ਅੱਜ ਵੋਟਿੰਗ ਦਾ ਆਖਰੀ ਪੜਾਅ, ਜਿਹੜੀ ਵੀ ਪਾਰਟੀ ਸੱਤਾ ’ਚ ਆਏ, ਕੁਝ ਕਰ ਜਾਏ

Saturday, Jun 01, 2024 - 02:44 AM (IST)

ਅੱਜ ਵੋਟਿੰਗ ਦਾ ਆਖਰੀ ਪੜਾਅ, ਜਿਹੜੀ ਵੀ ਪਾਰਟੀ ਸੱਤਾ ’ਚ ਆਏ, ਕੁਝ ਕਰ ਜਾਏ

ਅੱਜ ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਆਖਰੀ ਪੜਾਅ ਦੀਆਂ 8 ਸੂਬਿਆਂ ’ਚ 57 ਸੀਟਾਂ ’ਤੇ ਵੋਟਾਂ ਪੈਣ ਜਾ ਰਹੀਆਂ ਹਨ। ਇਨ੍ਹਾਂ ’ਚ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ 1, ਪੰਜਾਬ ਦੀਆਂ ਸਾਰੀਆਂ 13, ਹਿਮਾਚਲ ਪ੍ਰਦੇਸ਼ ਦੀਆਂ 4, ਉੱਤਰ ਪ੍ਰਦੇਸ਼ ਦੀਆਂ 13, ਪੱਛਮੀ ਬੰਗਾਲ ਦੀਆਂ 9, ਬਿਹਾਰ ਦੀਆਂ 8, ਓਡਿਸ਼ਾ ਦੀਆਂ 6 ਅਤੇ ਝਾਰਖੰਡ ਦੀਆਂ 3 ਸੀਟਾਂ ਸ਼ਾਮਲ ਹਨ। ਇਸ ਤੋਂ ਪਹਿਲਾਂ ਦੇ 6 ਪੜਾਵਾਂ ’ਚ 28 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 486 ਸੀਟਾਂ ’ਤੇ ਵੋਟਾਂ ਪੈ ਚੁੱਕੀਆਂ ਹਨ।

ਇਨ੍ਹਾਂ ਚੋਣਾਂ ਦੌਰਾਨ ਸਾਰੀਆਂ ਪਾਰਟੀਆਂ ਨੇ ਆਪਣਾ ਪੂਰਾ ਜ਼ੋਰ ਲਾ ਦਿੱਤਾ। 30 ਮਈ ਨੂੰ ਸ਼ਾਮ 5 ਵਜੇ ਚੋਣ ਪ੍ਰਚਾਰ ਰੁਕ ਜਾਣ ਪਿੱਛੋਂ ਜਿੱਥੇ ਭਾਰੀ ਗਰਮੀ ’ਚ ਚੋਣ ਸਰਗਰਮੀਆਂ ’ਚ ਰੁੱਝੇ ਆਗੂਆਂ ਦੇ ਸਰੀਰ ਅਤੇ ਗਲੇ ਨੂੰ ਕੁਝ ਆਰਾਮ ਮਿਲੇਗਾ, ਉਥੇ ਹੀ ਆਮ ਲੋਕਾਂ ਨੂੰ ਆਗੂਆਂ ਦੇ ਭਾਸ਼ਣਾਂ ’ਚ ਦੋਸ਼-ਪ੍ਰਤੀਦੋਸ਼, ਮਰਿਆਦਾਹੀਣ ਬਿਆਨਬਾਜ਼ੀ ਅਤੇ ਚੋਣਾਂ ਦਾ ਰੌਲਾ, ਮੀਡੀਆ ਨੂੰ ਆਗੂਆਂ ਦੀਆਂ ਤਾਬੜਤੋੜ ਚੋਣ ਰੈਲੀਆਂ ਅਤੇ ਭਾਸ਼ਣਾਂ ਦੀ ਕਵਰੇਜ ਤੋਂ, ਸੁਰੱਖਿਆ ਮੁਲਾਜ਼ਮਾਂ ਨੂੰ ਚੋਣ ਉਮੀਦਵਾਰਾਂ ਅਤੇ ਆਗੂਆਂ ਪਿੱਛੇ ਭੱਜ-ਦੌੜ ਤੋਂ ਰਾਹਤ ਮਿਲੀ ਹੈ।

ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਮਈ ਸ਼ਾਮ ਨੂੰ ਹੁਸ਼ਿਆਰਪੁਰ ’ਚ ਆਪਣੀ ਆਖਰੀ ਚੋਣ ਸਭਾ ਨੂੰ ਸੰਬੋਧਨ ਕਰਨ ਪਿੱਛੋਂ ਕੰਨਿਆਕੁਮਾਰੀ ਦੇ ਪ੍ਰਸਿੱਧ ਵਿਵੇਕਾਨੰਦ ਰਾਕ ਮੈਮੋਰੀਅਲ ’ਤੇ ਪਹੁੰਚ ਕੇ 45 ਘੰਟੇ ਚੱਲਣ ਵਾਲੀ ਆਪਣੀ ਧਿਆਨ-ਸਾਧਨਾ ਸ਼ੁਰੂ ਕਰ ਦਿੱਤੀ ਹੈ। ਹੁਣ ਇਹ ਤਾਂ ਉਹੀ ਜਾਣਦੇ ਹੋਣਗੇ ਕਿ ਉਹ ਉੱਥੇ ਪ੍ਰਾਰਥਨਾ ਨਾਲ ਆਪਣੀ ਆਸਥਾ ਪ੍ਰਗਟ ਕਰਨ ਗਏ ਹਨ ਜਾਂ ਪ੍ਰਭੂ ਤੋਂ ਕੁਝ ਮੰਗਣ! ਹੋਰ ਸਾਰੇ ਆਗੂ ਵੀ ਹੁਣ ਆਪਣੇ-ਆਪਣੇ ਤਰੀਕੇ ਨਾਲ ਪਿਛਲੇ 75 ਦਿਨਾਂ ਦੀ ਥਕਾਨ ਮਿਟਾਉਣਗੇ।

ਅੱਜ ਸ਼ਾਮ ਸੰਭਾਵਿਤ ਨਤੀਜਿਆਂ ਸਬੰਧੀ ਲੋਕਾਂ ਦੀ ਜਗਿਆਸਾ ਸ਼ਾਂਤ ਕਰਨ ਲਈ ਟੀ.ਵੀ. ਚੈਨਲਾਂ ਅਤੇ ਮੀਡੀਆ ’ਚ ‘ਐਗਜ਼ਿਟ ਪੋਲ’ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ। ਸਾਰੇ ਚੈਨਲ ਆਪਣੇ-ਆਪਣੇ ਹਿਸਾਬ ਨਾਲ ਸੰਭਾਵਿਤ ਨਤੀਜੇ ਦੱਸਣਗੇ ਅਤੇ ਚੋਣ ਉਮੀਦਵਾਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਅਤੇ ਵਰਕਰਾਂ ਦੇ ਨਾਲ-ਨਾਲ ਆਮ ਲੋਕਾਂ ਦੀ 4 ਜੂਨ ਨੂੰ ਐਲਾਨੇ ਜਾਣ ਵਾਲੇ ਅਧਿਕਾਰਤ ਨਤੀਜਿਆਂ ਦੀ ਉਡੀਕ ਸ਼ੁਰੂ ਹੋ ਜਾਵੇਗੀ। ਇਸ ਦਰਮਿਆਨ ਮੰਦਰਾਂ, ਗੁਰਦੁਆਰਿਆਂ, ਮਸਜਿਦਾਂ, ਗਿਰਜਾਘਰਾਂ ਆਦਿ ’ਚ ਉਮੀਦਵਾਰਾਂ ਆਦਿ ਵਲੋਂ ਪ੍ਰਾਰਥਨਾਵਾਂ ਦਾ ਸਿਲਸਿਲਾ ਵੀ ਜਾਰੀ ਰਹੇਗਾ।

4 ਜੂਨ ਨੂੰ ਚੋਣ ਨਤੀਜਿਆਂ ਦੇ ਅਧਿਕਾਰਤ ਐਲਾਨ ਪਿੱਛੋਂ ਅੱਗੇ ਦੀ ਸਰਗਰਮੀ ਲਈ ਖੁਦ ਨੂੰ ਤਾਜ਼ਾ ਦਮ ਕਰ ਕੇ ਚੋਣਾਂ ’ਚ ਜੇਤੂ ਉਮੀਦਵਾਰ ਜਲੂਸ ਕੱਢਣਗੇ ਅਤੇ ਹਾਰੇ ਹੋਏ ਉਮੀਦਵਾਰ ਅਤੇ ਉਨ੍ਹਾਂ ਦੇ ਸੰਗੀ-ਸਾਥੀ ਇਕ-ਦੂਜੇ ਨੂੰ ਦਿਲਾਸਾ ਦਿੰਦੇ ਹੋਏ ਆਪਣਾ ਦੁੱਖ ਵੰਡਣ ਦੀ ਕੋਸ਼ਿਸ਼ ਕਰਨਗੇ।

ਨਤੀਜਿਆਂ ਦੇ ਅਧਿਕਾਰਕ ਐਲਾਨ ਅਤੇ ਸਰਕਾਰ ਦੇ ਗਠਨ ਪਿੱਛੋਂ ਲੋਕ ਇਹ ਲੇਖਾ-ਜੋਖਾ ਵੀ ਕਰਨਗੇ ਕਿ ਚੋਣ ਪ੍ਰਚਾਰ ਦੌਰਾਨ ਜੋ ਵੀ ਮਿਲਿਆ ਉਸ ਤੋਂ ਇਲਾਵਾ ਹੁਣ ਨਵੀਂ ਸਰਕਾਰ ਉਨ੍ਹਾਂ ਨੂੰ ਕੀ ਦੇਣ ਜਾ ਰਹੀ ਹੈ ਜਾਂ ਜੋ ਲੋਕ ਲੁਭਾਵਣੇ ਵਾਅਦੇ ਵੱਖ-ਵੱਖ ਪਾਰਟੀਆਂ ਦੇ ਚੋਣ ਮਨੋਰਥ ਪੱਤਰਾਂ ’ਚ ਉਨ੍ਹਾਂ ਦੇ ਆਗੂਆਂ ਨੇ ਕੀਤੇ ਸਨ, ਉਹ ਸਿਰਫ ਜ਼ੁਬਾਨੀ ਜਮ੍ਹਾਂ-ਖਰਚ ਹੀ ਸਨ ਜਾਂ ਉਨ੍ਹਾਂ ਨੂੰ ਅਮਲੀਜਾਮਾ ਪਹਿਨਾਉਣ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ।

ਇਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਦੌਰਾਨ ਮੀਡੀਆ ਤਾਂ ਕੰਟਰੋਲ ’ਚ ਰਿਹਾ ਪਰ ਆਨਲਾਈਨ ਸੋਸ਼ਲ ਮੀਡੀਆ ’ਤੇ ਕਈ ਫੇਕ ਵੀਡੀਓ ਅਤੇ ਇੰਟਰਵਿਊ ਆਦਿ ਪ੍ਰਸਾਰਿਤ ਹੁੰਦੇ ਰਹੇ, ਜਿਨ੍ਹਾਂ ਨਾਲ ਭਰਮ ਵੀ ਪੈਦਾ ਹੋਏ, ਇਸ ਲਈ ਭਵਿੱਖ ’ਚ ਇਸ ’ਤੇ ਰੋਕ ਲਾਉਣ ਲਈ ਚੋਣ ਕਮਿਸ਼ਨ ਵਲੋਂ ਅਸਰਦਾਰ ਕਦਮ ਉਠਾਉਣ ਦੀ ਲੋੜ ਹੈ।

ਇਸ ਸਾਲ ਵੋਟਿੰਗ ਦੀ ਫੀਸਦੀ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਭਾਰੀ ਗਰਮੀ ਕਾਰਨ ਪਿਛਲੀਆਂ ਚੋਣਾਂ ਦੀ ਤੁਲਨਾ ’ਚ ਘੱਟ ਰਹੀ। ਗਰਮੀ ਕਾਰਨ ਵੱਡੀ ਗਿਣਤੀ ’ਚ ਲੋਕ ਵੋਟਾਂ ਪਾਉਣ ਘਰਾਂ ਤੋਂ ਬਾਹਰ ਹੀ ਨਹੀਂ ਨਿਕਲੇ, ਉੱਥੇ ਹੀ ਵੋਟਾਂ ਪਾਉਣ ਆਏ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ। ਕੁਝ ਲੋਕਾਂ ਦੇ ਬੀਮਾਰ ਹੋਣ ਅਤੇ ਮੌਤ ਦੀ ਵੀ ਖਬਰ ਹੈ।

ਇਸ ਲਈ ਲੋਕਾਂ ਦਾ ਕਹਿਣਾ ਹੈ ਕਿ ਜ਼ਰੂਰੀ ਨਹੀਂ ਹੈ ਕਿ ਚੋਣਾਂ ਮਈ-ਜੂਨ ’ਚ ਹੀ ਕਰਵਾਈਆਂ ਜਾਣ। ਇਹ ਫਰਵਰੀ ਤੋਂ ਅਪ੍ਰੈਲ ਜਾਂ ਸਤੰਬਰ-ਅਕਤੂਬਰ ਦਰਮਿਆਨ ਵੀ ਕਰਵਾਈਆਂ ਜਾ ਸਕਦੀਆਂ ਹਨ ਜਦ ਮੌਸਮ ਕੁਝ ਠੀਕ ਹੁੰਦਾ ਹੈ।

ਜੋ ਵੀ ਹੋਵੇ, ਆਜ਼ਾਦੀ ਦੇ ਹੁਣ ਤੱਕ ਦੇ 77 ਸਾਲਾਂ ਦੇ ਸਫਰ ’ਚ ਦੇਸ਼ ਅੱਗੇ ਵਧ ਰਿਹਾ ਹੈ ਅਤੇ ਇੱਥੇ ਸ਼ਾਂਤੀਪੂਰਨ ਢੰਗ ਨਾਲ ਸੱਤਾ ਤਬਦੀਲੀ ਹੁੰਦੀ ਆ ਰਹੀ ਹੈ। ਦੇਸ਼ ਨੇ ਵੱਖ-ਵੱਖ ਖੇਤਰਾਂ ’ਚ ਤਰੱਕੀ ਵੀ ਕੀਤੀ ਹੈ ਪਰ ਇਸ ਦੇ ਨਾਲ ਹੀ ਇੱਥੇ ਬੇਰੋਜ਼ਗਾਰੀ ਵਧ ਗਈ ਹੈ। ਕਾਨੂੰਨ ਵਿਵਸਥਾ ਠੱਪ ਹੋਣ ਕਾਰਨ ਲੁੱਟ-ਖਸੁੱਟ ਜਾਰੀ ਹੈ। ਸੜਕ ਅਤੇ ਰੇਲ ਹਾਦਸਿਆਂ ’ਚ ਲੋਕਾਂ ਦੀਆਂ ਮੌਤਾਂ ਵੀ ਹੋ ਰਹੀਆਂ ਹਨ।

ਇਸ ਹਾਲਤ ’ਚ ਸਾਡੀ ਤਾਂ ਬਸ ਇਕ ਹੀ ਪ੍ਰਾਰਥਨਾ ਹੈ ਕਿ ਜਿਹੜੀ ਵੀ ਪਾਰਟੀ ਸੱਤਾ ’ਚ ਆਵੇ ਕੁਝ ਕਰ ਜਾਏ ਅਤੇ ਤੁਸੀਂ ਵੀ ਵੋਟ ਜ਼ਰੂਰ ਪਾਓ ਕਿਉਂਕਿ ਲੋਕਤੰਤਰ ਦੇ ਮਹਾਨ ਤਿਉਹਾਰ ਦੀ ਇਹ ਸਭ ਤੋਂ ਵੱਡੀ ਰਸਮ ਹੈ।

ਜੈ ਭਾਰਤ... ਮੇਰਾ ਭਾਰਤ ਮਹਾਨ... ਜੀਵੇ ਹਿੰਦੁਸਤਾਨ।

-ਵਿਜੇ ਕੁਮਾਰ


author

Harpreet SIngh

Content Editor

Related News