ਕਾਂਗਰਸ ਲਿਖਤੀ ਰੂਪ ’ਚ ਦੇਵੇ ਕਿ ਉਹ ਧਰਮ ਦੇ ਆਧਾਰ ’ਤੇ ਨਹੀਂ ਦੇਵੇਗੀ ਰਾਖਵਾਂਕਰਨ : ਮੋਦੀ
Wednesday, May 01, 2024 - 08:28 PM (IST)
ਬਨਾਸਕਾਂਠਾ (ਗੁਜਰਾਤ), (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਕਾਂਗਰਸ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਦੇਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਾਂਗਰਸ ਤੇ ਉਸ ਦੇ ਗੱਠਜੋੜ ’ਚ ਸ਼ਾਮਲ ਲੋਕਾਂ ਨੂੰ ਲਿਖਤੀ ਰੂਪ ’ਚ ਇਹ ਗਾਰੰਟੀ ਦੇਣ ਦੀ ਚੁਣੌਤੀ ਦਿੱਤੀ ਕਿ ਉਹ ਅਜਿਹਾ ਕਦੇ ਨਹੀਂ ਕਰਨਗੇ।
ਗੁਜਰਾਤ ’ਚ ਲੋਕ ਸਭਾ ਚੋਣਾਂ ਲਈ ਪੋਲਿੰਗ ਤੋਂ ਪਹਿਲਾਂ ਬਨਾਸਕਾਂਠਾ ਜ਼ਿਲੇ ਦੇ ਦੀਸਾ ਸ਼ਹਿਰ ’ਚ ਆਯੋਜਿਤ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਜਦੋਂ ਤਕ ਉਹ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਸੱਤਾ ਵਿਚ ਹਨ, ਅਨੁਸੂਚਿਤ ਜਾਤੀ (ਐੱਸ. ਸੀ.), ਅਨੁਸੂਚਿਤ ਜਨਜਾਤੀ (ਐੱਸ. ਟੀ.), ਹੋਰ ਪੱਛੜਿਆ ਵਰਗ (ਓ. ਬੀ. ਸੀ.) ਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਨੌਕਰੀਆਂ ਅਤੇ ਸਿੱਖਿਆ ਵਿਚ ਦਿੱਤੇ ਗਏ ਰਾਖਵੇਂਕਰਨ ਦੀ ਰਾਖੀ ਕੀਤੀ ਜਾਵੇਗੀ।
ਭਾਜਪਾ ਦੇ ਮਹਾਨ ਨੇਤਾ ਨੇ ਜ਼ੋਰ ਦੇ ਕੇ ਕਿਹਾ,‘‘ਮੈਂ ਕਾਂਗਰਸ ਦੇ ਸ਼ਹਿਜ਼ਾਦੇ (ਰਾਹੁਲ ਗਾਂਧੀ ਵੱਲ ਇਸ਼ਾਰਾ ਕਰਦੇ ਹੋਏ) ਦੇ ਨਾਲ-ਨਾਲ ਉਨ੍ਹਾਂ ਦੀ ਪਾਰਟੀ ਤੇ ਸਮਰਥਕਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਐਲਾਨ ਕਰਨ ਕਿ ਕਦੇ ਵੀ ਧਰਮ ਦੇ ਨਾਂ ’ਤੇ ਰਾਖਵੇਂਕਰਨ ਦੀ ਦੁਰਵਰਤੋਂ ਨਹੀਂ ਕਰਾਂਗੇ, ਨਾ ਹੀ ਕਦੇ ਸੰਵਿਧਾਨ ਨਾਲ ਖਿਲਵਾੜ ਕਰਾਂਗੇ ਅਤੇ ਨਾ ਹੀ ਕਦੇ ਧਰਮ ਦੇ ਨਾਂ ’ਤੇ ਰਾਖਵਾਂਕਰਨ ਦੇਵਾਂਗੇ।’’
ਮੋਦੀ ਨੇ ਕਿਹਾ,‘‘ਕਾਂਗਰਸ ਨੂੰ ਲਿਖ ਕੇ ਦੇਣਾ ਚਾਹੀਦਾ ਹੈ ਕਿ ਉਹ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਨਹੀਂ ਦੇਵੇਗੀ। ਕਾਂਗਰਸ ਤੇ ਇਸ ਦੇ ਲੋਕਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ ਕਿ ਇਹ ਮੋਦੀ ਹੈ। ਜਦੋਂ ਤਕ ਮੋਦੀ ਜ਼ਿੰਦਾ ਹੈ, ਮੈਂ ਤੁਹਾਨੂੰ ਸੰਵਿਧਾਨ ਦੇ ਨਾਂ ’ਤੇ ਰਾਖਵੇਂਕਰਨ ਦੀ ਖੇਡ ਨਹੀਂ ਖੇਡਣ ਦੇਵਾਂਗਾ।’’