40 ਹਜ਼ਾਰ ਡੇਪੋ ਵਾਲੰਟੀਅਰ ਬਣਾ ਕੇ ਅੰਮ੍ਰਿਤਸਰ ਦਿਹਾਤੀ ਪੁਲਸ ਪੰਜਾਬ ''ਚ ਨੰਬਰ 1 ''ਤੇ

03/23/2018 12:58:16 PM

ਅੰਮ੍ਰਿਤਸਰ (ਸੰਜੀਵ) : ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ-ਮੁਕਤ ਬਣਾਉਣ ਲਈ 23 ਮਾਰਚ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਟਕੜ ਕਲਾਂ ਤੋਂ ਪੰਜਾਬ ਭਰ 'ਚ ਬਣਾਏ ਗਏ ਡੇਪੋ (ਡਰੱਗ ਐਬਿਊਜ਼ ਪ੍ਰੀਵੈਂਟਿਵ ਅਧਿਕਾਰੀ) ਵਾਲੰਟੀਅਰਾਂ ਨੂੰ ਟੀ. ਵੀ. ਚੈਨਲ ਦੇ ਮਾਧਿਅਮ ਨਾਲ ਲਾਈਵ ਸਹੁੰ ਦਿਵਾਉਣਗੇ। ਰਾਜ ਭਰ ਵਿਚ ਬਣਾਏ ਗਏ 4 ਲੱਖ ਦੇ ਕਰੀਬ ਡੇਪੋ ਵਾਲੰਟੀਅਰ ਵੱਖ-ਵੱਖ ਸੈਂਟਰਾਂ 'ਚ ਪਹੁੰਚ ਕੇ ਸਹੁੰ ਸਮਾਰੋਹ ਵਿਚ ਭਾਗ ਲੈਣਗੇ। ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਮੁੱਖ ਮੰਤਰੀ ਦੀ ਇਸ ਮੁਹਿੰਮ ਵਿਚ 40 ਹਜ਼ਾਰ ਡੇਪੋ ਬਣਾ ਕੇ ਪੰਜਾਬ ਭਰ ਵਿਚ ਪਹਿਲੇ ਨੰਬਰ 'ਤੇ ਹੈ।
ਇਹ ਜਾਣਕਾਰੀ ਅੱਜ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਪਰਮਪਾਲ ਸਿੰਘ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਈ ਗਈ ਇਸ ਨਸ਼ਾ ਵਿਰੋਧੀ ਮੁਹਿੰਮ ਵਿਚ ਹਰ ਪੰਜਾਬੀ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਇਸ ਮੁਹਿੰਮ ਦਾ ਹਿੱਸਾ ਬਣ ਕੇ ਰਾਜ ਤੋਂ ਇਸ ਕੋਹੜ ਨੂੰ ਖਤਮ ਕਰਨ ਵਿਚ ਸਰਕਾਰ ਦੀ ਮਦਦ ਕਰਨੀ ਚਾਹੀਦੀ ਹੈ।
ਕਿਸ-ਕਿਸ ਨੂੰ ਬਣਾਇਆ ਗਿਆ ਡੇਪੋ : ਐੱਸ. ਐੱਸ. ਪੀ. ਪਰਮਪਾਲ ਸਿੰਘ ਨੇ ਦੱਸਿਆ ਕਿ ਰਜਿਸਟਰਡ ਕੀਤੇ ਗਏ ਡੇਪੋ 'ਚ ਸੇਵਾਮੁਕਤ ਸੈਨਿਕਾਂ, ਰਿਟਾ. ਸਰਕਾਰੀ ਅਧਿਕਾਰੀਆਂ, ਮੈਂਬਰਾਂ, ਸਰਪੰਚਾਂ, ਅਧਿਆਪਕਾਂ, ਆਂਗਣਵਾੜੀ ਵਰਕਰਾਂ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਅਤੇ ਉਨ੍ਹਾਂ ਬੁੱਧੀਜੀਵੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਰਾਜ ਵਿਚ ਫੈਲੇ ਨਸ਼ੇ 'ਤੇ ਕਾਬੂ ਪਾਉਣ ਲਈ ਸਰਕਾਰ ਨਾਲ ਚੱਲ ਸਕਣ। ਡੇਪੋ ਨਸ਼ਾ ਕਰਨ ਵਾਲੇ ਨੂੰ ਡੀ-ਅਡਿਕਸ਼ਨ ਸੈਂਟਰਾਂ ਵਿਚ ਭਰਤੀ ਕਰਵਾਉਣ ਵਿਚ ਉਨ੍ਹਾਂ ਦੀ ਮਦਦ ਕਰਨਗੇ ਅਤੇ ਰਾਜ ਦੀ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਵੱਲ ਉਤਸ਼ਾਹਿਤ ਹੋ ਰਹੀ ਹੈ ਉਸ ਦੀ ਕੌਂਸਲਿੰਗ ਕਰ ਕੇ ਉਨ੍ਹਾਂ ਨੂੰ ਇਸ ਰੋਗ ਤੋਂ ਦੂਰ ਰਹਿਣ ਦੀ ਸਲਾਹ ਦੇਣਗੇ। ਡੇਪੋ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਪੁਲਸ ਤੱਕ ਪਹੁੰਚਾਉਣਗੇ, ਜਿਸ 'ਤੇ ਪੰਜਾਬ ਪੁਲਸ ਕੰਮ ਕਰ ਕੇ ਉਨ੍ਹਾਂ ਸਮੱਗਲਰਾਂ ਦੀ ਵੀ ਗ੍ਰਿਫਤਾਰੀ ਕਰੇਗੀ।


Related News