ਮੁਹੱਲਾ ਕਲੀਨਿਕਾਂ ਤੋਂ ਬਾਅਦ ਪੰਜਾਬੀਆਂ ਨੂੰ ਸਿਹਤ ਖੇਤਰ ਵਿੱਚ ਜਲਦ ਮਿਲ ਸਕਦੈ ਇਕ ਹੋਰ ਤੋਹਫ਼ਾ

Friday, Jan 13, 2023 - 05:22 PM (IST)

ਪਟਿਆਲਾ : ਪਟਿਆਲਾ ਵਿਖੇ ਧੀਆਂ ਦੀ ਲੋਹੜੀ ਮਨਾਉਣ ਲਈ ਸੂਬਾ ਪੱਧਰੀ ਸਮਾਗਮ 'ਚ ਪਹੁੰਚੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦਾਅਵਾ ਕੀਤਾ ਕਿ ਪੰਜਾਬ 'ਚ ਪਹਿਲਾਂ ਬਣੇ ਆਮ ਆਦਮੀ ਕਲੀਨਿਕਾਂ ਦੀ ਸਫ਼ਲਤਾ ਤੋਂ ਬਾਅਦ ਹੁਣ 500 ਅਜਿਹੇ ਹੋਰ ਮੁਹੱਲਾ ਕਲੀਨਿਕ ਬਣਾਏ ਜਾਣਗੇ ਅਤੇ ਬਾਅਦ 'ਚ ਡੈਂਟਲ ਅਤੇ ਸਪੈਸ਼ਲਿਸਟ ਕਲੀਨਿਕ ਵੀ ਬਣਾਏ ਜਾਣਗੇ। ਡਾ. ਬਲਬੀਰ ਸਿੰਘ ਨੇ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਅਗਲੇ ਇੱਕ ਸਾਲ ਦੇ ਅੰਦਰ-ਅੰਦਰ ਸੂਬੇ 'ਚ ਐਮਰਜੈਂਸੀ ਅਤੇ ਐਂਬੂਲੈਂਸ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਕੇ ਉਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤਾਂ ਕਿ ਸੂਬੇ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ। 

ਇਹ ਵੀ ਪੜ੍ਹੋ-  ਕੀ ਖੰਘ 'ਚ ਬੱਚੇ ਨੂੰ ਰਮ ਜਾਂ ਬਰਾਂਡੀ ਦੇਣੀ ਚਾਹੀਦੀ ਹੈ ? ਜਾਣੋ WHO ਦਾ ਹੈਰਾਨੀਜਨਕ ਖ਼ੁਲਾਸਾ

ਡਾ. ਬਲਬੀਰ ਸਿੰਘ ਅੱਜ ਧੀਆਂ ਦੀ ਲੋਹੜੀ ਮਨਾਉਣ ਲਈ ਇੱਥੇ ਤ੍ਰਿਪੜੀ ਦੇ ਸਿਟੀਜਨ ਵੈਲਫੇਅਰ ਪਾਰਕ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਮੌਕੇ ਧੀਆਂ ਦਾ ਸਨਮਾਨ ਕਰਨ ਪੁੱਜੇ ਹੋਏ ਸਨ।  ਉਨ੍ਹਾਂ ਕਿਹਾ ਹੈ ਕਿ ਪੰਜਾਬ 'ਚ ਇਸ ਸਮੇਂ ਕੁੜੀਆਂ ਦੇ 1000 ਪਿੱਛੇ 926 ਲਿੰਗ ਅਨੁਪਾਤ ਨੂੰ ਅਗਲੇ ਪੰਜ ਸਾਲਾਂ ਅੰਦਰ ਮੁੰਡਿਆਂ ਦੇ ਬਰਾਬਰ ਕਰਨ ਦਾ ਟੀਚਾ ਪੂਰਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੀ ਮੌਜੂਦ ਸਨ। ਸਿਹਤ ਮੰਤਰੀ ਨੇ ਪਟਿਆਲਾ ਜ਼ਿਲ੍ਹੇ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਸਾਲ 2022 'ਚ 1000 ਵਿੱਚੋਂ 989 ਨਾਲ ਪਟਿਆਲਾ ਪੰਜਾਬ ਵਿੱਚ ਕੁੜੀਆਂ ਦੇ ਲਿੰਗ ਅਨੁਪਾਤ ਦੇ ਮਾਮਲੇ 'ਚ ਪਹਿਲੇ ਸਥਾਨ 'ਤੇ ਹੈ ਪਰ ਸਾਨੂੰ ਇਹ ਪ੍ਰਣ ਕਰਨਾ ਪਵੇਗਾ ਕਿ ਇਹ ਅਨੁਪਾਤ ਰਾਜ ਭਰ ਵਿੱਚ ਹੀ ਮੁੰਡਿਆਂ ਦੇ ਬਰਾਬਰ ਹੋਵੇ।

ਇਹ ਵੀ ਪੜ੍ਹੋ- ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਅਸਤ ਘਾਟ ਨੂੰ ਜਾ ਰਿਹਾ ਪਾਣੀ ਹੋਇਆ ਗੰਦਾ, ਜਾਣੋ ਵਜ੍ਹਾ

ਡਾ. ਬਲਬੀਰ ਸਿੰਘ ਨੇ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਘਟ ਰਹੀ ਗਿਣਤੀ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਾਨਵਰਾਂ ਤੇ ਪਸ਼ੂ-ਪੰਛੀਆਂ 'ਚ ਅਜਿਹਾ ਨਹੀਂ ਕਿ ਉਹ ਆਪਣੇ ਬੱਚਿਆਂ 'ਚ ਕੋਈ ਵਿਤਕਰਾ ਕਰਦੇ ਹਨ ਪਰ ਅਸੀਂ ਰੱਬ ਨੂੰ ਮੰਨਣ ਵਾਲੇ ਇਨਸਾਨ ਆਪਣੀਆਂ ਧੀਆਂ ਨੂੰ ਕੁੱਖ 'ਚ ਹੀ ਮਾਰ ਦਿੰਦੇ ਹਾਂ। ਸਾਨੂੰ ਹੁਣ ਧੀਆਂ ਨੂੰ ਬਚਾਉਣ ਲਈ ਹੰਭਲਾ ਮਾਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਧੀਆਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨੇ ਪੈਣਗੇ ਤਾਂ ਹੀ ਸਾਡੀਆਂ ਧੀਆਂ ਆਪਣੇ ਮਾਪਿਆਂ ਤੇ ਸਮਾਜ ਦਾ ਨਾਮ ਉੱਚਾ ਕਰਨਗੀਆਂ।

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ
 


Harnek Seechewal

Content Editor

Related News