ਕੁਝ ਵਿਅਕਤੀਆਂ ਨੇ 3 ਨੌਜਵਾਨਾਂ ’ਤੇ ਚਲਾਈਆਂ ਗੋਲੀਆਂ
Wednesday, Apr 30, 2025 - 04:42 PM (IST)

ਬਟਾਲਾ (ਬੇਰੀ) : ਬੀਤੀ ਦੇਰ ਰਾਤ ਸਥਾਨਕ ਪ੍ਰੇਮ ਨਗਰ ਬੋਹੜਾਵਾਲ ’ਚ ਕੁਝ ਵਿਅਕਤੀਆਂ ਵੱਲੋਂ 3 ਨੌਜਵਾਨਾਂ ’ਤੇ ਗੋਲੀ ਚਲਾ ਦਿੱਤੀ ਗਈ, ਜਿਸਦੇ ਚੱਲਦਿਆਂ ਉਕਤ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਇਸ ਸਬੰਧੀ ਡੀ. ਐੱਸ. ਪੀ. ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਗਾਂਧੀ ਕੈਂਪ ’ਚ ਇਕ ਧਿਰ ਦੇ ਵਿਅਕਤੀਆਂ ਵੱਲੋਂ ਦੂਜੀ ਧਿਰ ’ਤੇ ਵਿਅਕਤੀਆਂ ’ਤੇ ਗੋਲੀ ਚਲਾਈ ਗਈ ਸੀ, ਜਿਸ ਸਬੰਧੀ ਪੁਲਸ ਵੱਲੋਂ ਥਾਣਾ ਸਿਵਲ ਲਾਈਨ ’ਚ ਕੇਸ ਦਰਜ ਵੀ ਕੀਤਾ ਗਿਆ ਸੀ ਅਤੇ ਬੀਤੇ ਦਿਨ ਪੁਲਸ ਨੇ ਇਸ ਮਾਮਲੇ ’ਚ ਸ਼ਾਮਲ ਇਕ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਬੀਤੀ ਦੇਰ ਰਾਤ ਫਿਰ ਕੁਝ ਵਿਅਕਤੀਆਂ ਵੱਲੋਂ 3 ਨੌਜਵਾਨਾਂ ’ਤੇ ਗੋਲੀ ਚਲਾਈ ਗਈ ਹੈ, ਜਿਸ ਵਿਚ ਉਕਤ ਨੌਜਵਾਨ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਗੋਲੀ ਚਲਾਉਣ ਵਾਲੇ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ, ਜਦਕਿ ਜ਼ਖਮੀ ਨੌਜਵਾਨਾਂ ਨੂੰ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਇਲਾਜ ਲਈ ਸਿਵਲ ਹਸਪਤਾਲ ਬਟਾਲਾ ’ਚ ਦਾਖਲ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਜ਼ਖਮੀ ਨੌਜਵਾਨਾਂ ਦੀ ਪਛਾਣ ਸੁਖਚੈਨ ਸਿੰਘ, ਕਰਨ ਅਤੇ ਮਨਜਿੰਦਰ ਸਿੰਘ ਵਾਸੀਆਨ ਪ੍ਰੇਮ ਨਗਰ ਬੋਹੜਾਵਾਲ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਮਨਜਿੰਦਰ ਸਿੰਘ ਦੀ ਹਾਲਤ ਗੰਭੀਰ ਦੇਖਦੇ ਹੋਏ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਘਟਨਾਸਥਲ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਗੋਲੀ ਚਲਾਉਣ ਵਾਲੇ ਵਿਅਕਤੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।