ਇਟਲੀ ''ਚ ਨਸਲੀ ਭੇਦਭਾਵ ਕਾਰਨ ਸ਼ਰਨਾਰਥੀਆਂ ਦੀ ਕੁੱਟਮਾਰ, 7 ਦੋਸ਼ੀ ਗ੍ਰਿਫਤਾਰ

09/06/2018 11:51:21 AM

ਰੋਮ (ਸਾਬੀ ਚੀਨੀਆ)— ਇਟਲੀ ਦੇ ਰੋਮ ਸ਼ਹਿਰ 'ਚ ਨਸਲੀ ਭੇਦਭਾਵ ਦਾ ਵੱਡਾ ਮਾਮਲਾ ਸਾਹਮਣੇ ਆਇਆ। ਇੱਥੇ ਕੁਝ ਇਟਾਲੀਅਨਾਂ ਨੇ ਨਫਰਤ ਕਾਰਨ ਅਫਰੀਕਨ ਸ਼ਰਨਾਰਥੀਆਂ ਦੀ ਜਮ ਕੇ ਕੁੱਟਮਾਰ ਕੀਤੀ। ਇਸ ਸਬੰਧ ਵਿਚ ਇਟਾਲੀਅਨ ਪੁਲਸ ਵਲੋਂ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਸਾਰਾ ਘਟਨਾਕ੍ਰਮ ਉਸ ਸਮੇਂ ਵਾਪਰਿਆ, ਜਦੋਂ ਲੰਘੀ ਸ਼ਾਮ ਅਫਰੀਕਨ ਨਾਬਾਲਗ ਸ਼ਰਨਾਰਥੀਆਂ ਦਾ ਇਕ ਗਰੁੱਪ ਸ਼ਹਿਰ ਦੀ ਇਕ ਗਲੀ ਦੇ ਫੁੱਟਪਾਥ 'ਤੇ ਬੈਠਾ ਸੀ ਤਾਂ ਅਚਾਨਕ ਇਟਾਲੀਅਨ ਵਿਅਕਤੀਆਂ ਨੇ ਇਨ੍ਹਾਂ ਅਫਰੀਕਨਾਂ 'ਤੇ ਲੋਹੇ ਦੀਆਂ ਰਾਡਾਂ ਅਤੇ ਸੋਟੀਆਂ ਨਾਲ ਹਮਲਾ ਕਰਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। 

ਇਟਾਲੀਅਨ ਵਿਅਕਤੀਆਂ ਨੇ ਇਨ੍ਹਾਂ ਅਫਰੀਕਨਾਂ ਵਿਰੁੱਧ ਨਸਲੀ ਭੇਦਭਾਵ ਨੂੰ ਪ੍ਰਗਟਾਉਂਦੀ ਹੋਈ ਭੱਦੀ ਸ਼ਬਦਾਵਲੀ ਵੀ ਵਰਤੀ ਅਤੇ ਉਨ੍ਹਾਂ ਨੂੰ ਕਾਲੇ-ਕਾਲੇ ਸੰਬੋਧਨ ਕਰਦੇ ਹੋਏ ਇਟਲੀ ਛੱਡ ਕੇ ਜਾਣ ਲਈ ਵੀ ਕਹਿੰਦੇ ਰਹੇ। ਅਫਰੀਕਨਾਂ 'ਤੇ ਅਜਿਹੇ ਤਸ਼ੱਦਦ ਦੀ ਸੂਚਨਾ ਜਿਵੇਂ ਹੀ ਇਟਾਲੀਅਨ ਪੁਲਸ ਨੂੰ ਮਿਲੀ ਤਾਂ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਉਕਤ ਹਮਲਾਵਰਾਂ ਤੋਂ ਅਫਰੀਕਨ ਨੌਜਵਾਨਾਂ ਨੂੰ ਬਚਾਇਆ ਅਤੇ ਸਾਰੇ ਹਮਲਾਵਰਾਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ 'ਚ 2 ਔਰਤਾਂ ਵੀ ਸ਼ਾਮਲ ਹਨ। ਦੱਸਣਯੋਗ ਹੈ ਕਿ ਇਟਲੀ ਦਾ ਰੋਮ ਇਕ ਅਜਿਹਾ ਸ਼ਹਿਰ ਹੈ, ਜਿੱਥੇ ਵੱਡੀ ਗਿਣਤੀ 'ਚ ਅਫਰੀਕਨ ਲੋਕ ਵੱਸੇ ਹੋਏ ਹਨ।


Related News