ਰੋਡਵੇਜ਼ ਤੇ ਪਨਬਸ ਕਰਮਚਾਰੀਆਂ ਕੀਤਾ ਚੱਕਾ ਜਾਮ

03/23/2018 2:29:42 AM

ਹੁਸ਼ਿਆਰਪੁਰ, (ਘੁੰਮਣ)- ਪੰਜਾਬ ਰੋਡਵੇਜ਼ ਤੇ ਪਨਬਸ ਦੀ ਸਾਂਝਾ ਐਕਸ਼ਨ ਕਮੇਟੀ ਵੱਲੋਂ ਦੁਪਹਿਰ 12 ਤੋਂ 2 ਵਜੇ ਤੱਕ ਸਥਾਨਕ ਬੱਸ ਸਟੈਂਡ 'ਚ ਬੱਸਾਂ ਦਾ ਚੱਕਾ ਜਾਮ ਕਰ ਕੇ ਸਰਕਾਰ ਖਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਚੱਕਾ ਜਾਮ ਹੋਣ ਨਾਲ ਕਰੀਬ 2 ਘੰਟੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। 
ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਰੋਡਵੇਜ਼ ਤੇ ਪਨਬਸ ਕਰਮਚਾਰੀ ਆਪਣੀਆਂ ਜਾਇਜ਼ ਮੰਗਾਂ ਸਬੰਧੀ ਕਾਫ਼ੀ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਪਰ ਸਾਡੀਆਂ ਮੰਗਾਂ ਬਾਰੇ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ 21 ਫ਼ਰਵਰੀ ਨੂੰ ਮੰਗਾਂ ਸਬੰਧੀ ਮੁਕੰਮਲ ਹੜਤਾਲ ਕੀਤੀ ਸੀ ਪਰ ਸਰਕਾਰ ਨੇ ਹੜਤਾਲ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ। ਆਗੂਆਂ ਨੇ ਕਿਹਾ ਕਿ ਇਸੇ ਸਬੰਧੀ ਹੁਣ 3, 4 ਤੇ 5 ਅਪ੍ਰੈਲ ਨੂੰ ਪੰਜਾਬ ਰੋਡਵੇਜ਼ ਡਾਇਰੈਕਟਰ ਦੇ ਦਫ਼ਤਰ ਬਾਹਰ ਰੋਸ ਧਰਨੇ ਦਿੱਤੇ ਜਾਣਗੇ। ਜੇਕਰ ਫ਼ਿਰ ਵੀ ਮੰਗਾਂ ਨਾ ਮੰਨੀਆਂ ਗਈਆਂ ਤਾਂ 23 ਮਈ ਨੂੰ ਇਕ ਦਿਨ ਦੀ ਰਾਜ ਪੱਧਰੀ 18 ਰੋਡਵੇਜ਼ ਡਿਪੂਆਂ 'ਚ ਮੁਕੰਮਲ ਹੜਤਾਲ ਰੱਖੀ ਜਾਵੇਗੀ। 
ਬੱਸ ਸਟੈਂਡ 'ਤੇ ਰੋਡਵੇਜ਼ ਯੂਨੀਅਨ ਦੇ ਨੇਤਾਵਾਂ ਵੱਲੋਂ ਬੱਸ ਸਟੈਂਡ ਦੇ ਦੋਨੋਂ ਹੀ ਗੇਟ ਬੰਦ ਰੱਖਣ ਲਈ ਗੇਟਾਂ ਸਾਹਮਣੇ ਬੱਸਾਂ ਖੜ੍ਹੀਆਂ ਕਰ ਕੇ ਰਸਤਾ ਬੰਦ ਕਰ ਦਿੱਤਾ ਗਿਆ ਤੇ ਸਰਕਾਰ ਦੇ ਖਿਲਾਫ਼ ਖੁੱਲ੍ਹ ਕੇ ਨਾਅਰੇਬਾਜ਼ੀ ਕੀਤੀ ਜਿਸ ਕਾਰਨ ਪੰਜਾਬ ਰੋਡਵੇਜ਼ ਤੇ ਪਨਬਸ ਆਦਿ ਕਰੀਬ 100 ਤੋਂ ਜ਼ਿਆਦਾ ਬੱਸਾਂ ਦੀ ਆਵਾਜਾਈ 2 ਘੰਟੇ ਲਈ ਬੰਦ ਰਹੀ ਜਿਸ ਕਾਰਨ ਵਿਦਿਆਰਥੀਆਂ ਤੇ ਹੋਰ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਸਮੇਂ ਰਾਜਿੰਦਰ ਸਿੰਘ, ਕਮਲਜੀਤ ਸਿੰਘ, ਅਜੀਤ ਸਿੰਘ, ਧਨਪਤ, ਕਸ਼ਮੀਰ ਸਿੰਘ, ਜਗਜੀਤ ਸਿੰਘ ਜੱਗੀ, ਪਲਵਿੰਦਰ ਸਿੰਘ ਮੋਨੂੰ, ਸੁਰਿੰਦਰ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ।


Related News