ਧੋਖਾਦੇਹੀ ਦੇ ਮਾਮਲੇ ’ਚ 2 ਖ਼ਿਲਾਫ ਮਾਮਲਾ ਦਰਜ
Saturday, Jun 06, 2026 - 05:47 PM (IST)
ਸਮਾਣਾ (ਦਰਦ, ਅਸ਼ੋਕ) : ਬਿਨਾਂ ਦੱਸੇ ਰਾਈਸ ਮਿੱਲ ਦੇ ਬੈਂਕ ਖਾਤੇ ’ਚੋਂ 31.5 ਲੱਖ ਰੁਪਏ ਕੱਢਵਾਉਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ’ਚ ਪੁਲਸ ਨੇ ਰਾਈਸ ਮਿੱਲ ਦੇ 2 ਹੋਰ ਹਿੱਸੇਦਾਰਾਂ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਸੰਗਰੂਰ ਦੇ ਪਿੰਡ ਮਾਨਾ ਧੂਰੀ ਦੇ ਰਹਿਣ ਵਾਲੇ ਜਗਜੀਤ ਸਿੰਘ ਨੇ ਸਦਰ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਹਰਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਨਾਲ ਮਿਲ ਕੇ ਪਿੰਡ ਕੁਲਬੂਰਛਾ ’ਚ 2 ਏਕੜ ਜ਼ਮੀਨ ਖ਼ਰੀਦ ਕੇ ਉਸ ’ਤੇ ਸਾਂਝੇ ਤੌਰ ’ਤੇ ਰਾਈਸ ਮਿੱਲ ਲਾਈ ਸੀ। ਉਸ ’ਚ ਉਸ ਦਾ 50% ਅਤੇ ਬਾਕੀ ਦੋਵਾਂ ਹਿੱਸੇਦਾਰਾਂ ਦਾ ਬਰਾਬਰ ਦਾ ਹਿੱਸਾ ਸੀ। ਮਿੱਲ ਦਾ ਕੰਮ ਚਲਾਉਣ ਲਈ ਆਪਸੀ ਸਹਿਮਤੀ ਨਾਲ ਦੋਵਾਂ ਹਿੱਸੇਦਾਰਾਂ ਨੂੰ ਅਧਿਕਾਰ ਦਿੱਤੇ ਗਏ ਸਨ।
ਇਸ ਦੌਰਾਨ ਉਹ (ਮੁੱਦਈ) ਆਪਣੇ ਨਿੱਜੀ ਕੰਮਾਂ ’ਚ ਰੁਝ ਗਿਆ। ਇਸ ਦਾ ਫ਼ਾਇਦਾ ਉਠਾਉਂਦਿਆਂ ਦੋਵਾਂ ਹਿੱਸੇਦਾਰਾਂ ਨੇ ਬੈਂਕ ਅਤੇ ਗੂਗਲ ਪੇਅ ਰਾਹੀਂ ਸੈਲਰ ਦੇ ਬੈਂਕ ਖਾਤੇ ’ਚੋਂ 31.5 ਲੱਖ ਰੁਪਏ ਕੱਢਵਾ ਲਏ। ਇਸ ਸਬੰਧੀ ਜਦੋਂ ਦੋਵਾਂ ਹਿੱਸੇਦਾਰਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਾਂਚ ਅਧਿਕਾਰੀ ਗੁਰਵਿੰਦਰ ਸਿੰਘ ਅਨੁਸਾਰ ਉੱਚ ਅਧਿਕਾਰੀਆਂ ਦੇ ਮਿਲੇ ਹੁਕਮਾਂ ਅਨੁਸਾਰ ਉਕਤ ਮੁਲਜ਼ਮਾਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
