ਦੂਸ਼ਿਤ ਪਾਣੀ ਪੀਣ ਨਾਲ 22 ਸਾਲਾ ਨੌਜਵਾਨ ਦੀ ਮੌਤ

06/19/2018 5:50:53 AM

ਲੁਧਿਆਣਾ(ਸਹਿਗਲ)-ਬਹਾਦਰਕੇ ਰੋਡ ਸਥਿਤ ਭਾਰਤੀ ਕਾਲੋਨੀ 'ਚ ਗੰਦਾ ਪਾਣੀ ਪੀਣ ਕਾਰਨ ਇਕ 22 ਸਾਲਾ ਨੌਜਵਾਨ ਦੀ ਮੌਤ ਹੋ ਗਈ, ਜਦੋਂਕਿ 70 ਹੋਰ ਲੋਕ ਦੂਸ਼ਿਤ ਪਾਣੀ ਤੋਂ ਪ੍ਰਭਾਵਿਤ ਹੋਏ ਹਨ। ਸਿਹਤ ਵਿਭਾਗ ਦੇ ਐਪੀਡੀਮੋਲੋਜਿਸਟ ਡਾ. ਦਿਵਿਆਜੋਤ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਗੰਧਲੇ ਪਾਣੀ ਨਾਲ ਬੀਮਾਰੀ ਫੈਲਣ ਦਾ ਪਤਾ ਲਗਦੇ ਹੀ ਵਿਭਾਗ ਨੇ ਪ੍ਰਭਾਵਿਤ ਇਲਾਕੇ ਵਿਚ ਜਾ ਕੇ ਪਾਣੀ ਦੇ 5 ਸੈਂਪਲ ਭਰ ਕੇ ਜਾਂਚ ਲਈ ਭੇਜ ਦਿੱਤੇ ਹਨ। ਇਸ ਤੋਂ ਇਲਾਵਾ ਮੌਕੇ 'ਤੇ ਮੈਡੀਕਲ ਕੈਂਪ ਦੀ ਸਥਾਪਨਾ ਕਰ ਦਿੱਤੀ ਗਈ ਹੈ, ਜਿਸ ਵਿਚ ਅੱਜ ਗੈਸਟ੍ਰੋ (ਉਲਟੀਆਂ ਅਤੇ ਦਸਤ) ਤੋਂ ਪ੍ਰਭਾਵਿਤ 37 ਮਰੀਜ਼ ਇਲਾਜ ਕਰਵਾਉਣ ਪੁੱਜੇ। ਇਨ੍ਹਾਂ 'ਚ 18 ਮਰੀਜ਼ ਗਲੀ ਨੰਬਰ 1 ਤੋਂ ਸਾਹਮਣੇ ਆਏ। ਨੌਜਵਾਨ ਦੀ ਮੌਤ ਸਬੰਧੀ ਉਨ੍ਹਾਂ ਦੱਸਿਆ ਕਿ ਉਸ ਨੂੰ ਅੱਜ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਉਕਤ ਨੌਜਵਾਨ 4 ਦਿਨ ਤੋਂ ਉਲਟੀਆਂ-ਦਸਤ ਤੋਂ ਪੀੜਤ ਸੀ। ਗੰਭੀਰ ਮਰੀਜ਼ਾਂ ਵਿਚ 5 ਨੂੰ ਸਿਵਲ ਹਸਪਤਾਲ, ਜਦੋਂਕਿ 6 ਨੂੰ ਨਿੱਜੀ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ 20 ਦੇ ਕਰੀਬ ਮਰੀਜ਼ ਨਿੱਜੀ ਡਾਕਟਰਾਂ ਦੇ ਕਲੀਨਕ ਵਿਚ ਆਪਣਾ ਇਲਾਜ ਕਰਵਾਉਣ ਪੁੱਜੇ। ਡਾ. ਦਿਵਿਆਜੋਤ ਦੇ ਮੁਤਾਬਕ ਮੈਡੀਕਲ ਕੈਂਪ ਕੱਲ ਵੀ ਜਾਰੀ ਰਹੇਗਾ ਅਤੇ ਪ੍ਰਭਾਵਿਤ ਇਲਾਕੇ 'ਚ ਸਰਵੇ ਕਰਵਾਉਣ ਲਈ ਟੀਮਾਂ ਭੇਜੀਆਂ ਜਾਣਗੀਆਂ। ਅੱਜ ਪ੍ਰਭਾਵਿਤ ਇਲਾਕਿਆਂ 'ਚ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਗਈਆਂ। ਦੂਜੇ ਪਾਸੇ ਇਲਾਕਾ ਨਿਵਾਸੀਆਂ ਦਾ ਕਹਿਣਾ ਸੀ ਕਿ ਇਲਾਕੇ ਵਿਚ ਪਿਛਲੇ ਕਈ ਦਿਨਾਂ ਤੋਂ ਗੰਦਾ ਪਾਣੀ ਆ ਰਿਹਾ ਸੀ, ਜਿਸ ਵਿਚ ਸਵੇਰ ਅਤੇ ਸ਼ਾਮ ਨੂੰ ਪਾਣੀ ਦਾ ਰੰਗ ਮਟਮੈਲਾ ਨਜ਼ਰ ਆਉਂਦਾ ਹੈ।


Related News