ਲੰਡਨ : ਗਲਾਸਗੋ ਸਕੂਲ ਆਫ ਆਰਟ ਇਮਾਰਤ 'ਚ ਲੱਗੀ ਭਿਆਨਕ ਅੱਗ

06/16/2018 12:08:24 PM

ਲੰਡਨ— ਬ੍ਰਿਟੇਨ ਦੇ ਗਲਾਸਗੋ ਸਥਿਤ ਸਕੂਲ ਆਫ ਆਰਟ ਦੀ ਇਮਾਰਤ ਭਿਆਨਕ ਅੱਗ ਦੀ ਲਪੇਟ ਵਿਚ ਆਈ ਗਈ, ਜਿਸ ਕਾਰਨ ਇਮਾਰਤ ਸੜ ਕੇ ਸੁਆਹ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਸ਼ੁੱਕਰਵਾਰ ਰਾਤ ਸਵਾ 11.00 ਵਜੇ ਇਹ ਅੱਗ ਮੈਕੀਟੋਸ਼ ਇਮਾਰਤ ਤੋਂ ਸਕੂਲ ਆਫ ਆਰਟ ਦੀ ਇਮਾਰਤ ਤੱਕ ਜਾ ਪੁੱਜੀ। ਅੱਗ ਦੀ ਵਜ੍ਹਾ ਕਾਰਨ ਆਲੇ-ਦੁਆਲੇ ਦੀਆਂ ਇਮਾਰਤਾਂ ਵੀ ਪ੍ਰਭਾਵਿਤ ਹੋਈਆਂ। 
ਫਾਇਰ ਫਾਈਟਰ ਅਤੇ ਬਚਾਅ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਜਾਣਕਾਰੀ ਨਹੀਂ ਮਿਲੀ ਹੈ। ਫਾਇਰ ਮੁਖੀ ਇਯਾਨ ਬੁਸ਼ੇਲ ਮੁਤਾਬਕ ਅੱਗ 'ਤੇ ਕਾਬੂ ਪਾਉਣ ਵਿਚ ਕਾਫੀ ਸਮਾਂ ਲੱਗ ਸਕਦਾ ਹੈ। ਆਲੇ-ਦੁਆਲੇ ਦੇ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਅੱਗ ਬੁਝਾਉਣ ਲਈ 120 ਤੋਂ ਵਧ ਫਾਇਰ ਫਾਈਟਰਾਂ ਨੂੰ ਲਾਇਆ ਗਿਆ ਹੈ। ਰਾਹਤ ਅਤੇ ਬਚਾਅ ਕਰਮਚਾਰੀਆਂ ਨੂੰ ਅੱਗ 'ਤੇ ਕਾਬੂ ਪਾਉਣ ਵਿਚ ਸਖਤ ਮੁਸ਼ੱਕਤ ਕਰਨੀ ਪੈ ਰਹੀ ਹੈ। 

PunjabKesari

ਪੁਲਸ ਨੇ ਸਥਾਨਕ ਲੋਕਾਂ ਨੂੰ ਘਟਨਾ ਵਾਲੀ ਥਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਆਲੇ-ਦੁਆਲੇ ਦੇ ਇਲਾਕੇ ਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਚਾਲਰਸ ਰੈਨੀ ਮੈਕੀਟੋਸ਼ ਵਲੋਂ ਡਿਜ਼ਾਈਨ ਕੀਤੀ ਗਈ ਸਕੂਲ ਆਫ ਆਰਟ ਦੀ ਇਮਾਰਤ ਗਲਾਸਗੋ ਵਿਚ ਵਾਸਤੂਕਲਾ ਦੀ ਇਕ ਮਹੱਤਵਪੂਰਨ ਇਮਾਰਤ ਦਾ ਨਮੂਨਾ ਰਹੀ ਹੈ। ਇੱਥੇ 4 ਸਾਲ ਪਹਿਲਾਂ ਵੀ ਭਿਆਨਕ ਅੱਗ ਲੱਗੀ ਸੀ। ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ 'ਚ ਗਲਾਸਗੋ ਸਕੂਲ ਆਫ ਆਰਟ ਦੀ ਇਮਾਰਤ ਦੀ ਛੱਤ ਤੋਂ ਅੱਗ ਦੀਆਂ ਲਪਟਾਂ ਅਤੇ ਧੂੰਆਂ ਨਿਕਲਦਾ ਹੋਇਆ ਨਜ਼ਰ ਆ ਰਿਹਾ ਹੈ। ਸਕਾਟਲੈਂਡ ਦੇ ਫਸਟ ਮਿਨਿਸਟਰ ਨਿਕੋਲਾ ਸਟਰੂਜੇਨ ਨੇ ਟਵੀਟ ਕੀਤਾ ਕਿ ਉਹ ਅੱਗ ਲੱਗਣ ਦੀ ਘਟਨਾ ਤੋਂ ਬੇਹੱਦ ਦੁਖੀ ਹਨ ਅਤੇ ਸਪੱਸ਼ਟ ਤੌਰ 'ਤੇ ਇਹ ਸਥਿਤੀ ਬੇਹੱਦ ਗੰਭੀਰ ਹੈ।


Related News