸ. ਪੀ. ਨੂੰ ਸਭ ਕੁਝ ਭੇਜਣ ਤੋਂ ਬਾਅਦ ਖਬਰ ਲਿਖੇ ਜਾਣ ਤਕ ਕੋਈ ਕਾਰਵਾਈ ਨਹੀਂ ਹੋ ਸਕੀ ਸੀ। ਜਦੋਂ ਇਸ ਸਬੰਧੀ ਮਾਈਨਿੰਗ ਵਿਭਾਗ ਦੇ ਮੈਨੇਜਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਜਦੋਂ ਵਿਧਾਇਕ ਬਲਾਚੌਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦੇ ਪੀ. ਏ. ਨੇ ਕਿਹਾ ਕਿ 20 ਮਿੰਟ ਬਾਅਦ ਫੋਨ ਕਰਨਾ।


Related News