ਯੂਨੀਵਰਸਿਟੀ ਦੇ ਲਿਖਤੀ ਸਮਝੌਤਿਆਂ ਤੋਂ ਮੁੱਕਰਨ ’ਤੇ ਕੰਟਰੈਕਟ ਅਧਿਆਪਕ ਮੁਡ਼ ਧਰਨੇ ’ਤੇ

11/15/2018 1:28:44 PM

ਪਟਿਆਲਾ (ਅਲੀ)-ਪੰਜਾਬੀ ਯੂਨੀਵਰਸਿਟੀ ਦੁਆਰਾ ਪਛਡ਼ੇ ਇਲਾਕਿਆਂ ਵਿਚ ਖੋਲ੍ਹੇ 14 ਕਾਂਸਟੀਚੂਐਂਟ ਕਾਲਜਾਂ ਦੇ ਕੰਟਰੈਕਟ ਅਧਿਆਪਕ ਮੁਡ਼ ਧਰਨੇ ’ਤੇ ਚਲੇ ਗਏ ਹਨ। ਯੂਨੀਵਰਸਿਟੀ ਕਾਲਜ ਘਨੌਰ ਦੇ ਪੁਕਟਾ ਬੁਲਾਰੇ ਨੇ ਦੱਸਿਆ ਕਿ ਯੂਨੀਵਰਸਿਟੀ ਨੇ 16 ਅਕਤੂਬਰ ਨੂੰ ਹਡ਼ਤਾਲੀ ਅਧਿਆਪਕਾਂ ਨਾਲ ਪੂਰੀ ਤਨਖਾਹ ਦੇਣ ਦਾ ਲਿਖਤੀ ਸਮਝੌਤਾ ਕੀਤਾ ਸੀ। ਯੂਨੀਵਰਸਿਟੀ ਪ੍ਰਸ਼ਾਸਨ ਨੇ ਇਹ ਵਿਸ਼ਵਾਸ ਦਿਵਾਇਆ ਸੀ ਕਿ ਇਸ ਸਮਝੌਤੇ ਨੂੰ 12 ਨਵੰਬਰ ਨੂੰ ਹੋਣ ਵਾਲੀ ਸਿੰਡੀਕੇਟ ਮੀਟਿੰਗ ਵਿਚ ਅਮਲੀ ਜਾਮਾ ਪਹਿਨਾ ਦਿੱਤਾ ਜਾਵੇਗਾ। ਹਮੇਸ਼ਾ ਵਾਂਗ ਇਸ ਵਾਰ ਵੀ ਯੂਨੀਵਰਸਿਟੀ ਨੇ ਅਧਿਆਪਕਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ। ਇੱਥੋਂ ਤੱਕ ਕਿ ਪਿਛਲੀ 9 ਅਕਤੂਬਰ ਨੂੰ ਹੋਈ ਸਿੰਡੀਕੇਟ ਦੀ ਮੀਟਿੰਗ ਵਿਚ ਕੀਤੇ ਗਏ ਫੈਸਲੇ ਵੀ ਲਾਗੂ ਨਹੀਂ ਕੀਤੇ ਗਏ ਜਿਸ ਕਾਰਨ ਅਧਿਆਪਕ ਮੰਗਾਂ ਮਨਵਾਉਣ ਖ਼ਾਤਰ ਮੁਡ਼ ਧਰਨੇ ’ਤੇ ਬੈਠ ਗਏ ਹਨ। ਜ਼ਿਕਰਯੋਗ ਹੈ ਕਿ ਪਛਡ਼ੇ ਇਲਾਕਿਆਂ ਵਿਚ ਖੁੱਲ੍ਹੇ ਇਨ੍ਹਾਂ ਕਾਲਜਾਂ ਨੂੰ ਸਰਕਾਰ ਵਿਸ਼ੇਸ਼ ਤੌਰ ’ਤੇ ਗ੍ਰਾਂਟਸ ਦੇ ਰਹੀ ਹੈ। ਯੂਨੀਵਰਸਿਟੀ ਇਨ੍ਹਾਂ ਗ੍ਰਾਂਟਸ ਨੂੰ ਕਾਲਜਾਂ ’ਤੇ ਲਾਉਣ ਦੀ ਬਜਾਏ ਯੂਨੀਵਰਸਿਟੀ ਦੇ ਬੁੱਤੇ ਸਾਰਨ ਲਈ ਵਰਤਦੀ ਹੈ। ਯੂਨੀਵਰਸਿਟੀ ਦੇ ਇਸ ਵਰਤਾਰੇ ਕਾਰਨ ਇਸ ਦਾ ਖਮਿਆਜ਼ਾ ਪੇਂਡੂ ਖੇਤਰ ਦੇ ਪਡ਼੍ਹ ਰਹੇ ਬੱਚਿਆਂ ਨੂੰ ਭੁਗਤਣਾ ਪੈ ਰਿਹਾ ਹੈ। ਵਰਣਨਯੋਗ ਹੈ ਕਿ ਅਗਲੇ 15 ਦਿਨਾਂ ਬਾਅਦ ਇਨ੍ਹਾਂ ਬੱਚਿਆਂ ਦੇ ਪੱਕੇ ਪੇਪਰ ਹੋਣ ਜਾ ਰਹੇ ਹਨ।


Related News