ਦੋ ਮਹੀਨਿਆਂ ਤੋਂ ਕੌਂਸਲਰਾਂ ਨੂੰ ਨਹੀਂ ਮਿਲੀ ਤਨਖਾਹ

03/23/2018 6:29:31 AM

ਜਲੰਧਰ, (ਖੁਰਾਣਾ)— ਨਗਰ ਨਿਗਮ ਦੀਆਂ ਚੋਣਾਂ ਪਿਛਲੇ ਸਾਲ 17 ਦਸੰਬਰ ਨੂੰ ਹੋਈਆਂ ਸਨ, ਜਿਸ ਦੌਰਾਨ 80 ਕੌਂਸਲਰ ਜੇਤੂ ਰਹੇ ਸਨ। ਨਵੇਂ ਕੌਂਸਲਰਾਂ ਨੂੰ ਚੁਣੇ ਹੋਏ ਨੂੰ 3 ਮਹੀਨੇ ਤੋਂ ਵੱਧ ਦਾ ਦਾ ਸਮਾਂ ਹੋ ਚੁੱਕਾ ਹੈ ਪਰ ਇਨ੍ਹਾਂ ਕੌਂਸਲਰਾਂ ਨੇ 25 ਜਨਵਰੀ ਨੂੰ ਸਹੁੰ ਚੁੱਕੀ, ਇਸ ਲਈ ਇਨ੍ਹਾਂ ਦਾ ਕਾਰਜਕਾਲ ਉਸ ਵੇਲੇ ਤੋਂ ਹੀ ਮੰਨਿਆ ਜਾ ਰਿਹਾ ਹੈ।
ਸਹੁੰ ਚੁੱਕਿਆਂ ਨੂੰ ਵੀ ਕੌਂਸਲਰਾਂ ਨੂੰ ਦੋ ਮਹੀਨੇ ਹੋ ਚੁੱਕੇ ਹਨ ਪਰ ਅਜੇ ਤੱਕ ਕਿਸੇ ਵੀ ਕੌਂਸਲਰ ਨੂੰ ਤਨਖਾਹ ਨਹੀਂ ਮਿਲੀ। ਜ਼ਿਕਰਯੋਗ ਹੈ ਕਿ ਨਿਗਮ ਕੌਂਸਲਰ ਨੂੰ ਹਰ ਮਹੀਨੇ 17 ਹਜ਼ਾਰ ਰੁਪਏ ਤਨਖਾਹ ਭੱਤੇ ਦੇ ਰੂਪ ਵਿਚ ਮਿਲਦੇ ਹਨ ਤੇ ਉਨ੍ਹਾਂ ਨੂੰ ਹਰ ਬੈਠਕ ਅਟੈਂਡ ਕਰਨ ਲਈ 500 ਰੁਪਏ ਜ਼ਿਆਦਾ ਦਿੱਤੇ ਜਾਂਦੇ ਹਨ।
ਮੇਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਤਨਖਾਹ ਭੱਤਾ 46 ਹਜ਼ਾਰ ਰੁਪਏ, ਸੀਨੀਅਰ ਡਿਪਟੀ ਮੇਅਰ ਦੀ ਤਨਖਾਹ 41 ਹਜ਼ਾਰ ਤੇ ਡਿਪਟੀ ਮੇਅਰ ਦੀ ਤਨਖਾਹ 37750 ਰੁਪਏ ਪ੍ਰਤੀ ਮਹੀਨਾ ਹੈ ਪਰ ਇਨ੍ਹਾਂ ਵਿਚੋਂ ਕਿਸੇ ਨੂੰ ਵੀ ਅੱਜ ਤੱਕ ਨਿਗਮ ਫੰਡ ਵਿਚੋਂ ਚੁਆਨੀ ਤੱਕ ਨਹੀਂ ਮਿਲੀ।
ਇਸਨੂੰ ਭਾਵੇਂ ਨਿਗਮ ਦਾ ਵਿੱਤੀ ਸੰਕਟ ਕਹੀਏ ਜਾਂ ਕੋਈ ਤਕਨੀਕੀ ਸਮੱਸਿਆ ਪਰ ਅਜਿਹੀ ਸਥਿਤੀ ਕਾਰਨ ਨਵੇਂ ਚੁਣੇ ਗਏ ਕੌਂਸਲਰਾਂ ਵਿਚ ਚਰਚਾ ਜ਼ਰੂਰ ਹੋ ਰਹੀ ਹੈ। ਵੈਸੇ ਨਿਗਮ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੌਂਸਲਰਾਂ ਦੀ ਤਨਖਾਹ ਰਿਲੀਜ਼ ਕਰਨ ਲਈ ਇਨ੍ਹਾਂ ਦੇ ਵੱਖਰੇ ਬੈਂਕ ਅਕਾਊਂਟ ਪੰਜਾਬ ਨੈਸ਼ਨਲ ਬੈਂਕ ਵਿਚ ਖੁਲ੍ਹ੍ਹਵਾਉਣੇ ਪੈਣਗੇ, ਜਿੱਥੇ ਕੁਝ ਸਮੱਸਿਆ ਆ ਰਹੀ ਹੈ, ਇਸ ਲਈ ਕੌਂਸਲਰਾਂ ਦੀ ਤਨਖਾਹ ਰਿਲੀਜ਼ ਨਹੀਂ ਹੋ ਰਹੀ।
ਨਿਗਮ ਸਟਾਫ ਨੂੰ ਵੀ ਨਹੀਂ ਮਿਲੀ ਫਰਵਰੀ ਦੀ ਤਨਖਾਹ
ਪੰਜਾਬ ਸਰਕਾਰ ਵਾਂਗ ਜਲੰਧਰ ਨਿਗਮ ਪਿਛਲੇ ਕਈ ਮਹੀਨਿਆਂ ਤੋਂ ਘੋਰ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ, ਜਿਸ ਕਾਰਨ ਨਿਗਮ ਕਰਮਚਾਰੀਆਂ ਦੀ ਤਨਖਾਹ ਰਿਲੀਜ਼ ਕਰਨ ਵਿਚ ਦੇਰ ਹੋ ਰਹੀ ਹੈ। ਫਰਵਰੀ ਮਹੀਨੇ ਵਿਚ ਤਨਖਾਹ ਵਿਚ ਦੇਰ ਨੂੰ ਲੈ ਕੇ ਨਗਰ ਨਿਗਮ ਦੇ ਕਰਮਚਾਰੀ ਹੜਤਾਲ 'ਤੇ ਵੀ ਚਲੇ ਗਏ ਸਨ। ਹੁਣ ਮਾਰਚ ਮਹੀਨਾ ਖਤਮ ਹੋਣ ਨੂੰ ਹੈ ਪਰ ਅਜੇ ਤੱਕ ਨਿਗਮ ਦੇ ਕਿਸੇ ਕਰਮਚਾਰੀ ਨੂੰ ਵੀ ਫਰਵਰੀ ਮਹੀਨੇ ਦੀ ਤਨਖਾਹ ਨਹੀਂ ਮਿਲੀ, ਜਿਸ ਕਾਰਨ ਕਰਮਚਾਰੀਆਂ ਵਿਚ ਰੋਸ ਫੈਲਦਾ ਜਾ ਰਿਹਾ ਹੈ।
ਕਈ ਕਰਮਚਾਰੀਆਂ ਨੇ ਦੱਸਿਆ ਕਿ ਇਨ੍ਹੀਂ ਦਿਨੀਂ ਸਕੂਲਾਂ ਵਿਚ ਅਡਮਿਸ਼ਨ ਚੱਲ ਰਹੀ ਹੈ। ਬੱਚਿਆਂ ਨੂੰ ਨਵੀਆਂ ਕਾਪੀਆਂ, ਕਿਤਾਬਾਂ, ਵਰਦੀਆਂ ਲੈ ਕੇ ਦੇਣੀਆਂ ਹਨ। ਬੀਮੇ ਦੀਆਂ ਕਿਸ਼ਤਾਂ ਤੇ ਬੈਂਕ ਲੋਨ ਦੀਆਂ ਕਿਸ਼ਤਾਂ ਮਾਰਚ ਵਿਚ ਜਾਂਦੀਆਂ ਹਨ ਪਰ ਤਨਖਾਹ ਨਾ ਮਿਲਣ ਕਾਰਨ ਨਿਗਮ ਕਰਮਚਾਰੀਆਂ ਦੇ ਘਰਾਂ ਦਾ ਬਜਟ ਵਿਗੜ ਗਿਆ ਹੈ। 
ਨਿਗਮ ਨੂੰ ਫਿਲਹਾਲ ਪੰਜਾਬ ਸਰਕਾਰ ਕੋਲੋਂ ਜੀ. ਐੱਸ. ਟੀ. ਦਾ ਸ਼ੇਅਰ ਨਹੀਂ ਮਿਲਿਆ, ਜਿਸ ਕਾਰਨ ਤਨਖਾਹ ਵਿਚ ਦੇਰ ਹੋ ਰਹੀ ਹੈ। ਚੰਡੀਗੜ੍ਹ ਵਿਚ ਇਸ ਬਾਰੇ ਗੱਲ ਹੋਈ ਸੀ ਤੇ ਪਤਾ ਲੱਗਾ ਹੈ ਕਿ ਜਲਦੀ ਹੀ ਨਿਗਮ ਨੂੰ ਚੈੱਕ ਮਿਲਣ ਜਾ ਰਿਹਾ ਹੈ। ਪੈਸੇ ਆਉਂਦਿਆਂ ਹੀ ਸਭ ਤੋਂ ਪਹਿਲਾਂ ਸੈਲਰੀ ਰਿਲੀਜ਼ ਕੀਤੀ ਜਾਵੇਗੀ।  ਜਗਦੀਸ਼ ਰਾਜਾ, ਮੇਅਰ


Related News