ਸੋਨਾ ਹੋਵੇਗਾ ਮਹਿੰਗਾ, ਇੰਨੇ ਵਧ ਸਕਦੇ ਹਨ ਰੇਟ

03/23/2018 3:54:29 PM

ਨਵੀਂ ਦਿੱਲੀ— ਭਾਰਤ 'ਚ ਅਗਲੇ ਮਹੀਨੇ ਅਕਸ਼ੈ ਤ੍ਰਿਤੀਆ ਦਾ ਤਿਓਹਾਰ ਆਉਣ ਅਤੇ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਨਾਲ ਸੋਨੇ ਦੀ ਮੰਗ ਵਧੇਗੀ, ਜਿਸ ਨਾਲ ਘਰੇਲੂ ਸਰਾਫਾ ਬਾਜ਼ਾਰ 'ਚ ਸੋਨੇ ਦੇ ਰਟੇ ਵਧ ਸਕਦੇ ਹਨ। ਉੱਥੇ ਹੀ ਕੌਮਾਂਤਰੀ ਬਾਜ਼ਾਰਾਂ 'ਚ ਜੇਕਰ ਵਪਾਰ ਯੁੱਧ ਦੀ ਸੰਭਾਵਨਾ ਵਧਦੀ ਹੈ, ਤਾਂ ਇਸ ਦਾ ਅਸਰ ਸੋਨੇ 'ਤੇ ਵੀ ਦੇਖਣ ਨੂੰ ਮਿਲੇਗਾ। ਮੌਜੂਦਾ ਸਮੇਂ ਸੋਨੇ ਦਾ ਮੁੱਲ ਲਗਭਗ 31,500 ਰੁਪਏ ਪ੍ਰਤੀ ਦਸ ਗ੍ਰਾਮ ਹੈ, ਜੋ ਕਿ 32,000 ਰੁਪਏ ਤਕ ਪਹੁੰਚ ਸਕਦਾ ਹੈ।

ਬਾਜ਼ਾਰ ਜਾਣਕਾਰਾਂ ਦਾ ਕਹਿਣਾ ਹੈ ਕਿ ਕੌਮਾਂਤਰੀ ਬਾਜ਼ਾਰ 'ਚ ਸੋਨੇ ਦਾ ਮੁੱਲ 1,300 ਡਾਲਰ ਪ੍ਰਤੀ ਔਂਸ ਦੇ ਪੱਧਰ ਤੋਂ ਹੇਠਾਂ ਨਹੀਂ ਡਿੱਗ ਰਿਹਾ ਹੈ, ਇਸ ਦਾ ਮਤਲਬ ਹੈ ਕਿ ਸੋਨੇ 'ਚ ਅਜੇ ਗਿਰਾਵਟ ਦਾ ਦੌਰ ਨਹੀਂ ਹੈ। ਮੌਜੂਦਾ ਕੌਮਾਂਤਰੀ ਰਾਜਨੀਤਕ ਮਾਹੌਲ ਕਾਰਨ ਨਿਵੇਸ਼ਕ ਸੋਨੇ 'ਚ ਨਿਵੇਸ਼ ਵਧਾ ਰਹੇ ਹਨ, ਜਿਸ ਨਾਲ ਇਸ ਦੀ ਕੀਮਤ ਵਧੀ ਹੈ। ਉੱਥੇ ਹੀ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੇ ਕਮਜ਼ੋਰ ਪੈਣ ਨਾਲ ਵੀ ਦੂਜੇ ਦੇਸ਼ਾਂ ਲਈ ਸੋਨਾ ਖਰੀਦਣਾ ਸਸਤਾ ਹੋ ਜਾਂਦਾ ਹੈ, ਜਿਸ ਨਾਲ ਇਸ ਦੀ ਮੰਗ ਵਧਦੀ ਹੈ ਅਤੇ ਰੇਟ ਚੜ੍ਹ ਜਾਂਦੇ ਹਨ। ਹਾਲ ਹੀ 'ਚ ਅਮਰੀਕੀ ਕੇਂਦਰੀ ਬੈਂਕ ਨੇ ਵਿਆਜ ਦਰਾਂ 'ਚ ਵਾਧਾ ਕੀਤਾ ਹੈ ਅਤੇ ਦੋ ਵਾਰ ਹੋਰ ਵਿਆਜ ਦਰਾਂ ਵਧਾਉਣ ਦੇ ਸੰਕੇਤ ਦਿੱਤੇ ਹਨ। ਆਮ ਤੌਰ 'ਤੇ ਵਿਆਜ ਦਰ ਵਧਾਏ ਜਾਣ ਨਾਲ ਸੋਨੇ 'ਤੇ ਦਬਾਅ ਵਧਦਾ ਹੈ ਪਰ ਚੀਨ ਅਤੇ ਅਮਰੀਕਾ ਵਿਚਕਾਰ ਸ਼ੁਰੂ ਹੋਏ ਵਪਾਰ ਯੁੱਧ ਕਾਰਨ ਨਿਵੇਸ਼ਕਾਂ ਨੇ ਸੋਨੇ ਵੱਲ ਰੁਖ ਵਧਾਇਆ। ਹੁਣ ਆਉਣ ਵਾਲੇ ਦਿਨਾਂ 'ਚ ਸੋਨੇ ਦੇ ਰੇਟ, ਡਾਲਰ 'ਚ ਉਤਰਾਅ-ਚੜ੍ਹਾਅ ਅਤੇ ਇਸ ਦੀ ਮੰਗ 'ਤੇ ਨਿਰਭਰ ਕਰਨਗੇ।


Related News