ਪੁਲਸ ਨੇ ਭਾਰੀ ਗਿਣਤੀ ''ਚ ਨਾਜਾਇਜ਼ ਸ਼ਰਾਬ ਕੀਤੀ ਬਰਾਮਦ

03/23/2018 11:51:34 PM

ਅਬੋਹਰ(ਰਹੇਜਾ, ਸੁਨੀਲ)—ਨਗਰ ਥਾਣਾ ਨੰਬਰ 1 ਅਤੇ 2 ਦੀ ਪੁਲਸ ਨੇ ਭਾਰੀ ਗਿਣਤੀ 'ਚ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ 1 ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਦਕਿ 4 ਜਣੇ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋਣ 'ਚ ਕਾਮਯਾਬ ਹੋ ਗਏ। ਪੁਲਸ ਨੇ ਪੰਜ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਥਾਣਾ ਨੰਬਰ 1 ਦੇ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਪੁਲਸ ਪਾਰਟੀ ਸਣੇ ਪੁਰਾਣੀ ਫਾਜ਼ਿਲਕਾ ਰੋਡ 'ਤੇ ਗਸ਼ਤ ਕਰ ਰਹੇ ਸਨ। ਉਨ੍ਹਾਂ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਸੰਤ ਨਗਰ ਵਿਖੇ ਦੋ ਵਿਅਕਤੀ ਭਾਰੀ ਗਿਣਤੀ 'ਚ ਨਾਜਾਇਜ਼ ਸ਼ਰਾਬ ਲਿਆ ਕੇ ਵੇਚਦੇ ਹਨ। ਜੇਕਰ ਹੁਣੇ ਉਨ੍ਹਾਂ ਦੇ ਘਰ ਰੇਡ ਕੀਤੀ ਜਾਵੇ ਤਾਂ ਉਹ ਸ਼ਰਾਬ ਸਮੇਤ ਗ੍ਰਿਫਤਾਰ ਕੀਤੇ ਜਾ ਸਕਦੇ ਹਨ। ਪੁਲਸ ਨੇ ਛਾਪਾ ਮਾਰ ਕੇ ਅਸ਼ੋਕ ਕੁਮਾਰ ਉਰਫ ਪੰਡਿਤ ਅਤੇ ਰਵੀ ਪੁੱਤਰਾਨ ਮੰਗਲਾ ਦੇ ਘਰੋਂ 20 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ, ਜਦਕਿ ਦੋਸ਼ੀ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ।ਇਸੇ ਤਰ੍ਹਾਂ ਨਗਰ ਥਾਣਾ ਨੰਬਰ 2 ਦੇ ਹਵਲਦਾਰ ਗੁਰਬਚਨ ਸਿੰਘ ਪੁਲਸ ਪਾਰਟੀ ਸਣੇ ਸੀਤੋ ਬਾਈਪਾਸ 'ਤੇ ਗਸ਼ਤ ਕਰ ਰਹੇ ਸਨ। ਉਨ੍ਹਾਂ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ 3 ਵਿਅਕਤੀ ਬਹਾਵਲ ਵਾਸੀ ਰੋਡ 'ਤੇ ਝਾੜੀਆਂ 'ਚ ਲੁਕਾ ਕੇ ਨਾਜਾਇਜ਼ ਸ਼ਰਾਬ ਵੇਚ ਰਹੇ ਹਨ। ਜੇਕਰ ਹੁਣੇ ਛਾਪਾ ਮਾਰਿਆ ਜਾਵੇ ਤਾਂ ਦੋਸ਼ੀ ਸ਼ਰਾਬ ਸਮੇਤ ਗ੍ਰਿਫਤਾਰ ਕੀਤੇ ਜਾ ਸਕਦੇ ਹਨ। ਪੁਲਸ ਨੇ ਛਾਪਾ ਮਾਰ ਕੇ ਬਹਾਵਲ ਵਾਸੀ ਰੋਡ 'ਤੇ ਝਾੜੀਆਂ 'ਚ ਲੁਕਾਈਆਂ  96 ਬੋਤਲਾਂ ਅੰਗ੍ਰੇਜ਼ੀ ਨਾਜਾਇਜ਼ ਸ਼ਰਾਬ ਅਤੇ 120 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ। ਪੁਲਸ ਨੇ ਨਵੀਨ ਕੁਮਾਰ ਉਰਫ ਬਬਲਾ ਪੁੱਤਰ ਸੁਰਿੰਦਰ ਮੱਕੜ ਵਾਸੀ ਏਕਤਾ ਕਾਲੋਨੀ ਅਬੋਹਰ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਰਾਕੇਸ਼ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਨਵੀਂ ਆਬਾਦੀ ਅਬੋਹਰ ਅਤੇ ਨੱਥਾ ਸਿੰਘ ਠੇਕੇਦਾਰ ਵਾਸੀ ਮਲੋਟ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋਣ 'ਚ ਕਾਮਯਾਬ ਹੋ ਗਏ। ਦੋਵਾਂ ਥਾਣਿਆਂ ਦੀ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News