ਯੋਗੀ ਰਾਜ ’ਚ ‘ਜ਼ੀਰੋ ਦੰਗਾ’, ਯੂ. ਪੀ. ’ਚ ਅਪਰਾਧ ਦਰ ਰਾਸ਼ਟਰੀ ਔਸਤ ਤੋਂ ਘੱਟ
Wednesday, Oct 01, 2025 - 11:48 PM (IST)

ਲਖਨਊ- ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਦੀ ‘ਭਾਰਤ ’ਚ ਅਪਰਾਧ 2023’ ਰਿਪੋਰਟ ਅਨੁਸਾਰ ਉੱਤਰ ਪ੍ਰਦੇਸ਼ ’ਚ ਫਿਰਕੂ ਤੇ ਧਾਰਮਿਕ ਦੰਗਿਆਂ ਦੀ ਗਿਣਤੀ ਜ਼ੀਰੋ ਰਹੀ। ਇਹ ਯੋਗੀ ਆਦਿੱਤਿਆਨਾਥ ਦੀ ‘ਜ਼ੀਰੋ ਟਾਲਰੈਂਸ’ ਨੀਤੀ ਦਾ ਨਤੀਜਾ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਉੱਤਰ ਪ੍ਰਦੇਸ਼ ’ਚ ਕੁੱਲ ਅਪਰਾਧ ਦਰ ਰਾਸ਼ਟਰੀ ਔਸਤ ਤੋਂ 25 ਫੀਸਦੀ ਘੱਟ ਸੀ, ਜੋ 448.3 ਦੇ ਮੁਕਾਬਲੇ 335.3 ਸੀ। ਐੱਨ. ਸੀ. ਆਰ. ਬੀ. ਦੇ ਅੰਕੜੇ ਦਰਸਾਉਂਦੇ ਹਨ ਕਿ 2017 ਤੋਂ ਬਾਅਦ ਸੂਬੇ ’ਚ ਕੋਈ ਵੱਡਾ ਦੰਗਾ ਨਹੀਂ ਹੋਇਆ।
ਬਰੇਲੀ ਤੇ ਬਹਿਰਾਈਚ ’ਚ 2 ਹਿੰਸਕ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੂੰ 24 ਘੰਟਿਆਂ ਅੰਦਰ ਕਾਬੂ ਹੇਠ ਕਰ ਲਿਆ ਗਿਆ। ਦੰਗੇ, ਅਗਵਾ ਤੇ ਡਕੈਤੀ ਵਰਗੇ ਗੰਭੀਰ ਅਪਰਾਧ ਸਬੰਧੀ ਮਾਮਲੇ ਉੱਤਰ ਪ੍ਰਦੇਸ਼ ’ਚ ਰਾਸ਼ਟਰੀ ਔਸਤ ਨਾਲੋਂ ਘੱਟ ਦਰਜ ਕੀਤੇ ਗਏ। ਉਦਾਹਰਣ ਵਜੋਂ ਦੰਗਿਆਂ ਦੇ ਮਾਮਲਿਆਂ ’ਚ ਭਾਰਤ ’ਚ 39,260 ਮਾਮਲੇ ਦਰਜ ਕੀਤੇ ਗਏ । ਇੱਥੇ ਅਪਰਾਧ ਦਰ 2.8 ਸੀ ਜਦੋਂ ਕਿ ਉੱਤਰ ਪ੍ਰਦੇਸ਼ ’ਚ ਸਿਰਫ਼ 3160 ਮਾਮਲੇ ਦਰਜ ਕੀਤੇ ਗਏ ਤੇ ਇੱਥੇ ਅਪਰਾਧ ਦਰ 1.3 ਸੀ।
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਪਾਰਦਰਸ਼ੀ ਰਾਜ ਤੇ ਸਖ਼ਤ ਕਾਨੂੰਨੀ ਕਾਰਵਾਈ ਨੇ ਅਪਰਾਧਾਂ ਨੂੰ ਕਾਬੂ ਹੇਠ ਲਿਆਂਦਾ ਹੈ। ਉਕਤ ਰਿਪੋਰਟ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਉੱਤਰ ਪ੍ਰਦੇਸ਼ ’ਚ ਸ਼ਾਂਤੀ ਤੇ ਸੁਰੱਖਿਆ ਲਈ ਸਖ਼ਤ ਨੀਤੀਆਂ ਪ੍ਰਭਾਵਸ਼ਾਲੀ ਰਹੀਆਂ ਹਨ। ਉੱਤਰ ਪ੍ਰਦੇਸ਼ ਸਰਕਾਰ ਦੀ ਇਹ ਪ੍ਰਾਪਤੀ ਨਾ ਸਿਰਫ਼ ਸੂਬੇ ਲਈ ਮਾਣ ਵਾਲੀ ਗੱਲ ਹੈ, ਸਗੋਂ ਦੂਜੇ ਸੂਬਿਆਂ ਲਈ ਪ੍ਰੇਰਨਾ ਵੀ ਹੈ।