ਬਰੈਂਪਟਨ : ਲੁੱਟ-ਖੋਹ ਦੌਰਾਨ ਜ਼ਖਮੀ ਹੋਏ ਪੰਜਾਬੀ ਦੀ ਮੌਤ (ਵੀਡੀਓ)

06/17/2018 3:53:52 PM

ਬਰੈਂਪਟਨ/ਰੂਪਨਗਰ— ਬਰੈਂਪਟਨ ਦੇ ਇਕ ਪਾਰਕ 'ਚ ਲੁੱਟ-ਖੋਹ ਦੀ ਵਰਦਾਤ ਦੌਰਾਨ ਜ਼ਖਮੀ ਹੋਏ 73 ਸਾਲਾ ਅਮਰਜੀਤ ਭਟਨਾਗਰ ਦੀ ਇਲਾਜ ਦੌਰਾਨ ਮੌਤ ਹੋ ਗਈ। ਪੀਲ ਪੁਲਸ ਨੇ 15 ਸਾਲ ਦੇ ਮੁੰਡੇ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਵਿਰੁੱਧ ਕਤਲ ਤੇ ਲੁੱਟ-ਖੋਹ ਦੇ ਦੋਸ਼ ਲਾਏ ਹਨ ਜਦਕਿ ਦੂਜੇ ਸ਼ੱਕੀ ਦੀ ਤਲਾਸ਼ ਕੀਤੀ ਜਾ ਰਹੀ ਹੈ।
ਅਮਰਜੀਤ ਭਟਨਾਗਰ ਪੰਜਾਬ ਦੇ ਰੂਪਨਗਰ ਦੇ ਰਹਿਣ ਵਾਲੇ ਸਨ ਤੇ ਉਹ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਸਨ। ਉਨ੍ਹਾਂ ਦੇ ਬੇਟੇ ਅਰਵਿੰਦਰ ਸਿੰਘ ਨੇ ਦੱਸਿਆ ਕਿ ਉਹ 14 ਅਪ੍ਰੈਲ ਨੂੰ 6 ਮਹੀਨੇ ਲਈ ਬਰੈਂਪਟਨ ਆਪਣੇ ਵੱਡੇ ਮੁੰਡੇ ਜਸਪਿੰਦਰ ਸਿੰਘ ਨੂੰ ਮਿਲਣ ਲਈ ਆਏ ਹੋਏ ਸਨ। 12 ਜੂਨ ਨੂੰ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਅਲੋਮਾ ਪਾਰਕ 'ਚ ਸੈਰ ਕਰ ਰਹੇ ਸਨ ਜਦੋਂ 2 ਲੋਕ ਆਏ ਤੇ ਨਿੱਜੀ ਚੀਜ਼ਾਂ ਨੂੰ ਲੁੱਟ ਕੇ ਫਰਾਰ ਹੋ ਗਏ। ਲੁਟੇਰਿਆਂ ਨਾਲ ਝੜਪ ਦੌਰਾਨ ਅਮਰਜੀਤ ਭਟਨਾਗਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਦੋ ਦਿਨ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਪੁਲਸ ਨੇ ਇਸ ਮਾਮਲੇ 'ਚ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਦੂਜਾ ਹਾਲੇ ਫਰਾਰ ਹੈ। ਨਾਬਾਲਗਾਂ ਨਾਲ ਸਬੰਧਤ ਕਾਨੂੰਨ ਕਾਰਨ 15 ਸਾਲ ਦੇ ਅੱਲ੍ਹੜ ਦੀ ਪਛਾਣ ਜਨਤਕ ਨਹੀਂ ਕੀਤੀ ਜਾ ਸਕਦੀ, ਜਿਸ ਨੂੰ ਬਰੈਂਪਟਨ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਤ ਜਾਣਕਾਰੀ ਜਾਂ ਸੀ.ਸੀ.ਟੀ.ਵੀ. ਫੁਟੇਜ ਹੈ ਤਾਂ ਉਹ ਤੁਰੰਤ ਪੁਲਸ ਨਾਲ ਸੰਪਰਕ ਕਰ ਸਕਦਾ ਹੈ।


Related News