ਕੁਝ ਭਾਜਪਾ ਨੇਤਾਵਾਂ ਵਲੋਂ ਬੇਹੂਦਾ ਬਿਆਨਾਂ ਦਾ ਸਿਲਸਿਲਾ ਲਗਾਤਾਰ ਜਾਰੀ

06/17/2018 12:05:34 AM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਵਾਰ-ਵਾਰ ਦਿੱਤੀਆਂ ਨਸੀਹਤਾਂ ਦੇ ਬਾਵਜੂਦ ਭਾਜਪਾ ਨੇਤਾ ਸਾਰੀਆਂ ਮਰਿਆਦਾਵਾਂ ਅਤੇ ਸਲੀਕੇ ਨੂੰ ਛਿੱਕੇ ਟੰਗ ਕੇ ਬਿਨਾਂ ਸੋਚੇ-ਵਿਚਾਰੇ ਵਿਵਾਦਪੂਰਨ ਬਿਆਨ ਦੇਣ ਤੋਂ ਬਾਜ਼ ਨਹੀਂ ਆ ਰਹੇ, ਜਿਸ ਦੀਆਂ ਕੁਝ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ :
* 25 ਮਈ ਨੂੰ ਉੱਜੈਨ ਭਾਜਪਾ ਕਿਸਾਨ ਮੋਰਚਾ, ਜ਼ਿਲਾ ਦਿਹਾਤੀ ਦੇ ਮੰਤਰੀ ਹਾਕਮ ਸਿੰਘ ਨੇ ਸ਼ਰੇਆਮ ਕਿਸਾਨਾਂ ਨੂੰ ਚੋਰ, ਬਦਮਾਸ਼, ਬੇਈਮਾਨ ਅਤੇ ਉਨ੍ਹਾਂ ਨੂੰ ਜੁੱਤੀਆਂ ਮਾਰੇ ਜਾਣ ਦੀ ਗੱਲ ਕਹਿ ਕੇ ਹੰਗਾਮਾ ਖੜ੍ਹਾ ਕਰ ਦਿੱਤਾ। 
* 25 ਮਈ ਨੂੰ ਹੀ ਯੂ. ਪੀ. ਭਾਜਪਾ ਦੇ ਸਕੱਤਰ ਸੁਬਰਤ ਪਾਠਕ ਨੇ ਦੋਸ਼ ਲਾਇਆ ਕਿ ''ਸਮਾਜਵਾਦੀ ਪਾਰਟੀ ਜ਼ਮੀਨਾਂ ਅਤੇ ਮਕਾਨਾਂ 'ਤੇ ਕਬਜ਼ੇ ਕਰਦੀ ਰਹਿੰਦੀ ਹੈ। ਛੋਟੇ ਤੋਂ ਲੈ ਕੇ ਵੱਡੇ ਨੇਤਾ ਸਭ ਇਸੇ ਕੰਮ ਵਿਚ ਲੱਗੇ ਰਹਿੰਦੇ ਹਨ। ਸਭ ਨੂੰ ਪਤਾ ਹੈ ਕਿ ਸਮਾਜਵਾਦੀ ਪਾਰਟੀ ਵਾਲੇ ਜੋਰੂ ਤਕ ਉੱਤੇ ਕਬਜ਼ਾ ਕਰ ਲੈਂਦੇ ਹਨ।''
* 03 ਜੂਨ ਨੂੰ ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਵਿਰੋਧੀ ਪਾਰਟੀਆਂ ਦੇ 'ਮਹਾਗੱਠਜੋੜ' ਦੀ ਤੁਲਨਾ ਪਾਕਿਸਤਾਨੀ ਅੱਤਵਾਦੀ ਹਾਫਿਜ਼ ਸਈਦ ਨਾਲ ਕੀਤੀ ਅਤੇ ਕਿਹਾ, ''ਮਹਾਗੱਠਜੋੜ 2019 ਵਿਚ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਰੋਕਣਾ ਚਾਹੁੰਦਾ ਹੈ। ਮਹਾਗੱਠਜੋੜ ਤੋਂ ਇਲਾਵਾ ਕਈ ਹੋਰ ਲੋਕ ਵੀ ਹਨ, ਜੋ ਅਜਿਹਾ ਹੀ ਚਾਹੁੰਦੇ ਹਨ। ਹਾਫਿਜ਼ ਸਈਦ ਸ਼ਰੇਆਮ ਨਰਿੰਦਰ ਮੋਦੀ ਦਾ ਖੂਨ ਵਹਾਉਣ ਦੀ ਗੱਲ ਕਹਿ ਰਿਹਾ ਹੈ।''
* 03 ਜੂਨ ਨੂੰ ਹੀ ਸਾਂਗੋਦ ਤੋਂ ਵਿਧਾਇਕ ਹੀਰਾਲਾਲ ਨਾਗਰ ਬੋਲੇ, ''ਕਿਸਾਨ ਕਰਜ਼ੇ ਕਾਰਨ ਨਹੀਂ, ਮੁਆਵਜ਼ੇ ਲਈ ਖ਼ੁਦਕੁਸ਼ੀ ਕਰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਘਾਟਾ ਦਿਖਾ ਕੇ ਖ਼ੁਦਕੁਸ਼ੀ ਕਰਨ ਨਾਲ ਉਨ੍ਹਾਂ ਦਾ ਸਮੁੱਚਾ ਕਰਜ਼ਾ ਮੁਆਫ ਹੋ ਜਾਵੇਗਾ ਅਤੇ ਸਰਕਾਰ ਉਨ੍ਹਾਂ ਦੇ ਪਰਿਵਾਰ ਦੀ ਮਦਦ ਵੀ ਕਰੇਗੀ।''
* 04 ਜੂਨ ਨੂੰ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਅੱਤਵਾਦੀ ਓਸਾਮਾ-ਬਿਨ-ਲਾਦੇਨ ਨਾਲ ਵਿਰੋਧੀ ਪਾਰਟੀਆਂ ਦੀ ਤੁਲਨਾ ਕਰਦਿਆਂ ਕਿਹਾ ਕਿ ''ਮਾਓਵਾਦੀ, ਜਾਤੀਵਾਦੀ, ਸਾਮੰਤਵਾਦੀ ਅਤੇ ਓਸਾਮਾਵਾਦੀ ਸਾਰੇ ਰਾਜਗ ਦੇ ਵਿਰੁੱਧ ਇਕਜੁੱਟ ਹੋ ਗਏ ਹਨ।''
* 07 ਜੂਨ ਨੂੰ ਵਿਜੇਪੁਰਾ ਤੋਂ ਵਿਧਾਇਕ ਬੀ. ਪੀ. ਯਤਨਾਲ ਨੇ ਆਪਣੇ ਵਰਕਰਾਂ ਨੂੰ ਮੁਸਲਮਾਨਾਂ ਦੇ ਨਹੀਂ, ਸਿਰਫ ਹਿੰਦੂਆਂ ਦੇ ਕੰਮ ਕਰਨ ਦੀ ਹਦਾਇਤ ਦਿੰਦਿਆਂ ਕਿਹਾ, ''ਮੈਂ ਹਿੰਦੂਆਂ ਦੀਆਂ ਵੋਟਾਂ ਨਾਲ ਚੋਣ ਜਿੱਤੀ ਹੈ, ਮੁਸਲਮਾਨਾਂ ਦੀਆਂ ਵੋਟਾਂ ਨਾਲ ਨਹੀਂ। ਮੈਂ ਆਪਣੇ ਦਫਤਰ ਸਾਹਮਣੇ ਬੁਰਕਾ ਪਹਿਨੀ ਕਿਸੇ ਔਰਤ ਜਾਂ ਵੱਡੀ ਦਾੜ੍ਹੀ ਵਾਲੇ ਕਿਸੇ ਵਿਅਕਤੀ ਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਹੈ।''
* 07 ਜੂਨ ਨੂੰ ਹੀ ਯੂ. ਪੀ. ਦੇ ਬੈਰੀਆ ਤੋਂ ਵਿਧਾਇਕ ਸੁਰਿੰਦਰ ਸਿੰਘ ਨੇ ਕਿਹਾ ਕਿ ''ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਨਾਲੋਂ ਤਾਂ ਵੇਸਵਾਵਾਂ ਚੰਗੀਆਂ ਹਨ, ਜੋ ਪੈਸਾ ਲੈ ਕੇ ਨੱਚਣ ਲਈ ਤਿਆਰ ਹੋ ਜਾਂਦੀਆਂ ਹਨ ਪਰ ਸਰਕਾਰੀ ਅਧਿਕਾਰੀ ਅਤੇ ਮੁਲਾਜ਼ਮ ਤਾਂ ਪੈਸਾ ਲੈ ਕੇ ਵੀ ਕੰਮ ਨਹੀਂ ਕਰਦੇ।''
* 11 ਜੂਨ ਨੂੰ ਸੁਰਿੰਦਰ ਸਿੰਘ ਨੇ ਇਕ ਵਾਰ ਫਿਰ ਵਿਵਾਦਪੂਰਨ ਬਿਆਨ ਦਿੱਤਾ ਕਿ ''ਤਾਜ ਮਹੱਲ ਦਾ ਨਾਂ ਬਦਲ ਕੇ 'ਰਾਮ ਮਹੱਲ' ਜਾਂ 'ਕ੍ਰਿਸ਼ਨ ਮਹੱਲ' ਰੱਖ ਦੇਣਾ ਚਾਹੀਦਾ ਹੈ।''
ਇਸ ਦੇ ਜਵਾਬ ਵਿਚ ਯੂ. ਪੀ. ਵਿਚ ਭਾਜਪਾ ਦੀ ਸਹਿਯੋਗੀ 'ਸੁਹੇਲ ਦੇਵ ਭਾਰਤੀ ਸਮਾਜ ਪਾਰਟੀ' ਦੇ ਨੇਤਾ ਅਤੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਰਾਜਭਰ ਨੇ ਕਿਹਾ, ''ਕੁਝ ਕੁੱਤੇ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਕੰਮ ਸਿਰਫ ਭੌਂਕਣਾ ਹੁੰਦਾ ਹੈ।''
* 11 ਜੂਨ ਨੂੰ ਹੀ ਤੇਲੰਗਾਨਾ ਤੋਂ ਵਿਧਾਇਕ ਟੀ. ਰਾਜਾ ਸਿੰਘ ਲੋਥ ਨੇ ਇਹ ਵਿਵਾਦਪੂਰਨ ਬਿਆਨ ਦਿੱਤਾ, ''ਵੋਟਾਂ ਦੀ ਭੀਖ ਮੰਗਣ ਵਾਲੇ ਹੀ ਇਫਤਾਰ ਪਾਰਟੀ ਦਾ ਆਯੋਜਨ ਕਰਦੇ ਹਨ। ਇਸ ਲਈ ਮੈਂ ਨਾ ਤਾਂ ਅਜਿਹਾ ਕੋਈ ਆਯੋਜਨ ਕਰਾਂਗਾ ਅਤੇ ਨਾ ਹੀ ਅਜਿਹੇ ਕਿਸੇ ਆਯੋਜਨ ਵਿਚ ਸ਼ਾਮਿਲ ਹੋਵਾਂਗਾ।''
* 14 ਜੂਨ ਨੂੰ ਯੂ. ਪੀ. ਦੇ ਚਾਇਲ ਤੋਂ ਵਿਧਾਇਕ ਸੰਜੇ ਗੁਪਤਾ ਨੇ 90 ਫੀਸਦੀ ਮੁਸਲਮਾਨਾਂ ਨੂੰ 'ਬਿਜਲੀ ਚੋਰ' ਦੱਸਦਿਆਂ ਉਨ੍ਹਾਂ ਦੇ ਘਰਾਂ ਵਿਚ ਸਖਤੀ ਨਾਲ ਚੈਕਿੰਗ ਕਰ ਕੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਅਧਿਕਾਰੀਆਂ ਨੂੰ ਹਦਾਇਤ ਦੇ ਦਿੱਤੀ। 
ਉਨ੍ਹਾਂ  ਇਹ ਵੀ ਕਿਹਾ ਕਿ ਜੇ (ਬਿਜਲੀ) ਅਧਿਕਾਰੀਆਂ ਨੇ ਹਿੰਦੂਆਂ ਵਿਰੁੱਧ ਛਾਪੇਮਾਰੀ ਨੂੰ ਵਿਚਾਲੇ ਰੋਕ ਕੇ ਸਾਰੇ ਮਾਮਲੇ ਵਾਪਿਸ ਨਾ ਲਏ ਤਾਂ ਉਹ ਨਾ ਸਿਰਫ ਅਧਿਕਾਰੀਆਂ ਦਾ ਜੀਣਾ ਮੁਹਾਲ ਕਰ ਦੇਣਗੇ, ਸਗੋਂ ਉਨ੍ਹਾਂ ਨੂੰ ਅਜਿਹਾ ਕਰਾਰਾ ਸਬਕ ਸਿਖਾਉਣਗੇ ਕਿ ਉਹ ਆਪਣਾ ਤਬਾਦਲਾ ਕਰਵਾਉਣ ਲਈ ਮਜਬੂਰ ਹੋ ਜਾਣਗੇ।
* 14 ਜੂਨ ਨੂੰ ਹੀ ਮੱਧ ਪ੍ਰਦੇਸ਼ ਦੇ ਗੁਣਾ ਤੋਂ ਵਿਧਾਇਕ ਪੰਨਾ ਲਾਲ ਸ਼ਾਕਯ ਨੇ ਕਿਹਾ, ''ਔਰਤਾਂ ਅਜਿਹੇ ਬੱਚੇ ਪੈਦਾ ਨਾ ਕਰਨ, ਜੋ ਸੰਸਕਾਰੀ ਨਾ ਹੋਣ ਅਤੇ ਸਮਾਜ ਵਿਚ ਵਿਕਾਰ ਪੈਦਾ ਕਰਦੇ ਹੋਣ, ਅਜਿਹੇ ਬੱਚੇ ਪੈਦਾ ਕਰਨ ਦੀ ਬਜਾਏ ਬਾਂਝ ਰਹਿਣ।''
ਭਾਜਪਾ ਨੇਤਾਵਾਂ, ਮੰਤਰੀਆਂ ਅਤੇ ਵਿਧਾਇਕਾਂ ਆਦਿ ਦੇ ਅਜਿਹੇ ਤਰਕਹੀਣ ਵਿਗੜੇ ਬੋਲ ਪਾਰਟੀ ਲੀਡਰਸ਼ਿਪ ਲਈ ਮੁਸੀਬਤ ਦੀ ਵਜ੍ਹਾ ਬਣਦੇ ਰਹਿੰਦੇ ਹਨ ਪਰ ਇਸ ਦੇ ਬਾਵਜੂਦ ਇਹ ਲੋਕ ਆਪਣੇ ਬੜਬੋਲੇਪਣ ਤੋਂ ਬਾਜ਼ ਆਉਣ ਲਈ ਤਿਆਰ ਨਹੀਂ ਹਨ। 
ਯਕੀਨੀ ਤੌਰ 'ਤੇ ਅਜਿਹੇ ਬਿਆਨ ਪਾਰਟੀ ਦੇ ਅਕਸ ਨੂੰ ਠੇਸ ਪਹੁੰਚਾ ਰਹੇ ਹਨ ਅਤੇ ਇਸ ਦਾ ਖਮਿਆਜ਼ਾ ਪਾਰਟੀ ਨੂੰ ਸੂਬਿਆਂ ਅਤੇ ਕੇਂਦਰ ਦੀਆਂ ਆਉਣ ਵਾਲੀਆਂ ਚੋਣਾਂ ਵਿਚ ਭੁਗਤਣਾ ਪੈ ਸਕਦਾ ਹੈ।                                         
—ਵਿਜੇ ਕੁਮਾਰ


Vijay Kumar Chopra

Chief Editor

Related News