ਪਾਤੜਾਂ ''ਚ ਵੱਡੀ ਵਾਰਦਾਤ, ਦਿਨ ਦਿਹਾੜੇ ਕਿਰਚ ਦਿਖਾ ਕੇ ਕਾਰ ਸਵਾਰ ਨੂੰ ਕੀਤਾ ਅਗਵਾ

08/03/2023 5:20:31 PM

ਪਾਤੜਾਂ (ਮਾਨ) : ਸਥਾਨਕ ਸ਼ਹਿਰ ’ਚ ਦਿਨ-ਦਿਹਾਡ਼ੇ ਲੁੱਟ-ਖੋਹ ਅਤੇ ਕੁੱਟ-ਮਾਰ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਆਮ ਲੋਕਾਂ ’ਚ ਡਰ ਵਾਲਾ ਮਾਹੌਲ ਬਣ ਗਿਆ ਹੈ। ਬੀਤੇ ਦਿਨ ਸ਼ਰੇਆਮ ਸਿਖਰ ਦੁਪਹਿਰੇ ਹੀ ਕਾਰ ਸਵਾਰ ਨੂੰ ਕਿਰਚ ਦਿਖਾ ਕੇ ਅਗਵਾ ਕਰਨ ਉਪਰੰਤ ਸ਼ਹਿਰ ਤੋਂ ਦੂਰ ਲਿਜਾ ਕੇ ਉਸ ਕੋਲੋਂ ਨਕਦੀ ਖੋਹ ਲੈਣ ਦੀ ਹੈਰਾਨ ਕਰਨ ਵਾਲੀ ਘਟਨਾ ਤੋਂ ਬਾਅਦ ਕਾਰ ਸਵਾਰ ਵੱਲੋਂ ਦਿੱਤੀ ਸੂਚਨਾ ਦੇ ਆਧਾਰ ’ਤੇ ਪੁਲਸ ਵੱਲੋਂ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਰਣਜੀਤ ਸਿੰਘ ਪੁੱਤਰ ਸੱਤਪਾਲ ਸਿੰਘ ਵਾਸੀ ਪਿੰਡ ਜੋਗੇਵਾਲਾ ਨੇ ਪੁਲਸ ਨੂੰ ਲਿਖਵਾਏ ਬਿਆਨਾਂ ’ਚ ਦੱਸਿਆ ਕਿ ਦਿਨ ਦੇ ਕਰੀਬ 3 ਵਜੇ ਆਪਣੀ ਕਾਰ ’ਚ ਸਵਾਰ ਹੋ ਕੇ ਅਨਾਜ ਮੰਡੀ ਪਾਤੜਾਂ ਕੋਲ ਜਾ ਰਿਹਾ ਸੀ, ਉਥੇ ਕਾਰ ਅਚਾਨਕ ਬੰਦ ਹੋਣ ਕਰ ਕੇ ਕਾਰ ਨੂੰ ਧੱਕਾ ਲਾਉਣ ਲਈ ਕਿਸੇ ਦੀ ਉਡੀਕ ਕਰਨ ਲੱਗ ਪਿਆ ਤਾਂ ਇਸ ਮੌਕੇ ਕਥਿਤ ਮੁਲਜ਼ਮ ਗੁਰਪ੍ਰੀਤ ਸਿੰਘ ਤੇ ਭਲਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਅਤੇ ਫਿਰ ਕਥਿਤ ਮੁਲਜ਼ਮ ਮੈਸੀ ਤੇ ਹਰਮੀਤ ਸਿੰਘ ਵੀ ਮੋਟਰਸਾਈਕਲ ’ਤੇ ਆ ਗਏ ਅਤੇ ਇਹ ਮੈਨੂੰ ਕਿਰਚ ਦਿਖਾ ਕੇ ਧੱਕੇ ਨਾਲ ਮੂੰਹ ’ਤੇ ਕੱਪੜਾ ਪਾ ਕੇ ਮੋਟਰਸਾਈਕਲ ਉੱਤੇ ਬੈਠਾ ਕੇ ਪਿੰਡ ਜਿਊਣਪੁਰਾ ਵਿਖੇ ਲੈ ਗਏ। ਮੁਹੱਬਤ ਸਿੰਘ ਨਾਲ, ਜੋ 2 ਹੋਰ ਅਣਪਛਾਤੇ ਵਿਅਕਤੀ ਸਨ, ਇਨ੍ਹਾਂ ਨੇ ਰਲ ਕੇ ਮੇਰੀ ਕੁੱਟ-ਮਾਰ ਕੀਤੀ ਅਤੇ 7 ਹਜ਼ਾਰ 300 ਰੁਪਏ ਵੀ ਖੋਹ ਲਏ ਪਰ ਮੈਂ ਕਿਸੇ ਤਰ੍ਹਾਂ ਇਨ੍ਹਾਂ ਤੋਂ ਮੌਕੇ ਤੋਂ ਭੱਜ ਕੇ ਘਰ ਪੁੱਜਾ ਹਾਂ। ਇਸ ਬਾਰੇ ਥਾਣਾ ਪਾਤਡ਼ਾਂ ਦੇ ਮੁਖੀ ਹਰਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਵਾਸੀ ਡੇਰਾ ਅਨੰਦਪੁਰੀਆ ਪਿੰਡ ਨਵਾਗਾਓਂ ਜ਼ਿਲ੍ਹਾ ਸੰਗਰੂਰ, ਭਲਵਾਨ ਨਾਮ ਦਾ ਵਿਅਕਤੀ, ਮੈਸੀ ਵਾਸੀ ਪਿੰਡ ਹਾਮਝੇੜੀ ਥਾਣਾ ਪਾਤੜਾਂ, ਹਰਮੀਤ ਸਿੰਘ ਵਾਸੀ ਪਿੰਡ ਹਾਮਝੇੜੀ, ਮੁਹੱਬਤ ਸਿੰਘ ਪੁੱਤਰ ਵਾਸੀ ਹਰਿਆਉ ਖੁਰਦ ਅਤੇ 2 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਜਲਦ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


Harnek Seechewal

Content Editor

Related News