ਉੱਘੇ ਪੱਤਰਕਾਰ ਸ. ਪਿਆਰਾ ਸਿੰਘ ਨਾਭਾ ਦੇ ਅਕਾਲ ਚਲਾਣੇ ''ਤੇ ਗਹਿਰੇ ਦੁੱਖ ਦਾ ਪ੍ਰਗਟਾਵਾ
Sunday, Jun 21, 2026 - 10:37 AM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ, ਮਨਦੀਪ ਸੈਣੀ, ਸੰਨੀ ਚਾਂਦਪੁਰੀ) ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਅਤੇ ਪੱਤਰਕਾਰੀ ਜਗਤ ਲਈ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪਰਥ ਤੋਂ ਪ੍ਰਕਾਸ਼ਿਤ ਪਹਿਲੇ ਪੰਜਾਬੀ ਅਖ਼ਬਾਰ ਦੇ ਸੰਪਾਦਕ, ਉੱਘੇ ਪੱਤਰਕਾਰ ਅਤੇ ਸਮਾਜ ਸੇਵੀ ਸ. ਪਿਆਰਾ ਸਿੰਘ ਨਾਭਾ ਦਾ ਲੰਬੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਜਾਣ ਨਾਲ ਪੰਜਾਬੀ ਭਾਈਚਾਰੇ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਆਸਟ੍ਰੇਲੀਆ ਭਰ ਵਿੱਚ ਵੱਸਦੇ ਪੰਜਾਬੀ ਭਾਈਚਾਰੇ, ਪੱਤਰਕਾਰਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵਿੱਚ ਡੂੰਘੇ ਦੁੱਖ ਅਤੇ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪੰਜਾਬੀ ਭਾਈਚਾਰੇ ਵੱਲੋਂ ਇਸ ਅਸਹਿ ਤੇ ਅਕਹਿ ਦੁੱਖਦਾਈ ਘੜੀ ਵਿੱਚ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸ. ਪਿਆਰਾ ਸਿੰਘ ਨਾਭਾ ਨੇ ਪਰਥ ਵਿੱਚ ਪੰਜਾਬੀ ਪੱਤਰਕਾਰੀ ਦੀ ਨੀਂਹ ਮਜ਼ਬੂਤ ਕਰਨ ਦੇ ਨਾਲ-ਨਾਲ ਭਾਈਚਾਰੇ ਦੇ ਮਸਲਿਆਂ ਨੂੰ ਨਿਰਪੱਖਤਾ ਨਾਲ ਉਠਾਉਣ ਅਤੇ ਵਿਦੇਸ਼ ਵਿੱਚ ਪੰਜਾਬ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਉਹ ਆਪਣੇ ਨਿਮਰ ਸੁਭਾਅ, ਮਿਲਣਸਾਰ ਸ਼ਖ਼ਸੀਅਤ ਅਤੇ ਲੋਕ ਸੇਵਾ ਪ੍ਰਤੀ ਸਮਰਪਿਤ ਸੋਚ ਕਾਰਨ ਹਰ ਵਰਗ ਵਿੱਚ ਸਤਿਕਾਰੇ ਜਾਂਦੇ ਸਨ। ਮਰਹੂਮ ਸ. ਨਾਭਾ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਪਰਥ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੀ ਅੰਤਿਮ ਅਰਦਾਸ ਅਤੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ 28 ਜੂਨ ਦਿਨ ਐਤਵਾਰ ਨੂੰ ਸਿੱਖ ਗੁਰਦੁਆਰਾ ਸਾਹਿਬ, 10 ਚੈਲਟਨਹੈਮ ਸਟ੍ਰੀਟ, ਬੈਨੇਟ ਸਪ੍ਰਿੰਗਜ਼ (ਵੈਸਟਰਨ ਆਸਟ੍ਰੇਲੀਆ) ਵਿਖੇ ਪਾਏ ਜਾਣਗੇ। ਸ਼ਰਧਾਂਜਲੀ ਸਮਾਗਮ ਸ਼ਾਮ 4 ਤੋਂ 5:30 ਵਜੇ ਤੱਕ ਹੋਵੇਗਾ, ਅੰਤਿਮ ਅਰਦਾਸ ਵਿੱਚ ਆਸਟ੍ਰੇਲੀਆ ਦੇ ਵੱਖ-ਵੱਖ ਸੂਬਿਆਂ ਤੋਂ ਪੱਤਰਕਾਰ, ਸਮਾਜਿਕ ਆਗੂ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਪੰਜਾਬੀ ਭਾਈਚਾਰੇ ਦੇ ਮੈਂਬਰ ਸ਼ਿਰਕਤ ਕਰਕੇ ਮਰਹੂਮ ਪਿਆਰਾ ਸਿੰਘ ਨਾਭਾ ਦੇ ਇਸ ਫਾਨੀ ਸੰਸਾਰ ਤੋਂ ਜਾਣ ਤੇ ਸ਼ਰਧਾਂਜਲੀ ਭੇਟ ਕਰਨਗੇ। ਪਰਿਵਾਰ ਵੱਲੋਂ ਸਮੂਹ ਸੰਗਤਾਂ, ਦੋਸਤਾਂ ਅਤੇ ਸਨੇਹੀਆਂ ਨੂੰ ਸਮਾਗਮ ਵਿੱਚ ਸ਼ਾਮਲ ਹੋ ਕੇ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕਰਨ ਦੀ ਅਪੀਲ ਕੀਤੀ ਗਈ ਹੈ।
ਸ. ਪਿਆਰਾ ਸਿੰਘ ਨਾਭਾ ਦਾ ਵਿਛੋੜਾ ਕੇਵਲ ਇੱਕ ਪੱਤਰਕਾਰ ਦਾ ਨਹੀਂ, ਸਗੋਂ ਪੰਜਾਬੀ ਭਾਈਚਾਰੇ ਦੀ ਇੱਕ ਅਜਿਹੀ ਅਵਾਜ਼ ਦਾ ਹੈ ਜਿਸ ਨੇ ਆਪਣੀ ਕਲਮ ਅਤੇ ਸੇਵਾ ਰਾਹੀਂ ਲੋਕਾਂ ਦੇ ਦਿਲਾਂ ਵਿੱਚ ਵਿਸ਼ੇਸ਼ ਥਾਂ ਬਣਾਈ। ਉਹ ਆਪਣੇ ਪਿੱਛੇ ਇੱਕ ਅਮੀਰ ਪੱਤਰਕਾਰੀ ਵਿਰਸਾ, ਅਣਗਿਣਤ ਯਾਦਾਂ ਅਤੇ ਸੇਵਾ ਦੀ ਪ੍ਰੇਰਣਾ ਦਾਇਕ ਮਿਸਾਲ ਛੱਡ ਗਏ ਹਨ। ਉਨ੍ਹਾਂ ਦੇ ਯੋਗਦਾਨ ਅਤੇ ਸਮਾਜ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਆਸਟ੍ਰੇਲੀਆ ਵਿੱਚ ਵੱਸਦਾ ਪੰਜਾਬੀ ਭਾਈਚਾਰਾ ਲੰਬੇ ਸਮੇਂ ਤੱਕ ਸਤਿਕਾਰ ਨਾਲ ਯਾਦ ਰੱਖੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
