ਡਾਕਟਰ ਨਾ ਹੋਣ ਦੇ ਵਿਰੋਧ ''ਚ ਇਲਾਕਾ ਵਾਸੀਆਂ ਨੇ ਮੌੜ ਸਿਵਲ ਹਸਪਤਾਲ ਨੂੰ ਲਾਇਆ ਤਾਲਾ

06/19/2018 1:43:22 AM

ਮੌੜ ਮੰਡੀ (ਵਨੀਤ)- ਸਬ ਡਵੀਜ਼ਨ ਪੱਧਰੀ ਸਿਵਲ ਹਸਪਤਾਲ ਮੌੜ ਵਿਖੇ ਡਾਕਟਰ ਨਾ ਹੋਣ ਦੇ ਵਿਰੋਧ 'ਚ ਬਾਬਾ ਦਵਿੰਦਰ ਸਿੰਘ ਕੁੱਤੀਵਾਲ ਨਿਹੰਗ ਸਿੰਘ ਬੁੱਢਾ ਦਲ ਦੀ ਅਗਵਾਈ ਤੇ ਸਹਾਰਾ ਕਲੱਬ ਮੌੜ ਦੇ ਸਹਿਯੋਗ ਨਾਲ ਮੌੜ ਮੰਡੀ ਤੇ ਵੱਖ-ਵੱਖ ਪਿੰਡਾਂ ਦੀਆਂ ਵਪਾਰਕ, ਰਾਜਨੀਤਕ, ਧਾਰਮਕ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਵਰਕਰਾਂ ਤੇ ਸਥਾਨਕ ਲੋਕਾਂ ਨੇ ਸਿਵਲ ਹਸਪਤਾਲ ਮੌੜ ਦੇ ਗੇਟ ਅੱਗੇ ਧਰਨਾ ਲਾ ਕੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਖ਼ਿਲਾਫ ਨਾਅਰੇਬਾਜ਼ੀ ਕੀਤੀ। ਭੜਕੇ ਧਰਨਾਕਾਰੀਆਂ ਨੇ ਹਸਪਤਾਲ ਨੂੰ ਤਾਲਾ ਲਾ ਕੇ ਹਸਪਤਾਲ ਦੇ ਸਟਾਫ ਨੂੰ ਅੰਦਰ ਹੀ ਬੰਦ ਕਰ ਦਿੱਤਾ। ਇਸ ਮੌਕੇ ਹਲਕਾ ਮੌੜ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਜੀ ਵੱਲੋਂ ਡਾਕਟਰਾਂ ਦੀ ਤਾਇਨਾਤੀ ਲਈ ਵਿੱਢੇ ਸੰਘਰਸ਼ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸਿਵਲ ਹਸਪਤਾਲ ਮੌੜ 'ਚ ਇਕ ਡੈਂਟਲ ਡਾਕਟਰ, 5 ਮੈਡੀਕਲ ਡਾਕਟਰ, ਇਕ ਹੋਮੀਓਪੈਥਿਕ ਡਾਕਟਰ, ਇਕ ਆਯੁਰਵੈਦਿਕ ਡਾਕਟਰ, ਇਕ ਅੱਖਾਂ ਦੇ ਮਾਹਿਰ, ਇਕ ਨਰਸਿੰਗ ਸਿਸਟਰ, ਇਕ ਟਰੇਂਡ ਦਾਈ ਅਤੇ 10 ਸਵੀਪਰ ਦੀਆਂ ਅਸਾਮੀਆਂ ਖਾਲੀ ਹਨ ਤੇ ਹਸਪਤਾਲ ਸਿਰਫ ਫਾਰਮਾਸਿਸਟਾਂ ਦੇ ਸਹਾਰੇ ਹੀ ਚੱਲ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਤੋਂ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਪਰ ਫਿਰ ਵੀ ਸਿਹਤ ਵਿਭਾਗ ਨੇ ਹਸਪਤਾਲ 'ਚ ਸਟਾਫ ਪੂਰਾ ਕਰਨ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ। 
ਉਨ੍ਹਾਂ ਕਿਹਾ ਕਿ ਮੌੜ ਮੰਡੀ ਦੇ ਹਸਪਤਾਲ 'ਚ ਸਹੂਲਤਾਂ ਸਬੰਧੀ ਮੁੱਦਾ ਉਹ ਵਿਧਾਨ ਸਭਾ 'ਚ ਵੀ ਉਠਾ ਚੁੱਕੇ ਹਨ ਪਰ ਸਰਕਾਰ ਦੇ ਕੰਨਾਂ 'ਤੇ ਜੂੰ ਤਕ ਨਹੀਂ ਸਰਕੀ, ਜਿਸ ਕਾਰਨ ਅੱਜ ਇਲਾਕਾ ਵਾਸੀਆਂ ਨੂੰ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ ਹੈ। ਉਧਰ ਬਾਬਾ ਦਵਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵਿਭਾਗ ਨੇ ਡਾਕਟਰਾਂ ਦੀਆਂ ਖਾਲੀ ਪੋਸਟਾਂ ਨਾ ਭਰੀਆਂ ਤਾਂ ਉਹ ਬੁੱਢਾ ਦਲ ਤੇ ਹਿੰਦੂ ਧਰਮ ਦੇ ਘੋੜ ਸਵਾਰਾਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।   ਉਧਰ ਮਾਹੌਲ ਨੂੰ ਸ਼ਾਂਤ ਕਰਨ ਲਈ ਐੱਸ. ਡੀ. ਐੱਮ. ਬਲਵਿੰਦਰ ਸਿੰਘ ਤੇ ਡੀ. ਐੱਸ. ਪੀ. ਜਗਦੀਸ਼ ਬਿਸ਼ਨੋਈ ਧਰਨਾਕਾਰੀਆਂ ਕੋਲ ਪੁੱਜੇ ਤਾਂ ਸੰਘਰਸ਼ ਕਰ ਰਹੇ ਲੋਕਾਂ ਨੇ ਉਨ੍ਹਾਂ ਦੀ ਗੱਲ ਸੁਣਨ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਡਾਕਟਰਾਂ ਦੇ ਆਉਣ 'ਤੇ ਹੀ ਹਸਪਤਾਲ ਦਾ ਜਿੰਦਰਾ ਖੋਲ੍ਹਿਆ ਜਾ ਸਕਦਾ ਹੈ। ਇਸ ਤੋਂ ਬਾਅਦ ਮੰਡੀ ਵਾਸੀਆਂ ਨੇ ਕ੍ਰਿਸ਼ਨਾਂ ਮੰਦਰ 'ਚ ਇਕ ਮੀਟਿੰਗ ਕੀਤੀ ਤੇ ਫੈਸਲਾ ਕੀਤਾ ਕਿ ਮੌੜ ਮੰਡੀ ਦੇ ਸਿਵਲ ਹਸਪਤਾਲ 'ਚ ਸਟਾਫ ਦੀ ਘਾਟ ਤੇ ਹੋਰ ਸਹੂਲਤਾਂ ਦੀ ਪੂਰਤੀ ਲਈ ਨਿਹੰਗ ਸਿੰਘਾਂ ਤੇ ਇਲਾਕਾ ਵਾਸੀਆਂ ਵੱਲੋਂ ਵਿੱਢੇ ਇਸ ਸੰਘਰਸ਼ 'ਚ ਮੌੜ ਮੰਡੀ ਪੂਰਨ ਸਹਿਯੋਗ ਦੇਵੇਗੀ ਤੇ ਇਸ ਸੰਘਰਸ਼ ਦੀ ਹਮਾਇਤ 'ਚ ਤੇ ਸਰਕਾਰ 'ਤੇ ਦਬਾਅ ਬਣਾਉਣ ਲਈ ਮੰਗਲਵਾਰ ਨੂੰ ਮੌੜ ਮੰਡੀ ਪੂਰਨ ਤੌਰ 'ਤੇ ਬੰਦ ਰੱਖੀ ਜਾਵੇਗੀ। 


Related News