ਮਾਮਲਾ ਪਤਨੀ ਦੇ ਕਤਲ ਦਾ : ਚਰਿੱਤਰ ''ਤੇ ਸ਼ੱਕ ਕਰਦਾ ਸੀ ਪਤੀ

06/19/2018 4:44:40 AM

ਖੰਨਾ(ਸੁਨੀਲ)-ਪੁਲਸ ਜ਼ਿਲਾ ਖੰਨਾ ਦੇ ਪਿੰਡ ਜੁਲਫਗੜ੍ਹ 'ਚ ਸ਼ਨੀਵਾਰ ਦੀ ਰਾਤ ਨੂੰ ਪਤਨੀ ਦੀ ਹੱਤਿਆ ਕਰਨ ਦੀ ਘਟਨਾ ਸਬੰਧੀ ਹੱਤਿਆਰੇ ਪਤੀ ਸੰਤੋਸ਼ ਵਾਸੀ ਪਿੰਡ ਸੰਜਾ ਜ਼ਿਲਾ ਪੂਰਨੀਆਂ (ਬਿਹਾਰ) ਦੀ ਗ੍ਰਿਫਤਾਰੀ ਦੇ ਬਾਅਦ ਅਹਿਮ ਖੁਲਾਸੇ ਹੋਏ ਹਨ। ਪੁਲਸ ਨੇ ਕਥਿਤ ਦੋਸ਼ੀ ਨੂੰ ਸੋਮਵਾਰ ਨੂੰ ਸਥਾਨਕ ਅਦਾਲਤ 'ਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ, ਉਥੇ ਹੀ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਹੱਤਿਆ ਦੇ ਬਾਅਦ ਕਥਿਤ ਦੋਸ਼ੀ ਆਪਣੇ ਬੱਚਿਆਂ ਨਾਲ ਭੱਜ ਗਿਆ ਸੀ, ਤਾਂ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਦੀਆਂ ਹਦਾਇਤਾਂ 'ਤੇ ਬਣਾਈ ਗਈ ਵਿਸ਼ੇਸ਼ ਟੀਮ, ਜਿਸਦੀ ਅਗਵਾਈ ਉਹ ਆਪ ਕਰ ਰਹੇ ਸਨ, ਨੇ ਕਥਿਤ ਦੋਸ਼ੀ ਨੂੰ ਕੁਝ ਘੰਟਿਆਂ 'ਚ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ। ਵਾਰਦਾਤ 'ਚ ਵਰਤਿਆ ਡੰਡਾ ਵੀ ਬਰਾਮਦ ਕਰ ਲਿਆ ਗਿਆ । ਪੁੱਛਗਿੱਛ 'ਚ ਕਥਿਤ ਦੋਸ਼ੀ ਨੇ ਆਪਣਾ ਜੁਰਮ ਸਵੀਕਾਰ ਕਰਦੇ ਹੋਏ ਕਿਹਾ ਕਿ ਉਸਨੂੰ ਆਪਣੀ ਪਤਨੀ ਦੇ ਚਰਿੱਤਰ 'ਤੇ ਵੀ ਸ਼ੱਕ ਰਹਿੰਦਾ ਸੀ, ਜਿਸ ਕਾਰਨ ਉਸਨੇ ਸ਼ਨੀਵਾਰ ਦੀ ਰਾਤ ਨੂੰ ਉਸਦੇ ਸ਼ਰਾਬ ਪੀਣ ਦਾ ਵਿਰੋਧ ਕਰਨ 'ਤੇ ਪਤਨੀ ਨੂੰ ਪਹਿਲਾਂ ਡੰਡੇ ਨਾਲ ਕੁੱਟਿਆ ਅਤੇ ਜਦੋਂ ਉਹ ਜ਼ਮੀਨ 'ਤੇ ਡਿੱਗ ਗਈ ਤਾਂ ਉਸਨੇ ਗਲੇ 'ਤੇ ਲੱਤਾਂ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ। ਵਾਰਦਾਤ ਬਾਅਦ ਉਹ ਬੱਚਿਆਂ ਨੂੰ ਲੈ ਕੇ ਦੌੜ ਗਿਆ ਸੀ ਅਤੇ ਉਹ ਟ੍ਰੇਨ ਚੜ੍ਹਕੇ ਪੰਜਾਬ ਤੋਂ ਬਾਹਰ ਜਾਣ ਦੀ ਤਿਆਰੀ ਕਰ ਰਿਹਾ ਸੀ, ਤਾਂ ਉਸਨੂੰ ਪੁਲਸ ਨੇ ਕਾਬੂ ਕਰ ਲਿਆ।


Related News