ਨਸ਼ੀਲੇ ਪਦਾਰਥਾਂ ਮਗਰੋਂ ਹੁਣ ਮਸ਼ਹੂਰ ਰੈਪਰ ਦੇ ਘਰੋਂ ਮਿਲਿਆ ਤੇਂਦੁਏ ਦਾ ਦੰਦ, ਜ਼ਮਾਨਤ ਮਿਲਦੇ ਹੀ ਮੁੜ ਗ੍ਰਿਫ਼ਤਾਰ
Tuesday, Apr 29, 2025 - 12:25 PM (IST)

ਕੋਚੀ- ਪ੍ਰਸਿੱਧ ਮਲਿਆਲਮ ਰੈਪਰ ਅਤੇ ਗੀਤਕਾਰ ਵੇਦਾਨ ਨੂੰ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਇਕ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਜਾਣ ਅਤੇ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਕੁਝ ਘੰਟਿਆਂ ਬਾਅਦ ਜੰਗਲਾਤ ਵਿਭਾਗ ਨੇ ਹਿਰਾਸਤ 'ਚ ਲੈ ਲਿਆ। ਕੇਰਲ ਦੇ ਜੰਗਲਾਤ ਮੰਤਰੀ ਏ.ਕੇ. ਸਸੀਂਦਰਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਵੇਦਾਨ ਦੇ ਕਿਰਾਏ ਦੇ ਘਰ ਦੀ ਤਲਾਸ਼ੀ ਦੌਰਾਨ ਤੇਂਦੁਏ ਦਾ ਦੰਦ ਬਰਾਮਦ ਹੋਇਆ ਅਤੇ ਜੰਗਲਾਤ ਵਿਭਾਗ ਨੇ ਇਸ ਸਬੰਧ 'ਚ ਉਸ ਨੂੰ ਹਿਰਾਸਤ 'ਚ ਲੈ ਲਿਆ ਹੈ। ਮੰਤਰੀ ਨੇ ਕਿਹਾ ਕਿ ਪੁਲਸ ਨੂੰ ਸੋਮਵਾਰ ਨੂੰ ਰੈਪਰ ਦੇ ਕਿਰਾਏ ਦੇ ਘਰ ਦੀ ਤਲਾਸ਼ੀ ਲੈਂਦੇ ਹੋਏ ਤੇਂਦੁਏ ਦਾ ਦੰਦ ਮਿਲਿਆ ਅਤੇ ਜੰਗਲਾਤ ਵਿਭਾਗ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਉਨ੍ਹਾਂ ਦੱਸਿਆ,"ਜਦੋਂ ਇਹ ਪਤਾ ਲੱਗਾ ਕਿ ਇਹ ਤੇਂਦੁਏ ਦਾ ਦੰਦ ਸੀ, ਤਾਂ ਵਿਭਾਗ ਨੇ ਕੇਸ ਦਰਜ ਕੀਤਾ ਅਤੇ ਉਲ ਨੂੰ ਹਿਰਾਸਤ 'ਚ ਲੈ ਲਿਆ। ਇਹ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਤੇਂਦੁਏ ਦਾ ਦੰਦ ਕਿੱਥੋਂ ਮਿਲਿਆ।''
ਮੰਤਰੀ ਨੇ ਕਿਹਾ,''ਜਾਂਚ ਪੂਰੀ ਹੋਣ ਤੋਂ ਬਾਅਦ ਇਕ ਰਿਪੋਰਟ ਅਦਾਲਤ ਦੇ ਸਾਹਮਣੇ ਰੱਖੀ ਜਾਵੇਗੀ। ਅਦਾਲਤ ਮਾਮਲੇ 'ਚ ਫ਼ੈਸਲਾ ਲਵੇਗੀ।'' ਉਨ੍ਹਾਂ ਇਹ ਵੀ ਕਿਹਾ ਕਿ ਵੇਦਾਨ ਬਾਰੇ ਪਿਛਲੇ ਕੁਝ ਸਮੇਂ 'ਚ ਮਿਲੀਆਂ ਕੁਝ ਰਿਪੋਰਟਾਂ ਦੇ ਮੱਦੇਨਜ਼ਰ ਜੰਗਲਾਤ ਵਿਭਾਗ ਦੀ ਸਰਗਰਮ ਸ਼ਾਖਾ ਉਸ 'ਤੇ ਨਜ਼ਰ ਰੱਖੇ ਹੋਏ ਸੀ। ਪੁੱਛ-ਗਿੱਛ ਦੌਰਾਨ ਵੇਦਾਨ ਨੇ ਸ਼ੁਰੂ 'ਚ ਕਿਹਾ ਕਿ ਦੰਦ ਥਾਈਲੈਂਡ ਤੋਂ ਲਿਆਂਦਾ ਗਿਆ ਸੀ ਪਰ ਬਾਅਦ 'ਚ ਦਾਅਵਾ ਕੀਤਾ ਕਿ ਮਈ 2024 'ਚ ਚੇਨਈ 'ਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਉਸ ਦੇ ਇਕ ਪ੍ਰਸ਼ੰਸਕ ਨੇ ਉਸ ਨੂੰ ਤੋਹਫ਼ੇ 'ਚ ਦਿੱਤਾ ਸੀ। ਇਸ ਵਿਚ ਕੋਚੀ ਸ਼ਹਿਰ ਦੇ ਪੁਲਸ ਸੁਪਰਡੈਂਟ ਪੁੱਟਾ ਵਿਮਲਾਦਿਤਿਯ ਨੇ ਕਿਹਾ ਕਿ ਵੇਦਾਨ ਦੇ ਘਰ 'ਤੇ ਮਿਲੇ ਨਸ਼ੀਲੇ ਪਦਾਰਥ ਦੇ ਸਰੋਤ ਨੂੰ ਲੈ ਕੇ ਜਾਂਚ ਅੱਗੇ ਵੱਧ ਰਹੀ ਹੈ। ਵੇਦਾਨ ਦਾ ਮੂਲ ਨਾਂ ਹੀਰਾਦਾਸ ਮੁਰਲੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8