ਪੰਜਾਬ ਬਜਟ ਸੈਸ਼ਨ ਦੇ ਤੀਜੇ ਦਿਨ ਵੀ ਹੰਗਾਮਾ, ਸਿੱਧੂ-ਮਜੀਠੀਆ ਵਿਚਕਾਰ ਬਹਿਸ

03/23/2018 11:10:52 AM

ਚੰਡੀਗੜ੍ਹ (ਰਮਨਦੀਪ ਸੋਢੀ) : ਪੰਜਾਬ ਵਿਧਾਨ ਸਭਾ 'ਚ ਬਜਟ ਸੈਸ਼ਨ ਦੇ ਤੀਜੇ ਦਿਨ ਵੀ ਹੰਗਾਮਾ ਜਾਰੀ ਰਿਹਾ, ਜਿਸ ਕਾਰਨ ਸਦਨ ਦੀ ਕਾਰਵਾਈ ਨੂੰ ਅੱਧੇ ਘੰਟੇ ਲਈ ਮੁਲਤਵੀ ਕਰਨਾ ਪਿਆ। ਸੈਸ਼ਨ ਦੌਰਾਨ ਬਿਕਰਮ ਸਿੰਘ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਤੂੰ-ਤੂੰ, ਮੈਂ-ਮੈਂ ਹੋ ਗਈ, ਜਿਸ ਤੋਂ ਬਾਅਦ ਸਪੀਕਰ ਨੇ ਕਾਰਵਾਈ ਮੁਲਤਵੀ ਕਰਨ ਦੇ ਹੁਕਮ ਦਿੱਤੇ। ਸੈਸ਼ਨ ਦੌਰਾਨ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਸਿੱਖਿਆ ਮੰਤਰੀ ਅਰੁਣ ਚੌਧਰੀ ਨੂੰ ਸਵਾਲ ਪੁੱਛਿਆ ਗਿਆ ਕਿ ਸਰਕਾਰ ਬੀ. ਏ. 'ਚ ਤਿੰਨ ਆਪਸ਼ਨਲ ਵਿਸ਼ਿਆਂ ਦੀ ਜਗ੍ਹਾ 2 ਆਪਸ਼ਨ ਵਿਸ਼ੇ ਕਰਨ ਅਤੇ ਤੀਜੇ ਆਪਸ਼ਨਲ ਵਿਸ਼ੇ ਦੀ ਜਗ੍ਹਾਂ ਵੋਕੇਸ਼ਨਲ ਵਿਸ਼ੇ ਨੂੰ ਸ਼ਾਮਲ ਕਰਨ ਬਾਰੇ ਵਿਚਾਰ ਕਰੇਗੀ, ਤਾਂ ਉਨ੍ਹਾਂ ਨੇ ਹਾਂ 'ਚ ਜਵਾਬ ਦਿੱਤਾ। ਮਦਨ ਲਾਲ ਜਲਾਲਪੁਰ ਨੇ ਤਰਕ ਦਿੱਤਾ ਕਿ ਜੇਕਰ ਵੋਕੇਸ਼ਨਲ ਵਿਸ਼ੇ ਨੂੰ ਸ਼ਾਮਲ ਕਰ ਲਿਆ ਜਾਂਦਾ ਹੈ ਤਾਂ ਇਸ ਨਾਲ ਡਿਗਰੀ ਕਰਨ ਤੋਂ ਬਾਅਦ ਵਿਦਿਆਰਥੀ ਦੇ ਹੱਥ 'ਚ ਸਕਿੱਲ ਆ ਜਾਵੇਗਾ, ਜੋ ਦੂਜੀਆਂ ਸਕਿੱਲ ਡਿਗਰੀਆਂ ਵਾਲੇ ਵਿਦਿਆਰਥੀਆਂ ਦੇ ਬਰਾਬਰ ਹੋ ਜਾਵੇਗਾ। ਇਸ 'ਤੇ ਸਿੱਖਿਆ ਮੰਤਰੀ ਨੇ ਜਵਾਬ ਦਿੱਤਾ ਕਿ ਸੁਬੇ ਦੀਆਂ ਤਿੰਨ ਯੂਨੀਵਰਸਿਟੀਆਂ ਦੇ ਵੀ. ਸੀ. ਦੀ ਇਕ ਕਮੇਟੀ ਬਣਾਈ ਗਈ ਹੈ, ਜੋ ਸਾਰੇ ਮਾਪਦੰਡ ਅਤੇ ਯੂ. ਜੀ. ਸੀ. ਦੀਆਂ ਸ਼ਰਤਾਂ ਦੇਖ ਕੇ ਇਸ ਬਾਰੇ ਰਿਪੋਰਟ ਦੇਵੇਗੀ ਅਤੇ ਉਸ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ।


Related News