ਇਕ ਮਹੀਨੇ ਤੋਂ ਲਾਪਤਾ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਬਰਾਮਦ

03/31/2018 10:15:59 AM

ਲੰਬੀ/ਮਲੋਟ (ਤਰਸੇਮ ਢੁੱਡੀ, ਜੁਨੇਜਾ) - ਕਰੀਬ 27 ਦਿਨ ਪਹਿਲਾਂ ਪਿੰਡ ਸਰਾਵਾਂ ਬੋਦਲਾਂ ਦੇ ਆੜ੍ਹਤੀ ਮਹਾਵੀਰ ਸਿੰਘ ਦੇ ਆਪਣੀ ਮਾਂ, ਪਤਨੀ ਅਤੇ ਬੇਟੇ ਸਮੇਤ ਭੇਤਭਰੀ ਹਾਲਤ ਵਿਚ ਲਾਪਤਾ ਹੋਣ ਦਾ ਰਹੱਸ ਭਾਵੇਂ ਕਾਰ ਸਮੇਤ ਪਰਿਵਾਰ ਦੇ ਚਾਰਾਂ ਮੈਂਬਰਾਂ ਦੀਆਂ ਲਾਸ਼ਾਂ ਮਿਲਣ ਨਾਲ ਖੁੱਲ੍ਹ ਗਿਆ ਹੈ ਪਰ ਇਕ ਹੱਸਦੇ-ਵਸਦੇ ਪਰਿਵਾਰ ਦਾ ਪੁੱਤਰ ਜੋ ਫੌਜ ਦਾ ਜਵਾਨ ਵੀ ਰਹਿ ਚੁੱਕਾ ਹੈ ਨੇ ਆਪਣੇ ਸਮੇਤ ਪਰਿਵਾਰ ਦੇ ਤਿੰਨ ਹੋਰ ਜੀਆਂ ਦੀ ਜਾਨ ਕਿਉਂ ਲੈ ਲਈ ਜਾਂ ਫਿਰ ਇਹ ਮਾਮਲਾ ਖੁਦਕੁਸ਼ੀ ਦਾ ਨਾ ਹੋ ਕੇ ਕੁਝ ਹੋਰ ਹੋਵੇ, ਇਹ ਗੁੰਝਲ ਹੋਰ ਉਲਝ ਗਈ ਹੈ।
ਪਿੰਡ ਸਰਾਵਾਂ ਬੋਦਲਾਂ ਦੇ ਕਿਸਾਨ ਦਰਬਾਰਾ ਸਿੰਘ ਅਤੇ ਬਲਜਿੰਦਰ ਕੌਰ ਦੇ ਪੁੱਤਰਾਂ 'ਚੋਂ ਵੱਡੇ ਮਹਾਵੀਰ ਦਾ ਵਿਆਹ ਮਲੋਟ ਨਜ਼ਦੀਕ ਡੱਬਵਾਲੀ ਢਾਬ ਦੇ ਕਿਸਾਨ ਬਖਸ਼ੀਸ਼ ਸਿੰਘ ਅਤੇ ਰਾਜਵੰਤ ਕੌਰ ਦੀ ਇਕਲੌਤੀ ਬੇਟੀ ਸੁਖਦੀਪ ਕੌਰ ਨਾਲ ਕਰੀਬ 10 ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦਾ ਇਕ 8 ਸਾਲ ਦਾ ਬੇਟਾ ਲਵਇੰਦਰ ਸੀ। ਮਹਾਵੀਰ ਸਿੰਘ ਨੇ ਪਹਿਲਾਂ ਫੌਜ ਵਿਚ ਵੀ ਨੌਕਰੀ ਕੀਤੀ ਅਤੇ ਅੱਜ-ਕੱਲ ਉਹ ਆੜ੍ਹਤ ਦਾ ਕੰਮ ਕਰਦਾ ਸੀ। 

ਮਹਾਵੀਰ ਦੇ ਸੁਹਰਿਆਂ ਨੇ ਕੁੱਟ-ਮਾਰ ਦਾ ਲਾਇਆ ਸੀ ਦੋਸ਼
3 ਮਾਰਚ 2018 ਨੂੰ ਜਦੋਂ ਦੋ ਦਿਨ ਬਾਅਦ ਮਹਾਵੀਰ ਸਿੰਘ ਦੇ ਛੋਟੇ ਭਰਾ ਕੁਲਦੀਪ ਸਿੰਘ ਦੇ ਸਾਲੇ ਦਾ ਵਿਆਹ ਸੀ ਅਤੇ ਸਾਰਾ ਪਰਿਵਾਰ ਉੱਥੇ ਜਾਣ ਲਈ ਤਿਆਰ ਸੀ ਜਦਕਿ ਕੁਲਦੀਪ ਆਪਣੀ ਪਤਨੀ ਨਾਲ ਪਹਿਲਾਂ ਹੀ ਜਾ ਚੁੱਕਾ ਸੀ। ਇਸ ਦਿਨ ਉਹ ਭੇਤਭਰੀ ਹਾਲਤ ਵਿਚ ਗੁੰਮ ਹੋ ਗਿਆ ਤਾਂ ਉਸ ਦਿਨ ਤੋਂ ਬਾਅਦ ਉਸ ਦੇ ਸਹੁਰੇ ਪਰਿਵਾਰ ਵੱਲੋਂ ਮਹਾਵੀਰ ਸਿੰਘ ਅਤੇ ਉਸ ਦੇ ਮਾਂ-ਬਾਪ 'ਤੇ ਦੋਸ਼ ਲਾਇਆ ਕਿ ਉਨ੍ਹਾਂ ਵੱਲੋਂ ਕੁੱਟ-ਮਾਰ ਕਰ ਕੇ ਸੁਖਦੀਪ ਕੌਰ ਨੂੰ ਕਿਤੇ ਬਾਹਰ ਰੱਖਿਆ ਹੈ। ਇਸ ਦੋਸ਼ ਤਹਿਤ ਕਬਰਵਾਲਾ ਥਾਣਾ ਵਿਖੇ ਮਾਮਲਾ ਵੀ ਦਰਜ ਕਰਵਾਇਆ ਗਿਆ। 


ਲਾਪਤਾ ਪਰਿਵਾਰ ਦਾ ਗਮ ਤੇ ਕੁੜਮਾਂ ਵੱਲੋਂ ਲਾਏ ਦੋਸ਼ਾਂ 'ਚ ਪਿਸ ਰਿਹਾ ਸੀ ਦਰਬਾਰਾ ਸਿੰਘ
ਅੱਜ ਚਾਰਾਂ ਦੀਆਂ ਲਾਸ਼ਾਂ ਮਿਲਣ ਤੋਂ ਇਕ ਦਿਨ ਪਹਿਲਾਂ ਮਹਾਵੀਰ ਦੇ ਸਹੁਰਾ ਪਰਿਵਾਰ ਨੇ ਸੀਨੀਅਰ ਪੁਲਸ ਕਪਤਾਨ ਤੋਂ ਮੰਗ ਕੀਤੀ ਸੀ ਕਿ ਪੁਲਸ ਸਖਤੀ ਨਾਲ ਮਹਾਵੀਰ ਦੇ ਪਰਿਵਾਰ ਤੋਂ ਪੁੱਛਗਿੱਛ ਨਹੀਂ ਕਰ ਰਹੀ, ਜਿਸ ਕਰ ਕੇ ਉਨ੍ਹਾਂ ਦੀ ਭੈਣ ਅਤੇ ਭਾਣਜੇ ਦੀ ਜਾਨ ਨੂੰ ਖਤਰਾ ਹੈ। ਇਸ ਕਰ ਕੇ ਆਪਣੇ ਪਰਿਵਾਰ ਦੇ ਲਾਪਤਾ ਹੋਣ ਦੇ ਗਮ ਤੋਂ ਇਲਾਵਾ ਆਪਣੇ ਵਿਰੁੱਧ ਲੱਗੇ ਦੋਸ਼ਾਂ ਕਰ ਕੇ ਮਹਾਵੀਰ ਦਾ ਪਿਤਾ ਦਰਬਾਰਾ ਸਿੰਘ ਦੋ ਪੁੜਾਂ ਵਿਚ ਪਿਸ ਰਿਹਾ ਸੀ। ਉਧਰ, ਅੱਜ ਪਰਿਵਾਰ ਦੇ ਚਾਰਾਂ ਮੈਂਬਰਾਂ ਦੀਆਂ ਲਾਸ਼ਾਂ ਦੀ ਖਬਰ ਨੇ ਦਰਬਾਰਾ ਸਿੰਘ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਸੁੱਟ ਦਿੱਤਾ ਅਤੇ ਉਹ ਖੁਦ ਬੇਸੁੱਧ ਹੋ ਗਿਆ। 

ਸਹੁਰਾ ਪਰਿਵਾਰ ਦੇ ਦੋਸ਼ ਲਾਉਣ ਵਾਲੇ ਬੁੱਲ੍ਹ ਸੀਤੇ
ਚਾਰਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਮਹਾਵੀਰ ਦੇ ਸਹੁਰੇ ਪਰਿਵਾਰ ਦਾ ਵੀ ਸਭ ਕੁਝ ਉਜੜ ਗਿਆ ਹੈ ਅਤੇ ਕੱਲ ਤੱਕ ਭੈਣ ਦੇ ਸਹੁਰੇ ਪਰਿਵਾਰ 'ਤੇ ਦੋਸ਼ ਲਾਉਣ ਵਾਲੇ ਬੁੱਲ੍ਹ ਸੀਤੇ ਗਏ ਪਰ ਉਨ੍ਹਾਂ ਵੱਲੋਂ ਲਾਏ ਗਏ ਦੋਸ਼ਾਂ 'ਤੇ ਸਵਾਲ ਉਠ ਗਏ ਹਨ ਅਤੇ ਸ਼ਾਇਦ ਉਨ੍ਹਾਂ ਨੂੰ ਆਪਣੇ ਵੱਲੋਂ ਲਾਏ ਦੋਸ਼ਾਂ 'ਤੇ ਪਛਤਾਵਾ ਵੀ ਹੋ ਰਿਹਾ ਹੋਵੇ। 

ਮੌਤ ਦਾ ਕਾਰਨ ਸ਼ਾਇਦ ਹਮੇਸ਼ਾ ਲਈ ਬਣਿਆ ਭੇਤ 
ਉਧਰ ਲਾਸ਼ਾਂ ਦੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਚਾਰਾਂ ਮੈਂਬਰਾਂ ਦੀਆਂ ਚਿਤਾਵਾਂ ਇਕੱਠੀਆਂ ਪਿੰਡ ਸਰਾਵਾਂ ਬੋਦਲਾਂ ਵਿਖੇ ਬਲ ਰਹੀਆਂ ਹੋਣਗੀਆਂ ਅਤੇ ਉਨ੍ਹਾਂ ਦੀਆਂ ਚਿਤਾਵਾਂ ਨਾਲ ਸਾਰੇ ਸਵਾਲ ਵੀ ਖਤਮ ਹੋ ਜਾਣਗੇ, ਕੀ ਕਾਰਨ ਸਨ ਜਿਨ੍ਹਾਂ ਨੇ ਇਕ ਸਾਬਕਾ ਫੌਜੀ ਜਵਾਨ ਨੂੰ ਪਰਿਵਾਰ ਸਮੇਤ ਮੌਤ ਦੇ ਮੂੰਹ ਵੱਲ ਜਾਣ ਲਈ ਮਜਬੂਰ ਕੀਤਾ ਅਤੇ ਪਰਿਵਾਰ ਦੀ ਮੌਤ ਦਾ ਕਾਰਨ ਸ਼ਾਇਦ ਹਮੇਸ਼ਾ ਲਈ ਭੇਤ ਹੀ ਬਣ ਜਾਵੇ।


Related News