ਹੁਣ ਅਦਾਰਿਆਂ ਨੂੰ ਸੇਫਟੀ ਸਰਟੀਫਿਕੇਟ ਲਈ ਦੇਣੀ ਪਵੇਗੀ 2000 ਫੀਸ

03/23/2018 1:46:18 AM

ਰੂਪਨਗਰ, (ਵਿਜੇ)- ਨਗਰ ਕੌਂਸਲ ਰੂਪਨਗਰ ਦੀ ਮੀਟਿੰਗ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮਾਕੜ ਦੀ ਪ੍ਰਧਾਨਗੀ 'ਚ ਹੋਈ, ਜਿਸ 'ਚ ਮੁੱਖ ਰੂਪ 'ਚ ਜਨਵਰੀ ਮਹੀਨੇ ਦੀ 152.69 ਲੱਖ ਆਮਦਨ ਅਤੇ 130.93 ਲੱਖ ਖਰਚ ਦਾ ਹਿਸਾਬ ਅਤੇ ਫਰਵਰੀ ਮਹੀਨੇ ਦੀ 102.78 ਲੱਖ ਦੀ ਆਮਦਨ ਅਤੇ 92.35 ਲੱਖ ਰੁਪਏ ਖਰਚੇ ਦਾ ਹਿਸਾਬ ਪੇਸ਼ ਕੀਤਾ ਗਿਆ, ਜਿਸ ਨੂੰ ਬਹੁਸੰਮਤੀ ਨਾਲ ਪਾਸ ਕੀਤਾ ਗਿਆ। 
ਪਿਛਲੀ ਮੀਟਿੰਗ ਦੀ ਪੁਸ਼ਟੀ ਕਰਨ ਸਮੇਂ ਮੈਂਬਰ ਅਸ਼ੋਕ ਵਾਹੀ ਨੇ ਡੀਜ਼ਲ ਖਰਚੇ ਦੇ ਪਾਏ 4 ਲੱਖ ਰੁਪਏ 'ਤੇ ਵਿਰੋਧ ਦਰਜ ਕਰਵਾਉਂਦੇ ਹੋਏ ਪੁੱਛਿਆ ਕਿ ਕੌਂਸਲ ਦੇ ਕੋਲ ਕਿੰਨੇ ਵਾਹਨ ਹਨ। ਇਸ 'ਤੇ ਸੈਨੇਟਰੀ ਇੰਸਪੈਕਟਰ ਦਿਆਲ ਸਿੰਘ ਨੇ ਦੱਸਿਆ ਕਿ ਇਸ ਸਮੇਂ ਨਗਰ ਕੌਂਸਲ ਕੋਲ 4 ਟਰੈਕਟਰ, 6 ਟੈਂਪੂ, 1 ਸੀਵਰ ਕਲੀਨਿੰਗ ਮਸ਼ੀਨ, 1 ਸਕਾਈ ਲਿਫਟ, 1 ਜੇ.ਸੀ.ਬੀ., 2 ਡੰਪਰ ਪਲੇਜ਼ਰ ਅਤੇ 1 ਅੰਬੈਸਡਰ ਕਾਰ ਸਮੇਤ ਕੁੱਲ 16 ਵਾਹਨ ਹਨ ਅਤੇ ਇਸ 4 ਲੱਖ ਰੁਪਏ ਦੀ ਪੇਮੈਂਟ ਵਿਚ ਪਿਛਲੀ ਪੇਮੈਂਟ ਵੀ ਸ਼ਾਮਲ ਹੈ। ਦਫਤਰ 'ਚ ਕਰਮਚਾਰੀਆਂ ਦੀ ਹਾਜ਼ਰੀ ਲਈ ਬਾਇਓਮੀਟ੍ਰਿਕ ਸਿਸਟਮ ਲਾਉਣ ਦਾ ਖਰਚਾ, ਸੁਰਿੰਦਰਪਾਲ ਸਿੰਘ ਪੰਪ ਡਰਾਈਵਰ ਦੀ ਤਰੱਕੀ ਦਾ ਕੇਸ ਵੀ ਸਰਬਸੰਮਤੀ ਨਾਲ ਸਵੀਕਾਰ ਕੀਤਾ ਗਿਆ। ਆਉਣ ਵਾਲੇ ਕੁਝ ਮਹੀਨਿਆਂ 'ਚ ਸੇਵਾਮੁਕਤ ਹੋ ਰਹੇ ਕਰਮਚਾਰੀ ਸੁਭਾਸ਼ ਚੰਦਰ, ਅਸ਼ੋਕ ਕੁਮਾਰ, ਮਹਿੰਦਰ ਕੁਮਾਰ ਮੇਟ ਦੇ ਰਿਟਾਇਰੀ ਡਿਊਜ਼ ਜਾਰੀ ਕਰਨ ਦੇ ਅਧਿਕਾਰ ਕਾਰਜ ਸਾਧਕ ਅਫਸਰ ਨੂੰ ਦਿੱਤੇ ਗਏ। ਨਗਰ ਕੌਂਸਲ 'ਚ ਮੌਜੂਦ 4 ਫਾਇਰ ਟੈਂਡਰਾਂ ਦੇ ਖਰਚੇ ਨੂੰ ਦੇਖਦੇ ਹੋਏ ਹੋਟਲਾਂ, ਮੈਰਿਜ ਪੈਲੇਸਾਂ ਅਤੇ ਵਿਦਿਅਕ ਅਦਾਰਿਆਂ ਨੂੰ ਸੇਫਟੀ ਸਰਟੀਫਿਕੇਟ ਜਾਰੀ ਕਰਨ ਦੀ ਫੀਸ 500 ਰੁਪਏ ਤੋਂ ਵਧਾ ਕੇ 2000 ਰੁ. ਕਰਨ ਦਾ ਫੈਸਲਾ ਕੀਤਾ ਗਿਆ। ਸੂਬਾ ਸਰਕਾਰ ਦੁਆਰਾ ਜਾਰੀ ਨਵੀਂ ਐਡਵਰਟਾਈਜ਼ਮੈਂਟ ਪਾਲਿਸੀ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਵਾਰਡ ਨੰ. 11 ਅਤੇ 12 ਦੇ ਨਿਵਾਸੀਆਂ ਲਈ ਨਹਿਰ ਦੇ ਪਾਣੀ ਨੂੰ ਜੋੜਨ ਲਈ ਸੀਵਰੇਜ ਬੋਰਡ ਵੱਲੋਂ ਭੇਜੇ ਗਏ 9.1 ਲੱਖ ਰੁਪਏ ਦੇ ਐਸਟੀਮੇਟ, 4000 ਲੀਟਰ ਅਤੇ ਨਵੇਂ ਟੈਂਕਰ ਖਰੀਦਣ, ਟੈਂਕਰਾਂ ਦੀਆਂ ਪੁਰਾਣੀਆਂ ਚੈਸੀਆਂ ਅਤੇ ਦੋ ਨਵੇਂ ਟੈਂਕਰ ਲਾਉਣ, ਗਊਸ਼ਾਲਾ ਰੋਡ ਅਤੇ ਵਾਰਡ ਨੰ. 12 ਦੇ ਖੇਤਰ 'ਚ ਨਵੇਂ ਮੀਟਰ ਲਾਉਣ ਲਈ ਪੈਸੇ ਜਮ੍ਹਾ ਕਰਵਾਉਣ ਲਈ ਵੀ ਮਨਜ਼ੂਰੀ ਦਿੱਤੀ ਗਈ। 
ਕੋਟਲਾ, ਟੱਪਰੀਆਂ ਅਤੇ ਭਿਓਰਾ ਕੌਂਸਲ ਹੱਦ 'ਚੋਂ ਬਾਹਰ : ਮੀਟਿੰਗ 'ਚ ਪਿੰਡ ਕੋਟਲਾ, ਟੱਪਰੀਆਂ ਅਤੇ ਭਿਓਰਾ ਨੂੰ ਕੌਂਸਲ ਹੱਦ 'ਚ ਸ਼ਾਮਲ ਕਰਨ ਦਾ ਪ੍ਰਸਤਾਵ ਸਰਬਸੰਮਤੀ ਨਾਲ ਰੱਦ ਕਰ ਦਿੱਤਾ ਗਿਆ। ਇਸ ਮੌਕੇ ਕੌਂਸਲਰ ਜਸਵਿੰਦਰ ਕੌਰ ਸ਼ੈਲੀ, ਹਰਵਿੰਦਰ ਸਿੰਘ ਹਵੇਲੀ, ਬਾਵਾ ਸਿੰਘ, ਰਵਿੰਦਰ ਕੌਰ ਜੱਗੀ, ਗੁਰਮੀਤ ਸਿੰਘ ਰਿੰਕੂ, ਕਰਨੈਲ ਸਿੰਘ ਤੰਬੜਾ, ਮਨਜਿੰਦਰ ਸਿੰਘ ਧਨੋਆ, ਰਚਨਾ ਲਾਂਬਾ, ਗੁਰਮੁੱਖ ਸਿੰਘ ਸੈਣੀ, ਅਮਰਜੀਤ ਸਿੰਘ ਜੌਲੀ, ਸੰਦੀਪ ਕੌਰ ਜੱਗੀ, ਹਰਮਿੰਦਰਪਾਲ ਸਿੰਘ ਵਾਲੀਆ, ਪ੍ਰਵੀਨ ਛਤਵਾਲ, ਸਲੀਮ ਕੁਮਾਰ, ਅਸ਼ੋਕ ਵਾਹੀ, ਪੋਮੀ ਸੋਨੀ, ਰਮਨ ਜਿੰਦਲ, ਗੁਰਨਾਮ ਕੌਰ ਅਤੇ ਈ. ਓ. ਗੁਰਦੀਪ ਸਿੰਘ ਆਦਿ ਮੌਜੂਦ ਸਨ।
ਕੌਂਸਲਰਾਂ ਨੇ ਚੁੱਕੇ ਵੱਖ-ਵੱਖ ਮੁੱਦੇ : ਕੌਂਸਲਰ ਅਸ਼ੋਕ ਕੁਮਾਰ ਵਾਹੀ ਨੇ ਡੀਜ਼ਲ ਖਰਚੇ ਨੂੰ ਲੈ ਕੇ ਵਿਰੋਧ ਜਤਾਇਆ, ਉਨ੍ਹਾਂ ਵੱਲੋਂ 125 ਗਜ਼ ਦੇ ਮਕਾਨਾਂ 'ਤੇ ਪਾਣੀ ਸੀਵਰੇਜ ਦੇ ਬਿੱਲਾਂ ਸਬੰਧੀ ਪਾਏ ਗਏ ਵਿੱਤੀ ਬੋਝ ਨੂੰ ਲੈ ਕੇ ਵੀ ਰੋਸ ਪ੍ਰਗਟ ਕੀਤਾ ਗਿਆ। ਕੌਂਸਲਰ ਮਨਜਿੰਦਰ ਸਿੰਘ ਧਨੋਆ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਤਹਿਤ ਰੈਲੋਂ ਰੋਡ ਅਤੇ ਗਊਸ਼ਾਲਾ ਰੋਡ 'ਤੇ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਜਾਂਦਾ ਹੈ, ਜਿਸ ਦਾ ਹੱਲ ਹੋਣਾ ਚਾਹੀਦਾ ਹੈ।
ਉਧਰ, ਕੌਂਸਲਰ ਹਰਵਿੰਦਰ ਸਿੰਘ ਹਵੇਲੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਵਾਰਡ ਅਤੇ ਰੂਪਨਗਰ 'ਚ ਸਫਾਈ ਦਾ ਕੰਮ ਸਹੀ ਢੰਗ ਨਾਲ ਚੱਲੇ ਤਾਂ ਕਿ ਸਰਕਾਰ ਦੁਆਰਾ ਚਲਾਇਆ ਜਾ ਰਿਹਾ ਸਫਾਈ ਅਭਿਆਨ ਸਫਲ ਹੋ ਸਕੇ। ਉਨ੍ਹਾਂ ਸੈਨੇਟਰੀ ਇੰਸਪੈਕਟਰ ਨਾਲ ਕਥਿਤ ਦੁਰਵਿਵਹਾਰ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ। ਦੂਜੇ ਪਾਸੇ ਸੈਨੇਟਰੀ ਇੰਸਪੈਕਟਰ ਦਿਆਲ ਸਿੰਘ ਦਾ ਕਹਿਣਾ ਹੈ ਕਿ ਕੌਂਸਲਰ ਹਰਵਿੰਦਰ ਸਿੰਘ ਹਵੇਲੀ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ, ਜਿਸ ਕਾਰਨ ਸਫਾਈ ਕਰਮਚਾਰੀ ਸੰਘ ਅਤੇ ਕਲੈਰੀਕਲ ਯੂਨੀਅਨ ਰੋਸ ਵਜੋਂ ਕੱਲ ਤੋਂ ਹੜਤਾਲ ਕਰਨਗੇ।


Related News