ਕਿਸਾਨ ਕ੍ਰੈਡਿਟ ਕਾਰਡ ਨਾਲ ਜੁੜੇਗਾ ਫਸਲੀ ਬੀਮਾ, ਆਮਦਨ ਹੋ ਸਕਦੀ ਹੈ ਦੁੱਗਣੀ

08/13/2018 1:24:37 PM

ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਫਸਲਾਂ ਦੀ ਬਰਬਾਦੀ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਬੈਂਕਿੰਗ ਵਿਵਸਥਾ ਨਾਲ ਜੋੜਨ ਨੂੰ ਲੈ ਕੇ ਕਿਸਾਨ ਕ੍ਰੈਡਿਟ ਕਾਰਡ (ਕੇ. ਸੀ. ਸੀ.) ਨੂੰ ਪ੍ਰਧਾਨ ਮੰਤਰੀ ਫਸਲੀ ਬੀਮਾ ਯੋਜਨਾ ਲਈ ਇਕ ਸਮਗਰੀ ਦੇ ਰੂਪ 'ਚ ਵਰਤੋਂ ਕਰਨ ਦੀ ਯੋਜਨਾ ਬਣਾਈ ਹੈ।

 ਦਰਅਸਲ ਜਿਨ੍ਹਾਂ ਕਿਸਾਨਾਂ ਕੋਲ ਇਹ ਕਾਰਡ ਹਨ ਉਨ੍ਹਾਂ ਦੀ ਫਸਲ ਦਾ ਬੀਮਾ ਤਾਂ ਸਵੈਕਰ ਮਾਧਿਅਮ (ਆਟੋਮੈਟਿਕਲੀ) ਨਾਲ ਹੋ ਜਾਂਦਾ ਹੈ ਜਦੋਂ ਕਿ ਬਿਨਾਂ ਕਾਰਡ ਵਾਲੇ ਕਿਸਾਨ ਫਸਲੀ ਬੀਮਾ ਲੈਣ 'ਚ ਘੱਟ ਰੁਚੀ ਦਿਖਾਉਂਦੇ ਹਨ। ਖੇਤੀਬਾੜੀ ਮੰਤਰਾਲਾ ਦੀ ਨਿਗਰਾਨੀ 'ਚ ਚੱਲ ਰਹੀ ਫਸਲੀ ਬੀਮਾ ਯੋਜਨਾ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਕੰਪਨੀਆਂ ਬਿਨਾਂ ਕਾਰਡ ਵਾਲੇ ਕਿਸਾਨਾਂ ਨਾਲ ਸੰਪਰਕ ਸਾਧਣ 'ਚ ਲਾਪ੍ਰਵਾਹੀ ਵਰਤਦੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਅਜਿਹੇ ਕਿਸਾਨਾਂ ਨੂੰ ਬੀਮਾ ਮੁਹੱਈਆ ਕਰਵਾਉਣ 'ਚ ਕੰਪਨੀਆਂ ਨੂੰ ਵਾਧੂ ਖਰਚਾ ਕਰਨਾ ਪੈਂਦਾ ਹੈ। ਕੇ. ਸੀ. ਸੀ. 'ਚ ਕਿਸਾਨਾਂ ਨੂੰ ਨਿਰਧਾਰਤ ਰਾਸ਼ੀ ਤੱਕ ਉਧਾਰ ਮਿਲਦਾ ਹੈ ਅਤੇ ਬੈਂਕ ਉਸ 'ਤੇ ਘੱਟੋ-ਘੱਟ ਵਿਆਜ ਲੈਂਦੇ ਹਨ।

75 ਫ਼ੀਸਦੀ ਕਿਸਾਨਾਂ ਨੂੰ ਜੋੜਨ ਦਾ ਟੀਚਾ 

ਖੇਤੀਬਾੜੀ ਮੰਤਰਾਲਾ ਦੇ ਇਕ ਅਧਿਕਾਰੀ ਮੁਤਾਬਕ ਪਿਛਲੇ ਵਿੱਤੀ ਸਾਲ ਦੇ ਅੰਤ ਤੱਕ ਉੱਤਰ ਪ੍ਰਦੇਸ਼ 'ਚ ਸਭ ਤੋਂ ਜ਼ਿਆਦਾ 42.25 ਲੱਖ ਕਿਸਾਨਾਂ ਨੇ ਕੇ. ਸੀ. ਸੀ. ਅਪਣਾਇਆ ਹੈ ਅਤੇ ਇਹ ਕਿਰਿਆਸ਼ੀਲ ਹਨ, ਜਦੋਂ ਕਿ ਦੂਜੇ ਨੰਬਰ 'ਤੇ ਮਹਾਰਾਸ਼ਟਰ (22 ਲੱਖ ਤੋਂ ਜ਼ਿਆਦਾ) ਤੇ ਤੀਸਰੇ ਨੰਬਰ 'ਤੇ ਆਂਧਰਾ ਪ੍ਰਦੇਸ਼ (18 ਲੱਖ ਤੋਂ ਜ਼ਿਆਦਾ) ਹੈ। ਮੰਤਰਾਲਾ ਦਾ ਟੀਚਾ ਸਾਰੇ ਕਾਰਡਾਂ ਨੂੰ ਚਾਲੂ ਹਾਲਤ 'ਚ ਲਿਆਉਣ ਅਤੇ ਅਗਲੇ ਪੰਜ ਸਾਲਾਂ 'ਚ ਘੱਟ ਤੋਂ ਘੱਟ 75 ਫ਼ੀਸਦੀ ਕਿਸਾਨਾਂ ਨੂੰ ਇਸ ਨਾਲ ਜੋੜਨਾ ਹੈ।

ਏ. ਪੀ. ਐੱਮ. ਸੀ. ਕਾਨੂੰਨ ਨੂੰ ਅਪਨਾਉਣ ਨਾਲ ਕਿਸਾਨਾਂ ਦੀ ਕਮਾਈ ਹੋਵੇਗੀ ਦੁੱਗਣੀ

ਨੀਤੀ ਆਯੋਗ ਦੇ ਮੈਂਬਰ ਰਮੇਸ਼ ਚੰਦ ਨੇ ਕਿਹਾ ਹੈ ਕਿ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 'ਚ ਵਾਧਾ ਅਤੇ ਸੂਬਿਆਂ 'ਚ ਆਦਰਸ਼ ਏ. ਪੀ. ਐੱਮ. ਸੀ. ਕਾਨੂੰਨ ਅਪਣਾਏ ਜਾਣ ਨਾਲ ਸਾਲ 2022 ਤੱਕ ਕਿਸਾਨਾਂ ਦੀ ਕਮਾਈ ਨੂੰ ਦੁੱਗਣਾ ਕਰਨ 'ਚ ਮਦਦ ਮਿਲੇਗੀ। ਮੁਕਾਬਲੇਬਾਜ਼ ਬਾਜ਼ਾਰਾਂ ਨੂੰ ਉਤਸ਼ਾਹ ਦੇਣ ਸਮੇਤ ਇਹ ਕਦਮ ਸਰਕਾਰ ਦੇ ਪੰਜ ਸਾਲ 'ਚ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੇ ਟੀਚੇ ਦੇ ਬਰਾਬਰ ਹੈ।

 ਉਨ੍ਹਾਂ ਇਕ ਇੰਟਰਵਿਊ ਦੌਰਾਨ ਕਿਹਾ, ''ਮੈਨੂੰ ਪੂਰਾ ਭਰੋਸਾ ਹੈ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਸੁਝਾਏ ਗਏ ਉਪਰਾਲਿਆਂ ਨੂੰ ਸੂਬਾ ਸਰਕਾਰਾਂ ਅਪਣਾਉਂਦੀਆਂ ਹਨ ਤਾਂ ਅਸੀਂ ਰਾਸ਼ਟਰੀ ਪੱਧਰ 'ਤੇ ਇਸ ਟੀਚੇ ਨੂੰ ਹਾਸਲ ਕਰਨ ਦੀ ਹਾਲਤ 'ਚ ਹੋਵਾਂਗੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਖੇਤਰ 'ਚ ਵਿਕਾਸ ਦਰ 5 ਫ਼ੀਸਦੀ ਦੇ ਕਰੀਬ ਹੈ ਜੋ ਟੀਚਾ ਹਾਸਲ ਕਰਨ ਦੇ ਲਿਹਾਜ਼ ਨਾਲ ਉਚਿਤ ਹੈ। ਕੇਂਦਰ ਨੇ ਟੀਚਾ ਹਾਸਲ ਕਰਨ ਦੇ 'ਰੋਡਮੈਪ' ਦੇ ਹਿੱਸਿਆਂ 'ਚ ਕਿਸਾਨਾਂ ਵੱਲੋਂ 'ਬਿਹਤਰ ਮੁੱਲ ਪ੍ਰਾਪਤੀ' ਨੂੰ ਵੀ ਸ਼ਾਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕਮਾਈ ਦੁੱਗਣੀ ਕਰਨ ਦੇ ਟੀਚੇ ਨੂੰ ਵੱਖ-ਵੱਖ ਲਾਗਤਾਂ 'ਚ ਕਟੌਤੀ, ਫਸਲ ਲਈ ਉਚਿਤ ਮੁੱਲ ਦਿਵਾ ਕੇ, ਫਸਲ ਕਟਾਈ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਰੋਕ ਕੇ ਅਤੇ ਕਮਾਈ ਦੇ ਬਦਲਵੇਂ ਸਰੋਤਾਂ ਨੂੰ ਤਿਆਰ ਕਰ ਕੇ ਹਾਸਲ ਕੀਤਾ ਜਾ ਸਕਦਾ ਹੈ।


Related News